ਮੁੱਲਾਂਪੁਰ-ਦਾਖਾ, 16 ਮਈ (ਨਿਰਮਲ ਸਿੰਘ ਧਾਲੀਵਾਲ)-ਪੌਦੇ ਲਾਉਣ ਲਈ ਭੁਟਾਨ ਵਾਂਗ ਗਿਨੀਜ਼ ਬੁੱਕ ਆਫ ਵਰਲਡ ਵਿਚ ਨਾਂਅ ਦਰਜ ਕਰਵਾਉਣ ਦੀਆਂ ਗੱਲਾਂ ਕਰ ਰਹੇ ਮੁੱਖ ਮੰਤਰੀ ਪੰਜਾਬ ਦੀ ਕੈਬਨਿਟ ਦੇ ਵਣ ਵਿਭਾਗ ਮੰਤਰੀ ਅਧੀਨ ਸਰਕਾਰੀ ਨਰਸਰੀ ਬੱਦੋਵਾਲ (ਲੁਧਿ:) ਤੋਂ ਲੈ ਕੇ ਕਈ ਹੋਰ ਨਰਸਰੀਆਂ ਨਵੀਂ ਪਿਰਤ ਪਾ ਦਿੱਤੀ ਕਿ ਪਹਿਲਾਂ ਬੀ.ਡੀ.ਪੀ.ਓ. ਦਫ਼ਤਰ ਤੋਂ ਪਰਮਿਟ ਕਟਵਾ ਕੇ ਲਿਆਉ, ਜਦ ਕਿ ਅਜਿਹਾਹਰ ਐੱਨ.ਜੀ.ਓ ਲਈ ਸੰਭਵ ਨਹੀਂ | ਇਹ ਪ੍ਰਗਟਾਵਾ ਐੱਸ.ਸੀ.ਬੀ.ਸੀ ਭਲਾਈ ਮੰਚ ਪਮਾਲ ਦੇ ਪ੍ਰਧਾਨ ਜਤਿੰਦਰ ਸਿੰਘ ਪਮਾਲ ਉਦੋਂ ਕੀਤਾ, ਜਦ ਬੱਦੋਵਾਲ ਨਰਸਰੀ ਦੇ ਮੁਲਾਜ਼ਮਾਂ ਇਹ ਆਖ ਬੂਟੇ ਦੇਣ ਤੋਂ ਆਨਾਕਾਨੀ ਕੀਤੀ ਕਿ ਪਹਿਲਾਂ ਪਹਿਲ ਸਰਕਾਰਾਂ ਗ੍ਰਾਮ ਪੰਚਾਇਤ ਸਰਪੰਚ ਵਲੋਂ ਤਸਦੀਕ ਕਿਸੇ ਵੀ ਸਮਾਜ ਸੇਵੀ ਸੰਸਥਾ ਨੂੰ ਮੁਫ਼ਤ ਬੂਟੇ ਦਿੰਦੀਆਂ ਰਹੀਆਂ, ਪਰ ਹੁਣ ਬੀ.ਡੀ.ਪੀ.ਓ ਵਾਲਾ ਫੰਡਾ ਕਿੱਥੋਂ ਆ ਗਿਆ | ਜਤਿੰਦਰ ਸਿੰਘ ਪਮਾਲ ਕਿਹਾ ਕਿ ਸਾਡੀ ਸੰਸਥਾ ਐੱਸ.ਸੀ.ਬੀ.ਸੀ ਭਲਾਈ ਮੰਚ ਚਿਰਾਂ ਤੋਂ ਪ੍ਰਦੂਸ਼ਣ ਦੇ ਖਾਤਮੇ ਲਈ ਬੂਟੇ ਲਗਾ ਰਹੀ ਹੈ, ਹੁਣ ਜੇਕਰ ਸਰਕਾਰੀ ਨਰਸਰੀਆਂ ਤੋਂ ਬੂਟੇ ਨਾ ਮਿਲਣਗੇਂ ਤਾਂ ਲੱਗਣਗੇਂ ਕਿਵੇਂ! ਵਣ ਮੰਡਲ ਅਫ਼ਸਰ ਲੁਧਿਆਣਾ ਦੀ ਅਣਦੇਖੀ ਦਾ ਸ਼ਿਕਾਰ ਐੱਸ.ਸੀ.ਬੀ.ਸੀ. ਭਲਾਈ ਮੰਚ ਪ੍ਰਧਾਨ ਕਿਹਾ ਕਿ ਇਕ ਪਾਸੇ ਪੰਜਾਬ ਸਰਕਾਰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਹਰਿਆਵਲ ਯੋਜਨਾ ਵਜੋਂ ਮਨਾ ਰਹੀ ਹੈ, ਦੂਜੇ ਪਾਸੇ ਸਰਕਾਰੀ ਨਰਸਰੀ ਤੋਂ ਬੂਟੇ ਨਹੀਂ ਮਿਲ ਰਹੇ | ਉਨ੍ਹਾਂ ਤਾੜਨਾ ਕੀਤੀ ਕਿ ਜੇਕਰ ਵਣ ਮੰਡਲ ਅਫ਼ਸਰ ਲੁਧਿਆਣਾ ਵਲੋਂ ਗ੍ਰਾਮ ਪੰਚਾਇਤ ਸਰਪੰਚ ਪਮਾਲ ਦੁਆਰਾ ਤਸਦੀਕ ਚਿੱਠੀ ਰਾਹੀਂ ਬੂਟੇ ਨਾ ਦਿੱਤੇ ਤਾਂ ਭਲਾਈ ਮੰਚ ਸਖਤ ਵਿਰੋਧ ਕਰੇਗਾ | ਜਤਿੰਦਰ ਸਿੰਘ ਮੰਗ ਕੀਤੀ ਕਿ ਇਕੱਲਾ ਪਮਾਲ ਨਹੀਂ, ਰਾਜ ਭਰ 'ਚ ਸਮਾਜ ਸੇਵੀ ਸੰਸਥਾਵਾਂ, ਵੈੱਲਫੇਅਰ ਤੇ ਸਪੋਰਟਸ ਕਲੱਬਾਂ ਨੂੰ ਜੇਕਰ ਗ੍ਰਾਮ ਸਰਪੰਚ ਸਰਕਾਰੀ ਬੂਟੇ ਲੈਣ ਲਈ ਤਸਦੀਕ ਕਰਦਾ ਤਾਂ ਤੁਰੰਤ ਬੂਟੇ ਮਿਲਣੇ ਚਾਹੀਦੇ ਹਨ |