ਵਾਰਡ ਨੰ: 6 ਦੀ ਦਸ-ਬਾਰ੍ਹਾਂ ਸਾਲਾਂ ਤੋਂ ਕਿਸੇ ਨੇ ਸਾਰ ਨਹੀਂ ਲਈ-ਕੌਂਸਲਰ ਲੋਹਟ
ਅਜੀਤ ਡੈਸਕ
01-04-2026
ਜਗਰਾਉਂ, 31 ਮਾਰਚ (ਸ਼ਮਸ਼ੇਰ ਸਿੰਘ ਗਾਲਿਬ)-ਜਗਰਾਉਂ ਵਾਰਡ ਨੰਬਰ 6 ਦੇ ਕੌਂਸਲਰ ਜਰਨੈਲ ਸਿੰਘ ਲੋਹਟ ਅਤੇ ਉਸ ਦੀ ਧਰਮਪਤਨੀ ਪਿ੍ਤਪਾਲ ਕੌਰ ਜੋ ਸਾਬਕਾ ਕੌਂਸਲਰ ਹਨ, ਨੇ ਆਪਣੇ ਮੁਹੱਲਾ ਸਮੱਰਥਕਾਂ ਦੀ ਹਾਜ਼ਰੀ 'ਚ ਆਖਿਆ ਹੈ ਕਿ ਪਿਛਲੇ ਦੱਸ-ਬਾਰਾਂ ਸਾਲਾਂ ਤੋਂ ਸਾਡੀ ਕਿਸੇ ਨੇ ਸਾਰ ਨਹੀਂ ਲਈ, ਅਸੀਂ ਜਿੱਥੇ ਮੁਹੱਲੇ ਦੇ ਵਿਕਾਸ ਕਾਰਜਾਂ ਤੋਂ ਵਿਹੁਣੇ ਹਾਂ, ਉੱਥੇ ਸਾਡੇ ਮੁਹੱਲੇ 'ਚ ਕੂੜੇ ਦਾ ਵੱਡਾ ਡੰਪ ਸਿਰਦਰਦੀ ਬਣਿਆ ਹੋਇਆ ਹੈ | ਸਾਡੀ ਕਿਸੇ ਨੇ ਨਹੀਂ ਸੁਣੀ | ਉਕਤ ਦੋਨਾਂ ਪਤੀ-ਪਤਨੀ ਨੇ ਆਖਿਆ ਕਿ ਅਸੀਂ ਲੋਕਾਂ ਦੀ ਨੁਮਾਇੰਦੀ ਕਰਦੇ ਹਾਂ, ਪਰ ਹਰ ਸਮੇਂ ਸਾਨੂੰ ਅਣ-ਗੌਲਿਆਂ ਹੀ ਕੀਤਾ ਜਾਂਦਾ ਰਿਹਾ ਹੈ | ਅਸੀਂ ਮੁੱਢ ਕਦੀਮਾਂ ਤੋਂ ਕਾਂਗਰਸੀ ਹਾਂ, ਕਾਂਗਰਸ ਸਮੇਂ ਵੀ ਅਸੀਂ ਅਣ-ਗੋਲੇ ਹੀ ਹੋਏ ਹਾਂ, ਕੌਂਸਲਰ ਲੋਹਟ ਨੇ ਆਖਿਆ ਕਿ ਮੈਂ ਲੰਬਾ ਸਮਾਂ ਫੌਜ 'ਚ ਸੇਵਾਵਾਂ ਨਿਭਾਈਆਂ ਹਨ, ਮੇਰੇ ਤੇ ਮੇਰੇ ਪਰਿਵਾਰ ਦਾ ਮਕਸਦ ਸਿਰਫ਼ ਸੇਵਾ ਕਰਨਾ ਹੈ ਤਾਂ ਕਿ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕ ਸਕੀਏ | ਉਨ੍ਹਾਂ ਕਿਹਾ ਕਿ ਅਸੀਂ ਕਾਂਗਰਸ ਦੇ ਬਾਵਜੂਦ ਵੀ ਸਾਰੀਆਂ ਪਾਰਟੀਆਂ ਨਾਲ ਰਲ ਕੇ ਕੰਮ ਕਰਦੇ ਹਾਂ, ਵਿਕਾਸ ਦੇ ਨਾਂਅ 'ਤੇ ਕੋਈ ਭੇਦਭਾਵ ਨਹੀਂ ਕੀਤਾ | ਉਨ੍ਹਾਂ ਕਿਹਾ ਕਿ ਅੱਜ 1 ਅਪ੍ਰੈਲ ਤੋਂ ਆਪਣੀਆਂ ਮੁਹੱਲੇ ਦੀਆਂ ਮੰਗਾਂ ਦੇ ਸੰਬੰਧੀ ਨਗਰ ਕੌਂਸਲ ਮਿਲਣ ਆਏ ਸਾਡੀ ਕਿਸੇ ਨੇ ਨਹੀਂ ਸੁਣੀ | ਅਸੀਂ ਹੁਣ ਸਾਰੇ ਮੁਹੱਲਾ ਵਾਸੀਆਂ ਨੇ ਫ਼ੈਸਲਾ ਕੀਤਾ ਹੈ ਆਪਣੀ ਮੰਗਾਂ ਸਬੰਧੀ ਨਗਰ ਕੌਂਸਲ ਜਗਰਾਉਂ ਵਿਖੇ ਅਣ-ਮਿਥੇ ਸਮੇਂ ਲਈ ਧਰਨਾ ਦੇਵਾਂਗੇ |