ਉੜਾਪੜ/ਲਸਾੜਾ, 3 ਜੂਨ (ਲਖਵੀਰ ਸਿੰਘ ਖੁਰਦ)-ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਡਾ. ਲੇਖ ਰਾਜ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਬਲਾਕ ਖੇਤੀਬਾੜੀ ਅਫਸਰ ਡਾ. ਰਾਜ ਕੁਮਾਰ ਦੀ ਅਗਵਾਈ ਹੇਠ ਚੱਕਦਾਨਾ ਦੇ ਸਰਕਾਰੀ ਹਾਈ ਸਕੂਲ ਵਿਚ ਬੱਚਿਆਂ ਨੂੰ ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਨਾ ਸਾੜਨ ਸੰਬੰਧੀ ਜਾਗਰੂਕ ਕਰਨ ਲਈ ਨੁੱਕੜ ਨਾਟਕ ਕਰਵਾਏ ਗਏ | ਜਿਸ ਵਿਚ ਖੇਤੀਬਾੜੀ ਵਿਸਥਾਰ ਅਫਸਰ ਡਾ. ਮੰਜੂ ਸਾਗਰ ਵਲੋਂ ਕਣਕ ਦੇ ਨਾੜ ਨੂੰ ਸਾੜਣ ਨਾਲ ਹੋਣ ਵਾਲੇ ਨੁਕਸਾਨਾਂ ਦੀ ਬੱਚਿਆਂ ਨੂੰ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ | ਬੱਚਿਆਂ ਨੂੰ ਇਹ ਵੀ ਦੱਸਿਆ ਗਿਆ ਕਿ ਉਹ ਆਪਣੇ ਘਰ ਜਾ ਕੇ ਆਪਣੇ ਮਾਤਾ-ਪਿਤਾ ਤੇ ਆਂਢ ਗੁਆਂਢ ਨੂੰ ਜਾਗਰੂਕ ਕਰਨ ਤਾਂ ਜੋ ਲੋਕਾਂ ਨੂੰ ਨਾੜ ਨਾ ਸਾੜਨ ਦਾ ਸੁਨੇਹਾ ਬੱਚਿਆਂ ਵਲੋਂ ਦਿੱਤਾ ਜਾ ਸਕੇ | ਇਸ ਮੌਕੇ ਅਸਿਸਟੈਂਟ ਟੈਕਨੌਲੋਜੀ ਮੈਨੇਜਰ ਜਸਵਿੰਦਰ ਸਿੰਘ ਨੇ ਬੱਚਿਆਂ ਨੂੰ ਇਸ ਮੁਹਿੰਮ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਨੇ ਨੁਕੜ ਨਾਟਕ ਕਰਨ ਵਾਲੇ ਬੱਚਿਆਂ ਨੂੰ ਇਸ ਸੰਬੰਧੀ ਤਕਨੀਕੀ ਨੁਕਤੇ ਸਮਝਾਏ | ਇਸ ਮੌਕੇ ਸਕੂਲ ਦੇ ਇੰਚਾਰਜ ਮੈਡਮ ਗੁਰਪ੍ਰੀਤ ਕੌਰ ਵਲੋਂ ਵਿਭਾਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਖੇਤੀਬਾੜੀ ਵਿਭਾਗ ਦੇ ਇਸ ਉਪਰਾਲੇ 'ਚ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ | ਨਾਟਕ ਖੇਡਣ ਵਾਲੇ ਬੱਚਿਆਂ ਨੂੰ ਇਨਾਮ ਵੀ ਦਿੱਤੇ ਗਏ |