ਨਵਾਂਸ਼ਹਿਰ, 29 ਮਾਰਚ (ਦੀਦਾਰ ਸਿੰਘ ਸ਼ੇਤਰਾ)-ਸੂਬੇ ਦੀਆਂ ਵਿਦਿਅਕ ਸੰਸਥਾਵਾਂ 'ਚ ਨਾਨ ਬੋਰਡ ਜਮਾਤਾਂ ਦਾ ਸਲਾਨਾ ਨਤੀਜਾ ਐਲਾਨਿਆ ਗਿਆ | ਇਸੇ ਹੀ ਲੜੀ ਤਹਿਤ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪੀ.ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਦਾ ਸਲਾਨਾ ਨਤੀਜਾ ਐਲਾਨਿਆ ਗਿਆ, ਜੋ ਕਿ ਸੌ ਫ਼ੀਸਦੀ ਰਿਹਾ | ਇਸ ਮੌਕੇ ਐਸ.ਐਮ.ਸੀ ਦੇ ਚੇਅਰਮੈਨ ਮਾਸਟਰ ਮਨੋਹਰ ਸਿੰਘ ਨੇ ਬਾਕੀ ਕਮੇਂਟੀ ਮੈਂਬਰਾਂ ਸਮੇਤ ਮੁੱਖ ਮਹਿਮਾਨ ਵੱਜੋਂ ਸ਼ਮੂਲੀਅਤ ਕੀਤੀ | ਸੰਸਥਾ ਦੇ ਮੁੱਖੀ ਡਾ. ਸੁਰਿੰਦਰ ਪਾਲ ਅਗਨੀਹੋਤਰੀ ਨੇ ਚੇਅਰਮੈਨ ਮਨੋਹਰ ਸਿੰਘ ਤੇ ਬਾਕੀ ਕਮੇਂਟੀ ਮੈਂਬਰਾਂ ਨੂੰ ਜੀ ਆਇਆਂ ਕਿਹਾ | ਪਿ੍ੰਸੀਪਲ ਨੇ ਸੈਸ਼ਨ 2025-26 ਦਾ ਸਲਾਨਾ ਲੇਖਾ-ਜੋਖਾ ਬੱਚਿਆਂ ਦੇ ਮਾਪਿਆਂ ਨਾਲ ਸਾਂਝਾ ਕੀਤਾ | ਇਸ ਮੌਕੇ ਵਿਦਿਅਕ ਸੈਸ਼ਨ ਦੌਰਾਨ ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ | ਮੰਚ ਦਾ ਸੰਚਾਲਨ ਮਨਮੋਹਨ ਸਿੰਘ ਨੇ ਕੀਤਾ | ਨਵੀਆਂ ਜਮਾਤਾਂ ਵਿਚ ਪ੍ਰਵੇਸ਼ ਕਰਨ ਵਾਲੇ ਬੱਚਿਆਂ ਨੂੰ ਮੌਕੇ 'ਤੇ ਮੁਫ਼ਤ ਕਿਤਾਬਾਂ ਦਿੱਤੀਆਂ ਗਈਆਂ | ਇਸ ਮੌਕੇ ਬੱਚਿਆਂ ਦੇ ਨਾਲ ਸਕੂਲ ਦਾ ਸਮੂਹ ਸਟਾਫ਼ ਵੀ ਹਾਜ਼ਰ ਸੀ |