ਬੰਗਾ, 31 ਮਾਰਚ (ਸੁਰਿੰਦਰ ਸਿੰਘ ਕਰਮ ਲਧਾਣਾ, ਧਰਮਵੀਰ ਪਾਲ)-ਪਿੰਡ ਢਾਹਾਂ ਦੇ ਅਗਾਂਹਵਧੂ ਨੌਜਵਾਨ ਕਿਸਾਨ ਬਲਜੀਤ ਸਿੰਘ ਕੰਗ ਨੂੰ ਦੋ ਕੌਮੀ ਪੁਰਸਕਾਰ ਹਾਸਲ ਹੋਏ ਹਨ | ਇਹ ਪੁਰਸਕਾਰ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਤੇ ਕੁਦਰਤੀ ਖੇਤੀ ਦੇ ਪ੍ਰਸਾਰ 'ਚ ਯੋਗਦਾਨ ਪਾਉਣ ਲਈ ਪ੍ਰਦਾਨ ਕੀਤੇ ਗਏ | ਇਹ ਸਨਮਾਨ ਕੇਂਦਰ ਸਰਕਾਰ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਗਾਜ਼ੀਆਬਾਦ ਦੇ 'ਨੈਚਰਲ ਸੈਂਟਰ ਫ਼ਾਰ ਆਰਗੈਨਿਕ ਐਂਡ ਨੈਚੂਰਲ ਫਾਰਮਿੰਗ' ਵਿਖੇ ਪ੍ਰਦਾਨ ਕੀਤੇ ਗਏ ਹਨ | ਇਸ ਸਨਮਾਨ ਰਸਮ ਸਮੇਂ ਉਕਤ ਸੰਸਥਾ ਦੇ ਡਾਇਰੈਕਟਰ ਰਜਨੀਸ਼ ਸ਼ਰਮਾ ਨੇ ਬਲਜੀਤ ਸਿੰਘ ਦੀਆਂ ਉਕਤ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਇਸ ਨੂੰ ਨੌਜਵਾਨ ਵਰਗ ਲਈ ਵੱਡੀ ਪ੍ਰੇਰਨਾ ਦੱਸਿਆ | ਕਿਸਾਨ ਬਲਜੀਤ ਸਿੰਘ ਦਾ ਕਹਿਣਾ ਸੀ ਕਿ ਰਸਾਇਣਿਕ ਖਾਦਾਂ ਨਾਲ ਪਾਣੀ, ਵਾਤਾਵਰਣ ਤੇ ਭੋਜਨ ਰਾਹੀਂ ਦਰਪੇਸ਼ ਚੁਨੌਤੀਆਂ ਦਾ ਸਾਹਮਣਾ ਕਰਨ ਹਿੱਤ ਸਾਨੂੰ ਕੁਦਰਤੀ ਖੇਤੀ ਵੱਲ ਰੁਚਿਤ ਹੋਣ ਦੀ ਲੋੜ ਹੈ | ਉਹਨਾਂ ਕਿਹਾ ਕਿ ਕੁਦਰਤੀ ਖੇਤੀ ਲਈ ਖੇਤਾਂ ਤੋਂ ਬਿਨਾਂ ਘਰੇਲੂ ਬਗੀਚੀ ਅਤੇ ਮਕਾਨਾਂ ਦੀਆਂ ਛੱਤਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ | ਜ਼ਿਕਰਯੋਗ ਹੈ ਕਿ ਬਲਜੀਤ ਸਿੰਘ ਨੂੰ ਆਰਗੈਨਿਕ ਖੇਤੀ ਖੇਤਰ ਵਿਚ ਵਿਲੱਖਣ ਕਾਰਗੁਜ਼ਾਰੀ ਲਈ ਵਿਧਾਨ ਸਭਾ, ਰਾਜ ਭਵਨ ਅਤੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ | ਉਕਤ ਸਨਮਾਨ ਹਾਸਲ ਕਰਨ ਵਾਲਿਆਂ 'ਚ ਵੱਖ-ਵੱਖ ਸੂਬਿਆਂ ਚੋਂ 11 ਕਿਸਾਨ ਚੁਣੇ ਗਏ ਸਨ ਅਤੇ ਬਲਜੀਤ ਸਿੰਘ ਨੇ ਪੰਜਾਬ ਦੀ ਨੁਮਾਇੰਦਗੀ ਕੀਤੀ |