ਨਵਾਂਸ਼ਹਿਰ, 26 ਮਾਰਚ (ਜਸਬੀਰ ਸਿੰਘ ਨੂਰਪੁਰ)-ਕੇ. ਸੀ. ਪਬਲਿਕ ਸਕੂਲ ਵਿਖੇ ਸੀ.ਬੀ.ਐਸ.ਈ ਬੋਰਡ ਵਲੋਂ ਮਾਨਸਿਕ ਵਿਕਾਸ, ਹੱਲ ਤੇ ਸਿਹਤਮੰਦ ਸਿਹਤ ਬਾਰੇ ਇਕ ਰੋਜ਼ਾ ਵਰਕਸ਼ਾਪ ਕਰਵਾਈ ਗਈ, ਜਿਸ ਵਿਚ ਵੱਖ-ਵੱਖ ਸਕੂਲਾਂ ਦੇ ਕਰੀਬ 50 ਅਧਿਆਪਕਾਂ ਨੇ ਹਿੱਸਾ ਲਿਆ | ਸਾਰੇ ਅਧਿਆਪਕਾਂ ਨੂੰ ਬੱਚਿਆਂ ਦੀ ਮਾਨਸਿਕਤਾ ਨੂੰ ਵਿਕਸਤ ਕਰਨ ਅਤੇ ਸਿਹਤਮੰਦ ਜੀਵਨ ਸ਼ੈਲੀ ਬਣਾਈ ਰੱਖਣ ਦੇ ਉਦੇਸ਼ ਨਾਲ ਕੀਤੀਆਂ ਗਈਆਂ ਗਤੀਵਿਧੀਆਂ ਰਾਹੀਂ ਸਿੱਖਿਆ ਦਿੱਤੀ ਗਈ | ਪ੍ਰੋਗਰਾਮ ਦੇ ਰਿਸੋਰਸ ਪਰਸਨ ਜਲੰਧਰ ਦੇ ਮਿੰਟਗੁਮਰੀ ਸਕੂਲ ਤੋਂ ਮਨਮੀਤ ਅਤੇ ਰੇਨੇਸੈਂਸ ਕਾਨਵੈਂਟ ਸਕੂਲ ਲੁਧਿਆਣਾ ਦੀ ਪਿ੍ੰਸੀਪਲ ਕਿਰਨ ਸ਼ਰਮਾ ਰਹੇ | ਉਨ੍ਹਾਂ ਦਾ ਸੁਆਗਤ ਕੇ.ਸੀ ਗਰੁੱਪ ਦੇ ਕੈਪਟਨ ਅਤੇ ਸੀ.ਈ.ਓ ਅਸ਼ਵਨੀ ਦੱਤਾ, ਕੇ.ਸੀ ਪਬਲਿਕ ਸਕੂਲ ਪਿ੍ੰ. ਰੰਜਨਾ ਖੰਨਾ ਅਤੇ ਪ੍ਰੋਗਰਾਮ ਕੋਆਰਡੀਨੇਟਰ ਕੁਸੁਮ ਨੇ ਸਟਾਫ ਦੇ ਨਾਲ ਕੀਤਾ | ਰਿਸੋਰਸ ਪਰਸਨ ਮਨਮੀਤ ਨੇ ਸਮਝਾਇਆ ਕਿ ਮਾਨਸਿਕ ਬਿਮਾਰੀ ਦੇ ਮੁੱਖ ਲੱਛਣਾਂ ਵਿੱਚ ਲਗਾਤਾਰ ਉਦਾਸੀ, ਬਹੁਤ ਜ਼ਿਆਦਾ ਚਿੰਤਾ ਜਾਂ ਡਰ, ਸਮਾਜਿਕ ਇਕੱਲਾ ਪਨ, ਨੀਂਦ ਜਾਂ ਭੁੱਖ 'ਚ ਮਹੱਤਵਪੂਰਨ ਤਬਦੀਲੀਆਂ ਅਤੇ ਕੰਮ/ਅਧਿਐਨ 'ਤੇ ਧਿਆਨ ਕੇਂਦਰਿਤ ਕਰਨ ਵਿੱਚ ਅਸਮਰੱਥਾ ਸ਼ਾਮਲ ਹੈ | ਇਹ ਨਿਸ਼ਾਨੀ ਮੂਡ, ਵਿਵਹਾਰ ਅਤੇ ਸੋਚ 'ਚ ਗੰਭੀਰ ਤਬਦੀਲੀਆਂ ਨੂੰ ਦਰਸਾਉਂਦੇ ਹਨ ਜੋ ਰੋਜ਼ਾਨਾ ਜੀਵਨ ਨੂੰ ਪ੍ਰਭਾਵਿਤ ਕਰਦੇ ਹਨ | ਸੀ.ਈ.ਓ ਅਸ਼ਵਨੀ ਦੱਤਾ ਨੇ ਸਮਝਾਇਆ ਕਿ ਇਸ ਮੁਕਾਬਲੇ ਦੇ ਯੁੱਗ ਵਿੱਚ, ਸਾਡੇ ਬੱਚਿਆਂ ਦੀ ਮਾਨਸਿਕ ਸਿਹਤ ਅਤੇ ਭਾਵਨਾਤਮਕ ਤੰਦਰੁਸਤੀ ਸਭ ਤੋਂ ਮਹੱਤਵਪੂਰਨ ਹੈ | ਵਰਕਸ਼ਾਪ 'ਚ ਅਧਿਆਪਕਾਂ ਅਤੇ ਰਿਸੋਰਸ ਪਰਸਨ ਨੇ ਦੱਸਿਆ ਕਿ ਮਾਨਸਿਕ ਬਿਮਾਰੀ ਨਸ਼ੇ ਕਾਰਨ ਹੁੰਦੀ ਹੈ, ਜਦੋਂ ਕਿ ਨਸ਼ਾ ਬੇਰੁਜ਼ਗਾਰੀ ਕਾਰਨ ਹੁੰਦਾ ਹੈ | ਨੌਜਵਾਨ ਬੇਰੁਜ਼ਗਾਰ ਹਨ ਕਿਉਂਕਿ ਉਨ੍ਹਾਂ ਨੂੰ ਆਪਣੀ ਪਸੰਦ ਦੀਆਂ ਨੌਕਰੀਆਂ ਨਹੀਂ ਮਿਲਦੀਆਂ ਹਾਲਾਂ ਕਿ, ਜੇਕਰ ਮਾਪਿਆਂ ਨੂੰ ਛੋਟੀ ਉਮਰ 'ਚ ਬੱਚਿਆਂ ਦੇ ਹੁਨਰਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ, ਤਾਂ ਉਹ ਆਪਣੀ ਪਸੰਦ ਦਾ ਰੁਜ਼ਗਾਰ ਪ੍ਰਾਪਤ ਕਰ ਸਕਦੇ ਹਨ | ਇਸ ਲਈ, ਸਕੂਲ ਅਧਿਆਪਕਾਂ ਅਤੇ ਪਿ੍ੰਸੀਪਲਾਂ ਦੀ ਭੂਮਿਕਾ ਮਹੱਤਵਪੂਰਨ ਹੋਵੇਗੀ | ਪਿ੍ੰਸੀਪਲ ਰੰਜਨਾ ਖੰਨਾ ਨੇ ਕਿਹਾ ਕਿ ਇਹ ਸੀ.ਬੀ.ਐੱਸ.ਈ. ਵਰਕਸ਼ਾਪ ਗਿਆਨ ਦਾ ਭੰਡਾਰ ਸੀ |