ਰਾਏਕੋਟ, 31 ਮਾਰਚ (ਸੁਸ਼ੀਲ)-ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਵੱਖ-ਵੱਖ ਜਮਾਤਾਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ | ਜਿਸ ਤਹਿਤ ਪ੍ਰੀ-ਪ੍ਰਾਈਮਰੀ ਤੋਂ ਲੈ ਕੇ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਨਤੀਜੇ ਵੀ ਐਲਾਨੇ ਗਏ | ਇਸੇ ਤਹਿਤ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਇਤਬਾਰ ਸਿੰਘ ਨੱਥੋਵਾਲ ਦੇ ਦਿਸ਼ਾ-ਨਿਰਦੇਸ਼ਾਂ ਤੇ ਸਰਕਾਰੀ ਪ੍ਰਾਇਮਰੀ ਸਕੂਲ ਗੋਂਦਵਾਲ ਵਿੱਚ ਮੁੱਖ ਅਧਿਆਪਕਾ ਕਮਲਪ੍ਰੀਤ ਕੌਰ ਦੀ ਅਗਵਾਈ ਹੇਠ ਸਕੂਲ ਦਾ ਨਤੀਜਾ ਐਲਾਨਿਆ ਗਿਆ | ਜਿਸ ਵਿਚ ਵਿਦਿਆਰਥੀਆਂ ਦੇ ਮਾਪਿਆਂ ਨੇ ਭਰਵੀਂ ਸ਼ਮੂਲੀਅਤ ਕਰਦਿਆਂ ਆਪੋ-ਆਪਣੇ ਬੱਚਿਆਂ ਦੇ ਨਤੀਜੇ ਪ੍ਰਾਪਤ ਕੀਤੇ | ਪੜ੍ਹਾਈ ਦੌਰਾਨ ਅੱਵ੍ਹਲ ਰਹੇ ਬੱਚਿਆਂ ਨੂੰ ਸਰਪੰਚ ਬਲਦੇਵ ਸਿੰਘ, ਸਾਬਕਾ ਸਰਪੰਚ ਸੁਖਪਾਲ ਸਿੰਘ ਗੋਂਦਵਾਲ, ਰਿਟਾਇਰਡ ਡੀਈਓ ਸਰਬਜੀਤ ਸਿੰਘ ਤੂਰ ਤੇ ਰਿਟਾਇਰਡ ਅਧਿਆਪਕਾ ਜਸਵੀਰ ਕੌਰ ਤੂਰ ਵੱਲੋਂ ਇਨਾਮਾਂ ਦੀ ਵੰਡ ਕਰਕੇ ਬੱਚਿਆਂ ਦੀ ਹੌਂਸਲਾ ਅਫ਼ਜਾਈ ਕੀਤੀ ਗਈ | ਇਸ ਦੌਰਾਨ ਜਿੱਥੇ ਮੁੱਖ ਅਧਿਆਪਕਾ ਕਮਲਪ੍ਰੀਤ ਕੌਰ ਨੇ ਮਾਪਿਆਂ ਨਾਲ ਸਿੱਧਾ ਰਾਬਤਾ ਕਰ ਕੇ ਮਾਪਿਆਂ ਨੂੰ ਵਿਦਿਆਰਥੀਆਂ ਦੇ ਚੰਗੇ ਨਤੀਜੇ ਆਉਣ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਉੱਥੇ ਹੀ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਦੇ ਸ਼ਾਨਦਾਰ ਨਤੀਜੇ ਦੇਖਣ ਨੂੰ ਮਿਲ ਰਹੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਮਿਆਰ ਨੂੰ ਉੱਚਾ ਚੱਕਣ ਲਈ ਜੋ ਉਪਰਾਲੇ ਕੀਤੇ ਜਾ ਰਹੇ ਹਨ ਉਹ ਬਹੁਤ ਹੀ ਸ਼ਲਾਘਾਯੋਗ ਹਨ | ਇਸ ਮੌਕੇ ਚੇਅਰਮੈਨ ਅਮਰਜੀਤ ਸਿੰਘ, ਮੈਡਮ ਨੀਰਾ ਭਨੌਟ, ਦਪਿੰਦਰਪਾਲ ਕੌਰ, ਜਗਦੀਪ ਕੌਰ, ਕਿਰਨਜੀਤ ਕੌਰ, ਹਰਦੀਪ ਕੌਰ ਤੇ ਸਮੂਹ ਐੱਸਐੱਮਸੀ ਮੈਂਬਰ ਹਾਜ਼ਰ ਸਨ |