ਲੋਹਟਬੱਦੀ, 20 ਜਨਵਰੀ (ਕੁਲਵਿੰਦਰ ਸਿੰਘ ਡਾਂਗੋਂ)-ਸਿੱਖ ਧਰਮ ਦੇ 5 ਤਖ਼ਤਾਂ 'ਚੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ (ਮਹਾਂਰਾਸ਼ਟਰ) ਅਤੇ ਤਖ਼ਤ ਸ੍ਰੀ ਪਟਨਾ ਸਾਹਿਬ (ਬਿਹਾਰ) ਜੋ ਕਿ ਦੂਜੇ ਰਾਜਾਂ 'ਚ ਹੋਣ 'ਤੇ ਰੇਲਵੇ ਆਵਾਜਾਈ ਦੀ ਵੱਡੀ ਘਾਟ ਕਰਕੇ ਬਹੁਤ ਸਾਰੇ ਪ੍ਰਾਣੀ ਦਰਸ਼ਨ ਦੀਦਾਰੇ ਕਰਨ ਤੋਂ ਵਾਂਝੇ ਰਹਿ ਜਾਂਦੇ ਹਨ | ਇਸ 'ਚ ਕੋਈ ਸ਼ੱਕ ਨਹੀਂ ਕਿ ਹਰ ਸਾਲ ਲੱਖਾਂ ਸ਼ਰਧਾਲੂ ਸ੍ਰੀ ਹਜ਼ੂਰ ਸਾਹਿਬ ਅਤੇ ਸ੍ਰੀ ਪਟਨਾ ਸਾਹਿਬ ਅਤੇ ਦੂਜੇ ਰਾਜਾਂ ਦੇ ਸ਼ਰਧਾਲੂ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਦੀ ