ਜਗਰਾਉਂ, 25 ਮਾਰਚ (ਸ਼ਮਸ਼ੇਰ ਸਿੰਘ ਗਾਲਿਬ)-ਆਜ਼ਾਦੀ ਸੰਗਰਾਮ ਦੇ ਇਤਿਹਾਸ ਅੰਦਰ 9 ਅਗਸਤ 1925 ਦਾ ਦਿਹਾੜਾ ਕਾਕੋਰੀ (ਉਤਰ ਪ੍ਰਦੇਸ਼) ਕਾਂਡ ਨੂੰ ਆਪਣੀ ਬੁੱਕਲ ਵਿੱਚ ਸਮੋਈ ਬੈਠਾ ਹੈ | ਉੱਤਰ ਪ੍ਰਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿਚ 19 ਦਸੰਬਰ 1927 ਨੂੰ ਫਾਂਸੀ ਲੱਗਣ ਵਾਲੇ ਸ਼ਹੀਦ ਅਸ਼ਫ਼ਾਕ ਉੱਲਾ ਖਾਂ, ਸ਼ਹੀਦ ਰਾਮ ਪ੍ਰਸਾਦ ਬਿਸਮਿਲ ਅਤੇ ਸ਼ਹੀਦ ਠਾਕੁਰ ਰੌਸ਼ਨ ਸਿੰਘ ਅਤੇ ਸ਼ਹੀਦ ਪ੍ਰੇਮ ਕਿ੍ਸ਼ਨ ਖੰਨਾ ਦੀ ਯਾਦ 'ਚ ਸ਼ਾਹਜਹਾਂਪੁਰ (ਯੂ.ਪੀ.) ਦੇ ਪਾਰਕ 'ਚ ਲੱਗੇ ਬੁੱਤਾਂ ਨੂੰ ਮਲੀਆ ਮੇਟ ਕਰਕੇ ਸ਼ਹਿਰ ਦੇ ਮਲਬੇ ਦੇ ਮਹਾਂ ਡੰਪ ਵਿਚ ਸੁੱਟ ਦਿੱਤੇ ਜਾਣ ਦੀ ਇਨਕਲਾਬੀ ਕੇਂਦਰ ਪੰਜਾਬ ਨੇ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ | ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਸਾਥੀ ਨਰਾਇਣ ਦੱਤ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਪਹਿਲਾਂ ਬਰਤਾਨਵੀ ਹਕੂਮਤ ਨੇ ਇਨ੍ਹਾਂ ਆਜ਼ਾਦੀ ਦੇ ਪਰਵਾਨਿਆਂ ਨੂੰ ਫਾਂਸੀ ਦੇ ਤਖ਼ਤੇ 'ਤੇ ਲਟਕਾਇਆ ਹੁਣ ਦੂਜੀ ਵਾਰ ਭਾਜਪਾ ਦੀ ਡਬਲ ਇੰਜਣ ਸਰਕਾਰ ਨੇ ਉਨ੍ਹਾਂ ਦੇਸ਼ ਭਗਤਾਂ ਨੂੰ 'ਮੌਤ ਦੇ ਘਾਟ' ਉਤਾਰਿਆ ਹੈ, ਜਿਸ ਖ਼ਿਲਾਫ਼ ਸ਼ਾਹਜਹਾਂਪੁਰ ਅਤੇ ਹੋਰਨਾਂ ਥਾਵਾਂ 'ਤੇ ਲੋਕਾਂ ਵਿਚ ਰੋਸ ਪਾਇਆ ਜਾ ਰਿਹਾ ਹੈ | ਸ਼ਹੀਦ ਅਸ਼ਫ਼ਾਕ ਉੱਲਾ ਖਾਂ ਦੇ ਪੜਪੋਤਰੇ ਜਿਸਦਾ ਨਾਮ ਵੀ ਪਰਿਵਾਰ ਨੇ ਸੱਚ-ਮੁੱਚ ਅਸ਼ਫਾਕ ਉੱਲਾ ਖਾਂ ਹੀ ਰੱਖਿਆ ਹੈ | ਉਨ੍ਹਾਂ ਯੂ.