ਸਕੂਲਾਂ ਦੀ ਕੰਧਾਂ 'ਤੇ ਲਿਖੇ 'ਸ਼ਬਦ' ਬੱਸ ਇਕ ਤਰ੍ਹਾਂ 'ਸ਼ਬਦ' ਬਣ ਕੇ ਹੀ ਰਹਿ ਗਏ
ਅਜੀਤ ਡੈਸਕ
26-03-2026
ਜੇਕਰ ਗੱਲ ਕਰੀਏ ਤਾਂ ਸੂਬਾ ਸਰਕਾਰ ਨੇ ਸਭ ਤੋਂ ਪਹਿਲਾਂ 'ਪੰਜਾਬੀਓ ਜਾਗੋ, ਨਸ਼ੇ ਤਿਆਗੋ' ਮੁਹਿੰਮ ਤਹਿਤ ਨਸ਼ਾ ਵਿਰੋਧੀ ਸੈਮੀਨਾਰ ਕਰਵਾਏ | ਸਰਕਾਰੀ ਸਕੂਲਾਂ ਦੀਆਂ ਦੀਵਾਰਾਂ 'ਤੇ ਨਸ਼ਿਆਂ ਖ਼ਿਲਾਫ਼ ਵੱਡੇ-ਵੱਡੇ ਨਾਅਰੇ ਲਿਖਵਾ ਕੇ ਨੌਜਵਾਨ ਪੀੜੀ ਨੂੰ ਨਸ਼ਿਆਂ ਦੇ ਰਾਹ ਤੋਂ ਮੋੜਣ ਲਈ ਵੱਡੇ ਯਤਨ ਕੀਤੇ | ਪੁਲਿਸ ਵਲੋਂ ਛੇੜੀ ਮੁਹਿੰਮ ਤਹਿਤ ਕਈ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਦੇ ਵੀ ਦਾਅਵੇ ਕੀਤੇ, ਪਰ ਇਸ ਦਾ ਅਜੇ ਕੋਈ ਅਸਰ ਵਿਖਾਈ ਨਹੀਂ ਦੇ ਰਿਹਾ | ਸਰਕਾਰ ਵਲੋਂ ਸਰਕਾਰੀ ਸਕੂਲਾਂ ਦੀਆਂ ਕੰਧਾਂ 'ਤੇ ਲਿਖਵਾਏ ਨਸ਼ਾ ਵਿਰੋਧੀ 'ਸ਼ਬਦ' ਬੱਸ ਇਕ ਤਰ੍ਹਾਂ ਨਾਲ 'ਸ਼ਬਦ' ਹੀ ਬਣ ਕੇ ਰਹਿ ਗਏ | ਜੇਕਰ ਗੱਲ ਕਰੀਏ ਤਾਂ ਦਰਿਆ ਸਤਲੁਜ ਪੱਟੀ ਦੇ ਦੋਹੀਂ ਪਾਸੀ ਵਸੇ ਪਿੰਡਾਂ ਵਿਚੋਂ ਕੋਈ ਵੀ ਪਿੰਡ ਐਸਾ ਨਹੀਂ ਹੋਵੇਗਾ, ਜਿਸ ਪਿੰਡ ਦੇ ਨੌਜਵਾਨ ਨੂੰ ਨਸ਼ਾ ਰੂਪੀ ਦੈਂਤ ਨੇ ਖ਼ਤਮ ਨਾ ਕੀਤਾ ਹੋਵੇ | ਹੈਰਾਨੀ ਦੀ ਗੱਲ ਇਹ ਵੀ ਹੈ ਕਿ ਆਪਣੇ ਨੌਜਵਾਨ ਪੁੱਤਰਾਂ ਦੀ ਮੌਤ ਦਾ ਅਸਲ ਕਾਰਨ ਪਤਾ ਹੋਣ ਦੇ ਬਾਵਜੂਦ ਵੀ ਮਾਪੇ ਨਸ਼ਾ ਤਸਕਰਾਂ ਖਿਲਾਫ਼ ਖੁੱਲ੍ਹ ਕੇ ਬੋਲ ਨਹੀਂ ਸਕੇ ਜਾਂ ਫਿਰ ਇਹ ਆਖ ਲਈਏ ਕਿ ਉਨ੍ਹਾਂ ਦਾ ਪੁਲਿਸ ਪ੍ਰਸ਼ਾਸਨ ਵਲੋਂ ਆਪਣੀ ਅਤੇ ਮਾਪਿਆਂ ਦੀ ਬਦਨਾਮੀ ਸਮਝ ਕੇ ਮੂੰਹ ਬੰਦ ਕਰ ਦਿੱਤਾ ਜਾਂਦਾ ਰਿਹਾ | ਇਸ ਕਾਰੋਬਾਰ ਵਿਚ ਔਰਤਾਂ ਸਮੇਤ ਨਾਬਾਲਿਗ ਲੜਕੇ-ਲੜਕੀਆਂ ਦੀ ਵੀ ਇਕ ਤਰ੍ਹਾਂ ਨਾਲ ਐਂਟਰੀ ਹੋ ਗਈ ਹੈ | ਕਈ ਪਿੰਡਾਂ ਵਿਚ ਤਾਂ ਨਸ਼ਾ ਰਿਊੜੀਆਂ ਵਾਂਗ ਵਿਕ ਰਿਹਾ ਹੈ | ਸਥਾਨਿਕ ਕਸਬੇ ਅੰਦਰ ਨਸ਼ਿਆਂ ਦੀ ਦਲ-ਦਲ ਵਿਚ ਫਸੇ ਨੌਜਵਾਨ ਜਦੋਂ ਘੁੰਮਦੇ ਵਿਖਾਈ ਦਿੰਦੇ ਹਨ ਤਾਂ ਉਨ੍ਹਾਂ ਦੀ ਤਰਸਯੋਗ ਹਾਲਤ ਵੇਖਕੇ ਦੁੱਖ ਪਹੁੰਚਦਾ ਹੈ | ਕਸਬੇ ਦੇ ਕਈ ਵਪਾਰੀਆਂ ਜਾਂ ਕੰਮ ਕਰਵਾਉਣ ਵਾਲੇ ਠੇਕੇਦਾਰਾਂ ਨੇ ਵੀ ਇਲਾਕੇ ਅੰਦਰ ਦਿਨ-ਬ-ਦਿਨ ਨਸ਼ਿਆਂ ਦੀ ਲਤ ਦਾ ਸ਼ਿਕਾਰ ਹੋਏ ਨੌਜਵਾਨਾਂ ਦੀ ਵੱਧ ਰਹੀ ਗਿਣਤੀ ਨੂੰ ਸੱਚ ਦੱਸਦੇ ਹੋਏ ਦੱਸਿਆ ਕਿ ਸਥਾਨਿਕ ਕਸਬੇ ਸਮੇਤ ਲਾਗਲੇ ਪਿੰਡ ਸਲੇਮਪੁਰਾ, ਸਲੇਮਪੁਰਾ ਟਿੱਬਾ ਦੇ ਕਈ ਅਜਿਹੇ ਨੌਜਵਾਨ ਹਨ ਜੋ ਸਵੇਰ ਸਮੇਂ ਪਹਿਲਾਂ ਐਡਵਾਂਸ ਪੈਸੇ ਲੈਂਦੇ ਹਨ ਅਤੇ ਫਿਰ ਉਸ ਦਾ ਨਸ਼ਾ ਕਰਨ ਉਪਰੰਤ ਹੀ ਕੰਮ 'ਤੇ ਬਹੁੜਦੇ ਹਨ | ਉਨ੍ਹਾਂ ਆਖਿਆ ਕਿ ਪੁਲਿਸ ਦੀ ਸਖ਼ਤੀ ਦੇ ਬਾਵਜੂਦ ਉਹ ਕੌਣ ਲੋਕ ਹਨ ਜਾਂ ਉਨ੍ਹਾਂ ਨੂੰ ਕਿਸ ਦੀ ਸਰਪ੍ਰਸਤੀ ਹਾਸਲ ਹੈ ਜੋ ਬਿਨਾਂ ਕਿਸੇ ਰੋਕ-ਟੋਕ ਤੋਂ ਚਿੱਟੇ ਦਾ ਕਾਲਾ ਕਾਰੋਬਾਰ ਕਰਕੇ ਨੌਜਵਾਨੀ ਨੂੰ ਨਸ਼ਿਆਂ ਦੇ ਛੇਵੇਂ ਦਰਿਆ ਵਿਚ ਮਰਨ ਲਈ ਮਜ਼ਬੂਰ ਕਰ ਰਹੇ ਹਨ | ਲੋਕਾਂ ਨੇ ਮੰਗ ਕੀਤੀ ਕਿ ਅਜਿਹੇ ਸਮਾਜ ਵਿਰੋਧੀ ਤੱਤਾਂ ਨਾਲ ਹੋਰ ਸਖ਼ਤੀ ਕੀਤੀ ਜਾਵੇ |