ਸੜੋਆ, 3 ਜੂਨ (ਬਲਵਿੰਦਰ ਨਾਨੋਵਾਲੀਆ)-ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨਛੋਹ ਗੰਗਾ ਖੁਰਾਲਗੜ੍ਹ ਦੀ ਪ੍ਰਬੰਧਕ ਕਮੇਟੀ ਵਲੋਂ ਸਰਬੱਤ ਦੇ ਭਲੇ ਲਈ ਸਮਾਗਮ ਕਰਵਾਇਆ | ਸਮਾਗਮ ਵਿਚ ਵੱਖ-ਵੱਖ ਸੂਬਿਆਂ ਤੋਂ ਵੱਡੀ ਗਿਣਤੀ 'ਚ ਸੰਗਤਾਂ ਨੇ ਸਤਿਗੁਰੂ ਰਵਿਦਾਸ ਵਲੋਂ ਚਲਾਈ ਸ੍ਰੀ ਚਰਨਛੋਹ ਗੰਗਾ ਵਿਚ ਇਸ਼ਨਾਨ ਕੀਤਾ ਅਤੇ ਗੁਰੂ ਘਰ ਵਿਖੇ ਸਜਾਏ ਕੀਰਤਨ ਦੀਵਾਨ ਵਿਚ ਹਾਜ਼ਰੀਆਂ ਭਰ ਕੇ ਜੀਵਨ ਦਾ ਲਾਹਾ ਲਿਆ | ਸਮਾਗਮ ਦੌਰਾਨ ਗੁਰੂ ਘਰ ਦੇ ਕੀਰਤਨੀਏ ਭਾਈ ਕਮਲਰਾਜ ਸਿੰਘ ਗੱਡੂ ਦੇ ਕੀਰਤਨੀ ਜਥੇ ਤੇ ਮਿਸ਼ਨਰੀ ਗਾਇਕ ਗਿਆਨ ਗੰਗਾ ਲੁਧਿਆਣਾ ਵਾਲਿਆਂ ਦੇ ਕੀਰਤਨੀ ਜਥੇ ਸੰਗਤਾਂ ਨੂੰ ਗੁਰਬਾਣੀ ਨਾਲ ਨਿਹਾਲ ਕੀਤਾ | ਇਸ ਮੌਕੇ ਸੰਤ ਸੁਰਿੰਦਰ ਦਾਸ ਪ੍ਰਧਾਨ ਸ੍ਰੀ ਚਰਨਛੋਹ ਗੰਗਾ ਤੇ ਸੰਤ ਕਰਮ ਚੰਦ ਹੈੱਡ ਕੈਸ਼ੀਅਰ ਨੇ ਕਿਹਾ ਕਿ ਮਧੂ ਮੱਖੀਆਂ ਦੀ ਤਰ੍ਹਾਂ ਇਕੱਠੇ ਰਹਿਣ ਨਾਲ ਹੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਗੁਰੂ ਰਵਿਦਾਸ ਆਪਣੀ ਬਾਣੀ ਅੰਦਰ ਵੀ ਸਾਨੂੰ ਇਹ ਸਮਝਾਉਣਾ ਕਰਦੇ ਹਨ, ਕਿ ਸਾਨੂੰ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਆਪਸੀ ਪਿਆਰ ਭਾਵਨਾ ਨਾਲ ਰਹਿਣ ਚਾਹੀਦਾ ਹੈ, ਅਜਿਹਾ ਕਰਨ ਨਾਲ ਸਾਡਾ ਮਨ ਪਵਿੱਤਰ ਹੋ ਜਾਂਦਾ ਹੈ | ਉਨ੍ਹਾਂ ਕਿਹਾ ਕਿ ਅੱਜ ਸਮੇਂ ਦੀ ਮੁੱਖ ਲੋੜ ਹੈ ਕਿ ਅਸੀਂ ਆਪਣੇ ਗੁਰੂਆਂ ਦੀ ਬਾਣੀ ਨੂੰ ਸਰਵਣ ਕਰੀਏ ਤੇ ਸੁਣੀ ਬਾਣੀ ਤੇ ਅਮਲ ਕਰੀਏ | ਇਸ ਮੌਕੇ ਉਨ੍ਹਾਂ ਸਮੂਹ ਸੰਗਤਾਂ ਨੂੰ ਗੁਰੂ ਘਰ ਵਿਖੇ 11, 12 ਜੂਨ ਨੂੰ ਮਨਾਏ ਜਾ ਰਹੇ ਆਦਿ ਧਰਮ ਮੰਡਲ ਦੇ 100 ਸਾਲਾਂ ਸਥਾਪਨਾ ਦਿਵਸ ਸਮਾਗਮਾਂ 'ਚ ਪਰਿਵਾਰ ਸਮੇਤ ਸ਼ਾਮਿਲ ਹੋਣ ਦਾ ਸੱਦਾ ਵੀ ਦਿੱਤਾ | ਇਸ ਮੌਕੇ ਨਾਜ਼ਰ ਰਾਮ ਮਾਨ ਚੇਅਰਮੈਨ, ਸੰਤ ਗਿਰਧਾਰੀ ਲਾਲ, ਸੰਤ ਦਿਆਲ ਚੰਦ ਬੰਗਾ ਪੀ. ਐਲ. ਸੂਦ ਚੀਫ਼ ਮੈਨੇਜਰ, ਸੰਤ ਹਰਬੰਸ ਸਿੰਘ, ਮਨਜੀਤ ਮੁਗੋਵਾਲੀਆ, ਸੋਮ ਨਾਥ, ਜਗਦੀਸ਼ ਦੀਸ਼ਾ ਆਦਿ ਵੀ ਹਾਜ਼ਰ ਸਨ |