ਪੀ. ਦੇ ਨਾਮਵਰ ਵਿਦਵਾਨ ਲੇਖਕ ਸੁਧੀਰ ਵਿਦਿਆਰਥੀ, ਹਿਮਾਂਸ਼ੂ ਕੁਮਾਰ, ਪ੍ਰੋ. ਵੇਦ ਵਟੁਕ ਨੇ ਦੱਸਿਆ ਹੈ ਕਿ ਜਦੋਂ ਦੇਸ਼ ਦੁਨੀਆ ਅੰਦਰ 23 ਮਾਰਚ ਨੂੰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਸੀ ਤਾਂ ਉਸੇ ਦਿਨ ਸਵੇਰੇ 3 ਵਜੇ ਬਿਨਾਂ ਕਿਸੇ ਸੂਚਨਾ ਦੇ ਇਸ ਪਾਰਕ ਵਿਚ ਲੱਗੇ ਬੁੱਤਾਂ ਨੂੰ ਮਲੀਆ ਮੇਟ ਕਰ ਦਿੱਤਾ | ਯਾਦ ਰਹੇ 1972 ਦੀ ਗੱਲ ਹੈ ਜਦੋਂ ਨਗਰ ਪਾਲਿਕਾ ਦੇ ਪ੍ਰਧਾਨ ਸ੍ਰੀ ਵਾਸ ਦੇਵ ਗੁਪਤਾ ਨੇ ਇਨ੍ਹਾਂ ਬੁੱਤਾਂ ਨੂੰ ਸਥਾਪਿਤ ਕੀਤਾ ਸੀ | ਵਿਦਵਾਨ ਲੇਖਕ ਸੁਧੀਰ ਵਿਦਿਆਰਥੀ ਨੇ ਬਹੁਤ ਹੀ ਬੇਬਾਕੀ ਨਾਲ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਬੀਤੇ ਨੌ ਸਾਲਾਂ ਤੋਂ ਚੁਣਿਆ ਜਾਂਦਾ ਵਿਧਾਇਕ ਤੇ ਅੱਜ-ਕੱਲ੍ਹ ਵਿੱਤ ਮੰਤਰੀ ਸੁਰੇਸ਼ ਖੰਨਾ ਦੇ ਹੁਕਮਾਂ ਬਿਨਾਂ ਇਸ ਖੇਤਰ ਅੰਦਰ ਪੱਤਾ ਵੀ ਨਹੀਂ ਹਿੱਲ ਸਕਦਾ | ਉਨ੍ਹਾਂ ਸਪੱਸ਼ਟ ਕਿਹਾ ਕਿ ਇਹ ਕੋਈ ਅਚਨਚੇਤ ਜਾਂ ਕਿਸੇ ਤਕਨੀਕੀ ਕਿਸਮ ਦੀ ਗ਼ਲਤੀ ਕਾਰਨ ਨਹੀਂ ਵਾਪਰਿਆ, ਇਹ ਭਾਜਪਾ ਦੇ ਉਸ ਹਿੰਦੂਤਵੀ ਫਿਰਕੂ ਫਾਸ਼ੀ ਏਜੰਡੇ ਦਾ ਹਿੱਸਾ ਹੈ, ਜਿਸ ਵਿੱਚ ਉਹ ਇਨਕਲਾਬੀ ਇਤਿਹਾਸ, ਯਾਦਗਾਰਾਂ, ਸਾਹਿਤ, ਮਿਊਜ਼ੀਅਮ ਅਤੇ ਹੋਰ ਉਹ ਨਿਸ਼ਾਨੀਆਂ | ਜਿਹੜੀਆਂ ਵੀ ਸਾਮਰਾਜਵਾਦ ਦੇ ਖ਼ਿਲਾਫ਼ ਕੌਮੀ ਆਜ਼ਾਦੀ ਦੀ ਤਵਾਰੀਖ਼ ਦੀ ਗਵਾਹੀ ਭਰਦੀਆਂ ਹਨ | ਉਨ੍ਹਾਂ ਨੂੰ ਮਿਟਾਉਣ ਲਈ ਹਰ ਹਰਬਾ ਵਰਤਿਆ ਜਾ ਰਿਹਾ ਹੈ | ਉਕਤ ਆਗੂਆਂ ਨੇ ਇਹ ਵੀ ਦੱਸਿਆ ਹੈ ਕਿ ਇਸੇ ਹੀ ਤਰ੍ਹਾਂ ਜਲਿ੍ਹਆਂਵਾਲਾ ਬਾਗ਼ ਦੇ ਵਿਚ ਪਈਆਂ ਇਤਿਹਾਸਿਕ ਵਸਤਾਂ, ਲਿਖਤਾਂ, ਗੋਲੀਆਂ ਦੇ ਨਿਸ਼ਾਨ, ਲੋਕ ਨਾਇਕਾਂ ਦੀਆਂ ਨਿਸ਼ਾਨੀਆਂ ਮਿਟਾਉਣ ਲਈ ਯਤਨ ਕੀਤਾ ਜਾ ਰਿਹਾ ਹੈ | ਆਗੂਆਂ ਨੇ ਯੋਗੀ ਹਕੂਮਤ ਦੇ ਅਤਿ ਨਿੰਦਣਯੋਗ ਵਰਤਾਰੇ ਦੇ ਖ਼ਿਲਾਫ਼ ਉਠ ਖੜੇ ਹੋਣ ਲਈ ਸਭਨਾਂ ਇਨਕਲਾਬੀ ਜਮਹੂਰੀ ਲੋਕਪੱਖੀ ਸ਼ਕਤੀਆਂ ਨੂੰ ਇਕਜੁੱਟ ਹੋ ਕੇ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ ਹੈ |