18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਭਾਰੀ ਮੀਂਹ ਨੇ ਜਗਰਾਉਂ-ਰਾਏਕੋਟ ਰੋਡ ਨੂੰ ਕੀਤਾ ਜਲ-ਥਲ

ਅਜੀਤ ਡੈਸਕ 24-01-2026
ਜਗਰਾਉਂ, 23 ਜਨਵਰੀ (ਹਰਵਿੰਦਰ ਸਿੰਘ ਖ਼ਾਲਸਾ)-ਲੰਘੀ ਰਾਤ ਪਏ ਭਾਰੀ ਮੀਂਹ ਨਾਲ ਜਗਰਾਉਂ-ਰਾਏਕੋਟ ਰੋਡ 'ਤੇ ਪਏ ਟੋਇਆਂ 'ਚ ਪਾਣੀ ਭਰ ਗਿਆ ਤੇ ਆਮ ਰਾਹਗੀਰਾਂ ਨੂੰ ਪਾਣੀ 'ਚੋਂ ਦੀ ਲੰਘਣਾ ਪਿਆ | ਜਲ-ਥਲ ਹੋਈ ਸੜਕ ਨੇ ਸ਼ਹਿਰ ਅੰਦਰ ਨਗਰ ਕੌਂਸਲ ਦੇ ਮਾੜੇ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ | ਦੱਸਣਯੋਗ ਹੈ ਕਿ ਜਗਰਾਉਂ-ਰਾਏਕੋਟ ਰੋਡ 'ਤੇ ਗਾਂਧੀ ਨਗਰ ਦੇ ਅੱਗੇ ਸੜਕ ਦਾ ਬਹੁਤ ਮਾੜਾ ਹਾਲ ਹੈ ਤੇ ਸੜਕ ਵਿਚ ਵੱਡੇ-ਵੱਡੇ ਟੋਏ ਪਏ ਹੋਏ ਹਨ | ਇਨ੍ਹਾਂ ਟੋਇਆਂ ਕਾਰਨ ਇਥੋਂ ਲੰਘਣ ਵਾਲੇ ਰਾਹਗੀਰਾਂ ਨੂੰ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਅੱਜ ਜਦੋਂ ਸ਼ਹਿਰ ਅੰਦਰ ਹਲਕੀ ਜਿਹੀ ਬਾਰਿਸ਼ ਪਈ ਤਾਂ ਉਸ ਵੇਲੇ ਇਸ ਸੜਕ ਦੇ ਟੋਇਆਂ 'ਚ ਪਾਣੀ 'ਚ ਖੜ੍ਹ ਗਿਆ ਤੇ ਦੋ ਪਹੀਆ ਵਾਹਨਾਂ ਦਾ ਲੰਘਣਾ ਮੁਹਾਲ ਹੋ ਗਿਆ | ਇਸ ਥਾਂ ਖੜੇ੍ਹ ਪਾਣੀ ਤੋਂ ਨੇੜਲੇ ਦੁਕਾਨਦਾਰ ਵੀ ਡਾਢੇ੍ਹ ਪ੍ਰੇਸ਼ਾਨ ਹਨ | ਇਸ ਦੇ ਨਾਲ ਹੀ ਥਾਂ-ਥਾਂ ਖੜ੍ਹੇ ਪਾਣੀ ਨਾਲ ਦੋ ਪਹੀਆ ਵਾਹਨਾਂ ਨੂੰ ਬੇਹੱਦ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਮੀਂਹ ਦੇ ਪਾਣੀ ਦੀ ਸ਼ਹਿਰ ਅੰਦਰ ਨਿਕਾਸੀ ਅਤੇ ਕੂੜੇ ਦੇ ਸੁਚਾਰੂ ਪ੍ਰਬੰਧਾਂ ਨੂੰ ਲੈ ਕੇ ਸ਼ਹਿਰ ਵਾਸੀ ਸਥਾਨਕ ਪ੍ਰਸ਼ਾਸਨ, ਨਗਰ ਕੌਂਸਲ ਪ੍ਰਧਾਨ ਅਤੇ ਹਲਕਾ ਵਿਧਾਇਕਾ ਦੇ ਹਾੜੇ ਕੱਢਦੇ ਰਹੇ ਹਨ, ਪ੍ਰੰਤੂ ਪਾਣੀ ਸਿਰ ਤੋਂ ਲੰਘਣ ਉਪਰੰਤ ਸ਼ਹਿਰ ਵਾਸੀਆਂ ਨੂੰ ਨਗਰ ਕੌਂਸਲ ਦਫ਼ਤਰ ਅੱਗੇ ਧਰਨਾ ਲਾਉਣ ਲਈ ਵੀ ਮਜ਼ਬੂਰ ਹੋਣਾ ਪਿਆ | ਹਾਲਾਂਕਿ ਧਰਨੇ ਉਪਰੰਤ ਵਿਕਾਸ ਕਾਰਜਾਂ ਨੂੰ ਲੈ ਕੇ ਸਿਆਸਤ ਕਰਨ ਤੋਂ ਸਿਵਾਏ ਕੱਖ ਨਹੀ ਹੋ ਸਕਿਆ, ਪ੍ਰੰਤੂ ਨਗਰ ਕੌਂਸਲ ਅਤੇ ਪ੍ਰਸ਼ਾਸਨ ਦੀ ਥਾਂ-ਥਾਂ ਤੋਂ ਹੋਈ ਥੂਹ-ਥੂਹ ਨੇ ਨਗਰ ਕੌਂਸਲ ਨੂੰ ਸੋਚਣ ਲਈ ਮਜ਼ਬੂਰ ਜ਼ਰੂਰ ਕਰ ਦਿੱਤਾ | ਦੱਸਣਯੋਗ ਹੈ ਕਿ ਜਗਰਾਉਂ ਸ਼ਹਿਰ ਅੰਦਰ ਨਗਰ ਕੌਂਸਲ ਦੇ ਦੋ ਧੜਿਆਂ ਦੀ ਆਪਸੀ ਖਿੱਚੋਤਾਣ ਨਾਲ ਸ਼ਹਿਰ ਦੇ ਵਿਕਾਸ ਕਾਰਜ ਰੁਕੇ ਪਏ ਸਨ ਤੇ ਹੁਣ ਨਗਰ ਕੌਂਸਲ ਦੀ ਵਾਗਡੋਰ ਸੱਤ੍ਹਾਧਾਰੀ ਧਿਰ ਪੱਖੀ ਕਾਰਜਕਾਰੀ ਪ੍ਰਧਾਨ ਕੌਂਸਲਰ ਕੰਵਰਪਾਲ ਸਿੰਘ ਦੇ ਹੱਥ ਆਈ ਹੈ ਤੇ ਸ਼ਹਿਰ ਦੇ ਰੁਕੇ ਕੰਮ ਸ਼ੁਰੂ ਹੋਣ ਦੀ ਆਸ ਵੀ ਬੱਝਦੀ ਨਜ਼ਰ ਆਈ ਹੈ | ਇਸ ਸਬੰਧੀ ਸ਼ਹਿਰ ਦੇ ਕੁਝ ਦੁਕਾਨਦਾਰਾਂ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਭਰੇ ਮਨ ਨਾਲ ਆਖਿਆ ਕਿ ਜਗਰਾਉਂ ਸ਼ਹਿਰ ਦੇ ਤਾਂ ਭਾਗ ਹੀ ਮਾੜੇ ਹਨ | ਉਨ੍ਹਾਂ ਰੋਸ ਜਾਹਿਰ ਕਰਦਿਆਂ ਆਖਿਆ ਕਿ ਸ਼ਹਿਰ ਦੇ ਵਿਕਾਸ ਸਿਆਸਤ ਦੀ ਭੇਟ ਚੜ੍ਹੇ ਹੋਏ ਹਨ | ਇਸ ਮੌਕੇ ਨਗਰ ਸੁਧਾਰ ਸਭਾ ਦੇ ਪ੍ਰਧਾਨ ਅਵਤਾਰ ਜਗਰਾਉਂ ਅਤੇ ਕੰਵਲਜੀਤ ਖੰਨਾ ਨੇ ਆਖਿਆ ਕਿ ਡੁੱਬਦੇ ਸ਼ਹਿਰ ਨੂੰ ਡੋਬਣ ਵਾਲੇ ਸਿਆਸੀ ਲੀਡਰਾਂ ਦੇ ਬੇੜੇ ਨੂੰ ਸ਼ਹਿਰ ਦੇ ਲੋਕ ਜਗਰਾਉਂ ਸ਼ਹਿਰ ਦੇ ਮਾੜੇ ਹਾਲਾਤਾਂ ਨਾਲੋਂ ਵੀ ਵਧੇਰੇ ਮਾੜੀ ਤਰ੍ਹਾਂ ਨਾਲ ਡੋਬਣਗੇ | ਇਸ ਸਬੰਧੀ ਨਗਰ ਕੌਂਸਲ ਦੇ ਕਾਰਜਕਾਰੀ ਪ੍ਰਧਾਨ ਕੰਵਰਪਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਆਖਿਆ ਕਿ ਸੀਨੀਅਰ ਮੀਤ ਪ੍ਰਧਾਨ ਦੇ ਰੂਪ ਬਤੌਰ ਕਾਰਜਕਾਰੀ ਪ੍ਰਧਾਨ ਉਨ੍ਹਾਂ ਨੂੰ ਅਹੁਦਾ ਮਿਲਿਆਂ ਹਾਲੇ ਕੁਝ ਹੀ ਦਿਨ ਹੋਏ ਹਨ ਹੁਣ ਸ਼ਹਿਰ ਅੰਦਰ ਵਿਕਾਸ ਦੀ ਹਨੇਰੀ ਝੁੱਲੇਗੀ ਤੇ ਸਾਰੇ ਕੰਮ ਸੰਪੂਰਨ ਮੁਕੰਮਲ ਕੀਤੇ ਜਾਣਗੇ |
ਪਿਛਲੀ ਖ਼ਬਰ ਸੁਖਬੀਰ ਸਿੰਘ ਬਾਦਲ ਵਲੋਂ ਹਲਕਾ ਦਾਖਾ ਦੇ ਆਗੂਆਂ ਨਾਲ ਬੰਦ ਕਮਰਾ ਮੀਟਿੰਗ ਅਗਲੀ ਖ਼ਬਰ ਬਿਜਲੀ ਦੀਆਂ ਤਾਰਾਂ 'ਚ ਪਲਾਸਟਿਕ ਡੋਰ ਨਾਲ ਉਲਝ ਕੇ ਲਟਕ ਰਹੇ ਪੰਛੀ ਨੂੰ ਕਰਵਾਇਆ ਮੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।