ਮੰਡੀ ਗੋਬਿੰਦਗੜ੍ਹ, 26 ਮਾਰਚ (ਰਾਜੇਸ਼ ਸ਼ਰਮਾ)-ਉਦਯੋਗਿਕ ਸ਼ਹਿਰ ਮੰਡੀ ਗੋਬਿੰਦਗੜ੍ਹ ਦੇ ਨਿਵਾਸੀ ਇਕਬਾਲਦੀਪ ਸੰਧੂ ਵਲੋਂ ਬਾਲੀਵੁੱਡ ਫ਼ਿਲਮ 'ਧੁਰੰਧਰ 2' ਵਿਚ ਨਿਭਾਈ ਪੁਲਿਸ ਕਰਮੀ ਦੀ ਭੂਮਿਕਾ ਨੇ ਨਾ ਸਿਰਫ਼ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਦਾ ਨਾਮ ਰੌਸ਼ਨ ਕੀਤਾ ਹੈ, ਸਗੋਂ ਪੂਰੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਨੂੰ ਵੀ ਮਾਣ ਮਹਿਸੂਸ ਕਰਵਾਇਆ ਹੈ | ਫ਼ਿਲਮ ਵਿਚ ਆਪਣੀ ਪ੍ਰਭਾਵਸ਼ਾਲੀ ਅਦਾਕਾਰੀ ਨਾਲ ਉਹ ਦਰਸ਼ਕਾਂ ਦੇ ਦਿਲਾਂ 'ਚ ਖ਼ਾਸ ਥਾਂ ਬਣਾਉਣ ਵਿਚ ਕਾਮਯਾਬ ਰਹੇ ਹਨ | ਸ਼ਹਿਰ ਨਿਵਾਸੀਆਂ ਵਿਚ ਫ਼ਿਲਮ ਨੂੰ ਲੈ ਕੇ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਹਰ ਕੋਈ ਸੰਧੂ ਦੀ ਵੱਡੇ ਪਰਦੇ 'ਤੇ ਕੀਤੀ ਅਦਾਕਾਰੀ ਦੀ ਪ੍ਰਸੰਸਾ ਕਰ ਰਿਹਾ ਹੈ | ਉੱਧਰ ਲੋਹਾਨਗਰੀ ਦਾ ਨਾਮ ਬਾਲੀਵੁੱਡ ਤੱਕ ਪਹੁੰਚਾਉਣ 'ਤੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕਰਕੇ ਲੰਮੇ ਸਮੇਂ ਤੋਂ ਮਿਹਨਤ ਕਰ ਰਹੇ ਇਸ ਅਦਾਕਾਰ ਦਾ ਮਾਣ ਵਧਾਇਆ | ਇਸ ਮੌਕੇ ਸ਼ਹਿਰ ਦੀਆਂ ਵੱਖ-ਵੱਖ ਸਮਾਜਿਕ ਅਤੇ ਸੱਭਿਆਚਾਰਕ ਸੰਸਥਾਵਾਂ ਵਲੋਂ ਵੀ ਸੰਧੂ ਨੂੰ ਵਧਾਈ ਸੰਦੇਸ਼ ਭੇਜੇ ਜਾ ਰਹੇ ਹਨ ਅਤੇ ਉਨ੍ਹਾਂ ਦੀ ਇਸ ਉਪਲੱਬਧੀ ਨੂੰ ਸ਼ਹਿਰ ਲਈ ਮਾਣ ਵਾਲੀ ਗੱਲ ਦੱਸਿਆ ਜਾ ਰਿਹਾ ਹੈ | ਨਜ਼ਦੀਕੀ ਭਵਿੱਖ ਵਿਚ ਉਹ ਹੋਰ ਵੱਡੇ ਪ੍ਰੋਜੈਕਟਾਂ ਵਿਚ ਨਜ਼ਰ ਆਉਣਗੇ, ਜਦਕਿ ਬਤੌਰ ਡਾਇਰੈਕਟਰ ਅੱਜ-ਕੱਲ੍ਹ ਉਹ 'ਮਿਸ਼ਨ ਕਲੀਨ' ਨਾਮਕ ਫ਼ਿਲਮ ਦੀ ਸ਼ੂਟਿੰਗ ਵਿਚ ਰੁੱਝੇ ਹੋਏ ਹਨ |