ਫ਼ਤਹਿਗੜ੍ਹ ਸਾਹਿਬ, 29 ਮਾਰਚ (ਰਾਜਿੰਦਰ ਸਿੰਘ)-ਕਣਕ ਦੀ ਕਟਾਈ ਤੋਂ ਬਾਅਦ ਨਾੜ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਰੋਕਣ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਮੁੱਖ ਖੇਤੀਬਾੜੀ ਅਫ਼ਸਰ ਜਗਦੇਵ ਸਿੰਘ ਵਲੋਂ ਮੋਬਾਈਲ ਵੈਨ ਨੂੰ ਰਵਾਨਾ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਸੀ.ਆਰ.ਐਮ ਸਕੀਮ ਚਲਾਈ ਜਾ ਰਹੀ ਹੈ, ਜਿਸ ਤਹਿਤ ਵਿਭਾਗ ਵਲੋਂ ਵੱਖ-ਵੱਖ ਗਤੀਵਿਧੀਆਂ ਤਹਿਤ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਤਾਂ ਕਿ ਪ੍ਰਦੂਸ਼ਣ ਦੀ ਸਮੱਸਿਆ ਨੂੰ ਹੱਲ ਕੀਤਾ ਜਾ ਸਕੇ | ਮੁੱਖ ਖੇਤੀਬਾੜੀ ਅਫ਼ਸਰ ਨੇ ਅੱਗੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਸ ਸਾਲ ਜ਼ੀਰੋ ਬਰਨਿੰਗ ਦਾ ਟੀਚਾ ਰੱਖਿਆ ਗਿਆ ਹੈ ਜਦਕਿ ਵਿਭਾਗ ਦੇ ਅਧਿਕਾਰੀਆਂ ਵੱਲੋਂ ਪਿੰਡ ਪੱਧਰੀ ਕੈਂਪ ਲਗਾ ਕੇ ਕਣਕ ਦੇ ਨਾੜ ਨੂੰ ਤੂੜੀ ਬਣਾਉਣ ਤੋ ਬਾਅਦ ਖੇਤਾਂ ਵਿਚ ਮਿਲਾਉਣ ਦੀ ਸਿਫ਼ਾਰਿਸ਼ ਕੀਤੀ ਜਾ ਰਹੀ ਹੈ ਤਾਂ ਕਿ ਧਰਤੀ ਦੀ ਉਪਜਾਊ ਸ਼ਕਤੀ ਵਿਚ ਵਾਧਾ ਹੋ ਸਕੇ | ਇਸ ਤੋਂ ਇਲਾਵਾ ਇੰਨ ਸੀਟੂ ਸਕੀਮ ਅਧੀਨ ਆਈ.ਈ.ਸੀ ਕੰਪੋਨੈਂਟ ਤਹਿਤ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਮੋਬਾਈਲ ਵੈਨ ਰਾਹੀਂ 4 ਮਈ ਤੱਕ ਜ਼ਿਲੇ੍ਹ ਦੇ ਸਾਰੇ ਪਿੰਡਾਂ ਵਿਚ ਪ੍ਰਚਾਰ ਕੀਤਾ ਜਾਵੇਗਾ | ਇਸ ਮੌਕੇ ਦਮਨ ਝਾਂਜੀ ਖੇਤੀਬਾੜੀ ਵਿਕਾਸ ਅਫ਼ਸਰ, ਅਭਿਸ਼ੇਕ ਵੈਦ ਸਹਾਇਕ ਖੇਤੀਬਾੜੀ ਇੰਜ ਤੇ ਹੋਰ ਅਧਿਕਾਰੀ ਤੇ ਕਰਮਚਾਰੀ ਵੀ ਹਾਜ਼ਰ ਸਨ |