15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਲਗਾਤਾਰ ਬਿਜਲੀ ਕੱਟਾਂ ਤੋਂ ਅੱਕੇ ਲੋਕਾਂ ਨੇ ਅੱਧੀ ਰਾਤ ਜਗਰਾਉਂ ਸ਼ਹਿਰ ’ਚ ਲਾਇਆ ਧਰਨਾ

ਅਜੀਤ ਡੈਸਕ 19-07-2026

ਜਗਰਾਉਂ, 18 ਜੁਲਾਈ (ਗੁਰਦੀਪ ਸਿੰਘ ਮਲਕ)-ਸ਼ਹਿਰ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਲੱਗ ਰਹੇ ਲੰਬੇ ਅਤੇ ਬਿਨਾਂ ਸੂਚਨਾ ਵਾਲੇ ਬਿਜਲੀ ਕੱਟਾਂ ਤੋਂ ਤੰਗ ਆ ਕੇ ਸ਼ੁੱਕਰਵਾਰ ਦੇਰ ਰਾਤ ਵੱਡੀ ਗਿਣਤੀ ਵਿੱਚ ਜਗਰਾਉਂ ਸ਼ਹਿਰ ਵਾਸੀਆਂ ਨੇ ਝਾਂਸੀ ਰਾਣੀ ਚੌਂਕ ’ਚ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਸ਼ਹਿਰ ਵਾਲੀ ਅਤੇ ਅੱਡਾ ਰਾਏਕੋਟ ਵਾਲੀ ਸੜਕ ਜਾਮ ਕਰ ਦਿੱਤੀ, ਜਿਸ ਕਾਰਨ ਦੋਵੇਂ ਪਾਸਿਉਂ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਅਤੇ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਧਰਨੇ ਦੌਰਾਨ ਸੁੱਖ ਜਗਰਾਉਂ ਅਤੇ ਸੁਖਵਿੰਦਰ ਸਿੰਘ ਸਿੱਧੂ ਨੇ ਦੋਸ਼ ਲਾਇਆ ਕਿ ਪਾਵਰਕਾਮ ਵੱਲੋਂ ਬਿਨਾਂ ਕਿਸੇ ਪਹਿਲਾਂ ਸੂਚਨਾ ਦੇ ਘੰਟਿਆਂ ਤੱਕ ਬਿਜਲੀ ਬੰਦ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਲੋਕ ਸ਼ਿਕਾਇਤ ਦਰਜ ਕਰਵਾਉਣ ਲਈ ਸ਼ਿਕਾਇਤ ਕੇਂਦਰ ‘ਤੇ ਫੋਨ ਕਰਦੇ ਹਨ ਤਾਂ ਕੋਈ ਵੀ ਕਰਮਚਾਰੀ ਫ਼ੋਨ ਨਹੀਂ ਚੁੱਕਦਾ, ਜਿਸ ਕਾਰਨ ਨਾ ਤਾਂ ਲੋਕਾਂ ਨੂੰ ਬਿਜਲੀ ਆਉਣ ਦਾ ਸਮਾਂ ਪਤਾ ਲੱਗਦਾ ਹੈ ਅਤੇ ਨਾ ਹੀ ਕੱਟ ਲੱਗਣ ਦਾ ਕਾਰਨ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਭਿਆਨਕ ਗਰਮੀ ਦੌਰਾਨ ਲਗਾਤਾਰ ਬਿਜਲੀ ਗੁੱਲ ਰਹਿਣ ਕਾਰਨ ਲੋਕਾਂ ਦਾ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਛੋਟੇ ਬੱਚਿਆਂ, ਬਜ਼ੁਰਗਾਂ ਅਤੇ ਬਿਮਾਰ ਲੋਕਾਂ ਨੂੰ ਸਭ ਤੋਂ ਵੱਧ ਮੁਸਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਬਿਨਾਂ ਸੂਚਨਾ ਲੱਗ ਰਹੇ ਲੰਬੇ ਬਿਜਲੀ ਕੱਟ ਬੰਦ ਨਾ ਕੀਤੇ ਗਏ ਅਤੇ ਸ਼ਿਕਾਇਤ ਕੇਂਦਰ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਨਾ ਕੀਤਾ ਗਿਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਧਰਨਾ ਸ਼ੁਰੂ ਹੋਣ ਨਾਲ ਹੀ ਲੋਕਾਂ ਦਾ ਸਮਰਥਨ ਲਗਾਤਾਰ ਵਧਦਾ ਗਿਆ। ਇਸ ਦੌਰਾਨ ਰਾਤ 11.43 ਵਜੇ ਅੱਡਾ ਰਾਏਕੋਟ ਵੱਲੋਂ ਆ ਰਹੀ ਇੱਕ ਸਰਕਾਰੀ ਐਂਬੂਲੈਂਸ ਨੂੰ ਪ੍ਰਦਰਸ਼ਨਕਾਰੀਆਂ ਨੇ ਤੁਰੰਤ ਰਸਤਾ ਦੇ ਕੇ ਮਨੁੱਖਤਾ ਦੀ ਮਿਸਾਲ ਪੇਸ਼ ਕੀਤੀ। ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਪਰਮਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਮੌਜੂਦ ਰਹੇ। ਇਸ ਮੌਕੇ ਲੋਕਾਂ ਨੇ ਨਗਰ ਕੌਂਸਲ ਦੇ 23 ਕੌਂਸਲਰਾਂ ਅਤੇ ਹਲਕੇ ਦੀ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਦੀ ਗੈਰਹਾਜ਼ਰੀ ‘ਤੇ ਵੀ ਰੋਸ ਪ੍ਰਗਟਾਇਆ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਦੋ ਮਹੀਨੇ ਪਹਿਲਾਂ ਲੋਕਾਂ ਨੇ ਉਨ੍ਹਾਂ ਨੂੰ ਜਿਤਾ ਕੇ ਭੇਜਿਆ ਸੀ, ਪਰ ਅੱਜ ਜਦੋਂ ਸ਼ਹਿਰ ਬਿਜਲੀ ਸੰਕਟ ਨਾਲ ਜੂਝ ਰਿਹਾ ਹੈ ਤਾਂ ਕੋਈ ਵੀ ਲੋਕਾਂ ਦਾ ਦੁੱਖ ਸੁਣਨ ਨਹੀਂ ਪਹੁੰਚਿਆ। ਇਸ ਦੌਰਾਨ ਪੰਜਾਬ ਸਰਕਾਰ, ਪਾਵਰਕਾਮ ਅਤੇ ਸਬੰਧਤ ਅਧਿਕਾਰੀਆਂ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ। ਕਰੀਬ ਡੇਢ ਘੰਟੇ ਤੱਕ ਚੱਲੇ ਧਰਨੇ ਮਗਰੋਂ ਪਾਵਰਕਾਮ ਦੇ ਐੱਸ.ਡੀ.ਓ. ਨੇ ਫ਼ੋਨ ਰਾਹੀਂ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਕੇ ਸਮੱਸਿਆ ਦੇ ਹੱਲ ਦਾ ਭਰੋਸਾ ਦਿੱਤਾ। ਇਸ ਤੋਂ ਬਾਅਦ ਰਾਤ 12.20 ਵਜੇ ਝਾਂਸੀ ਰਾਣੀ ਚੌਂਕ ਤੋਂ ਧਰਨਾ ਸਮਾਪਤ ਕਰ ਦਿੱਤਾ ਗਿਆ। ਹਾਲਾਂਕਿ ਪ੍ਰਦਰਸ਼ਨਕਾਰੀ ਉੱਥੋਂ ਨਗਰ ਕੌਂਸਲ ਦੇ ਬਾਹਰ ਸਥਿਤ ਪਾਵਰਕਾਮ ਦੇ ਸ਼ਿਕਾਇਤ ਕੇਂਦਰ ਅੱਗੇ ਪਹੁੰਚੇ ਅਤੇ ਉੱਥੇ ਮੁੜ ਧਰਨਾ ਦੇ ਕੇ ਬੈਠ ਗਏ। ਇਸ ਮੌਕੇ ਸੁਰਜੀਤ ਸਿੰਘ, ਅੰਕੁਸ਼ ਕਾਲੜਾ, ਵਿਨੈ ਨਾਗਪਾਲ, ਮਨਜੀਤ ਸਿੰਘ, ਸੂਰਜ ਅਰੋੜਾ, ਅਮਰਜੀਤ ਸਿੰਘ , ਸ਼ਾਹਿਦ ਖਾਨ ਸਮੇਤ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜ਼ਰ ਸਨ।

ਪਿਛਲੀ ਖ਼ਬਰ ਬੀ.ਕੇ.ਯੂ. ਖੋਸਾ ਜਥੇਬੰਦੀ 21 ਦੇ ਦਿੱਲੀ ਰੋਸ ਧਰਨੇ ’ਚ ਸ਼ਮੂਲੀਅਤ ਕਰੇਗੀ-ਪ੍ਰਧਾਨ ਸੁਖਜਿੰਦਰ ਖੋਸਾ ਅਗਲੀ ਖ਼ਬਰ ਸਰਵ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਬਲਾਕ ਅਟਾਰੀ ਦੀ ਅਹਿਮ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।