ਨਵਾਂਸ਼ਹਿਰ, 31 ਮਾਰਚ (ਦੀਦਾਰ ਸਿੰਘ ਸ਼ੇਤਰਾ)-ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਮੁੰਡੇ-ਕੁੜੀਆਂ ਦੇ ਲਿੰਗ ਅਨੁਪਾਤ ਦੇ ਮਾਮਲੇ ਵਿਚ ਕਾਫ਼ੀ ਸੁਧਾਰ ਕੀਤਾ ਹੈ | ਇਸ ਸਬੰਧੀ ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਨੇ ਦੱਸਿਆ ਕਿ ਸਾਲ 2025-26 ਵਿੱਚ ਸ਼ਹੀਦ ਭਗਤ ਸਿੰਘ ਨਗਰ ਵਿੱਚ ਮੁੰਡੇ-ਕੁੜੀਆਂ ਦੇ ਲਿੰਗ ਅਨੁਪਾਤ ਵਿਚ ਕਾਫ਼ੀ ਸੁਧਾਰ ਦਰਜ ਕੀਤਾ ਗਿਆ | ਇਸ ਸਮੇਂ ਦੌਰਾਨ ਜ਼ਿਲ੍ਹੇ ਵਿੱਚ ਮੁੰਡੇ-ਕੁੜੀਆਂ ਦਾ ਲਿੰਗ ਅਨੁਪਾਤ (ਜਨਮ ਦੇ ਸਮੇਂ) ਸੁਧਰ ਕੇ 1000 ਮੁੰਡਿਆਂ ਪਿੱਛੇ 935 ਕੁੜੀਆਂ ਦਰਜ ਕੀਤਾ ਗਿਆ | ਇਹ ਅੰਕੜਾ ਸੂਬਾਈ ਔਸਤ ਤੋਂ ਵੱਧ ਹੈ | ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਭਰੂਣ ਹੱਤਿਆ ਰੋਕਣ ਲਈ ਵਿਸ਼ੇਸ਼ ਤੌਰ 'ਤੇ ਦੋ ਜਾਂ ਤਿੰਨ ਜੀਵਤ ਧੀਆਂ ਵਾਲੇ ਜੋੜਿਆਂ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਤਾਂ ਜੋ ਗਰਭ ਅਵਸਥਾ ਦੌਰਾਨ ਕਿਸੇ ਵੀ ਗੈਰ-ਕਾਨੂੰਨੀ ਗਤੀਵਿਧੀ ਬਾਰੇ ਸਿਹਤ ਵਿਭਾਗ ਨੂੰ ਪਤਾ ਲੱਗ ਸਕੇ ਤੇ ਗਰਭਪਾਤ ਜਿਹੇ ਗ਼ੈਰ-ਕਾਨੂੰਨੀ ਅਮਲ ਨੂੰ ਠੱਲ੍ਹ ਪਾਈ ਜਾ ਸਕੇ | ਡਾ. ਸਿੰਘ ਨੇ ਦੱੱਸਿਆ ਕਿ ਲਿੰਗ ਨਿਰਧਾਰਤ ਟੈਸਟਾਂ ਨੂੰ ਰੋਕਣ ਲਈ ਪੀ. ਸੀ. ਪੀ. ਐੱਨ. ਡੀ. ਟੀ. ਐਕਟ ਨੂੰ ਸਖਤੀ ਲਾਗੂ ਕਰਨ, ਟ੍ਰੈਕਿੰਗ ਸਿਸਟਮ 'ਚ ਲਿਆਉਣ ਲਈ ਪਹਿਲੀ ਤਿਮਾਹੀ ਵਿਚ ਗਰਭਵਤੀ ਔਰਤ ਨੂੰ ਰਜਿਸਟਰਡ ਕਰਨ, ਧੀਆਂ ਦੀ ਸਿਹਤ ਸੁਰੱਖਿਆ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਦੀਆਂ ਮੁਫ਼ਤ ਇਲਾਜ ਵਰਗੀਆਂ ਸਿਹਤ ਸਕੀਮਾਂ ਦਾ ਜਮੀਨੀ ਪੱਧਰ ਤੱਕ ਫਾਇਦਾ ਪਹੁੰਚਾਉਣ, ਬੇਟੀ ਬਚਾਓ-ਬੇਟੀ ਪੜ੍ਹਾਓ ਪ੍ਰੋਗਰਾਮ ਤਹਿਤ ਜਨ-ਜਾਗਰੂਕਤਾ ਅੰਦੋਲਨ ਵਿੱਢਣ, ਪੀ. ਸੀ. ਪੀ. ਐੱਨ. ਡੀ. ਟੀ. ਅਧੀਨ ਧੀਆਂ ਦੀ ਲੋਹੜੀ ਪਾਉਣ, ਨਵਰਾਤਰਿਆਂ ਵਿੱਚ ਤੋਹਫੇ ਦੇ ਕੇ ਧੀਆਂ ਨੂੰ ਸਨਮਾਨਿਤ ਕਰਨ, ਧੀਆਂ ਨੂੰ ਬਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ, ਗੈਰ-ਸਰਕਾਰੀ ਸੰਗਠਨਾਂ ਤੇ ਜ਼ਿਲ੍ਹਾ ਨਿਵਾਸੀਆਂ ਦੇ ਸਿਹਤ ਵਿਭਾਗ ਦੇ ਹਰ ਉਪਰਾਲੇ ਵਿੱਚ ਭਰਪੂਰ ਸਹਿਯੋਗ ਸਦਕਾ ਜਨਮ ਦੇ ਸਮੇਂ ਮੁੰਡੇ-ਕੁੜੀਆਂ ਦੇ ਲਿੰਗ ਅਨੁਪਾਤ ਵਿਚਲਾ ਅੰਤਰ ਕਾਫੀ ਹੱਦ ਤੱਕ ਘਟਿਆ ਹੈ | ਉਹਨਾਂ ਦੱਸਿਆ ਕਿ ਭਰੂਣ ਹੱਤਿਆ ਨੂੰ ਰੋਕਣ ਲਈ ਅਲਟਰਾਸਾਊਾਡ ਸਕੈਨ ਸੈਂਟਰਾਂ ਦੀ ਨਿਰੰਤਰ ਕੀਤੀ ਜਾ ਰਹੀ ਨਿਗਰਾਨੀ ਰੰਗ ਲਿਆਈ ਹੈ | ਡਾ. ਗੁਰਿੰਦਰਜੀਤ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਕੰਨਿਆ ਭਰੂਣ ਹੱਤਿਆ ਨੂੰ ਜੜ੍ਹੋਂ ਖ਼ਤਮ ਕਰਨ ਲਈ ਕਈ ਸਖ਼ਤ ਕਦਮ ਚੁੱਕ ਰਿਹਾ ਹੈ | ਨਵਾਂਸ਼ਹਿਰ ਸੂਬੇ ਦੇ ਉਨ੍ਹਾਂ ਕੁਝ ਜ਼ਿਲਿ੍ਹਆਂ ਦੀ ਸੂਚੀ ਵਿੱਚ ਸ਼ਾਮਿਲ ਹੈ, ਜਿੱਥੇ ਹਰ ਮਹੀਨੇ ਅਲਟਰਾਸਾਊਾਡ ਸਕੈਨ ਸੈਂਟਰਾਂ ਦੀ ਜਾਂਚ ਦੇ ਟੀਚੇ ਨੂੰ 100 ਫ਼ੀਸਦੀ ਮੁਕੰਮਲ ਕੀਤਾ ਜਾਂਦਾ ਰਿਹਾ ਹੈ | ਇਸ ਸਬੰਧੀ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਹਰੀਸ਼ ਕਿਰਪਾਲ ਨੇ ਕਿਹਾ ਕਿ ਧੀਆਂ ਅਤੇ ਪੁੱਤਰਾਂ ਵਿਚ ਕੋਈ ਫਰਕ ਨਹੀਂ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲਿੰਗ ਨਿਧਾਰਣ ਟੈਸਟ ਕਰਨ ਵਾਲੇ ਕੇਂਦਰਾਂ ਵਿਰੁੱਧ ਕਾਰਵਾਈ ਕਰਨ ਲਈ ਪੀ. ਸੀ. ਐਂਡ. ਪੀ. ਐੱਨ. ਡੀ. ਟੀ. ਐਕਟ ਦਰਜ ਹੋਣ 'ਤੇ ਫਰਜ਼ੀ ਮਰੀਜ਼ ਨੂੰ 1ਲੱਖ ਰੁਪਏ ਤੇ ਸੂਚਨਾ ਦੇਣ ਵਾਲੇ ਨੂੰ 50,000 ਰੁਪਏ ਦਾ ਇਨਾਮ ਵੀ ਦਿੱਤਾ ਜਾਂਦਾ ਹੈ |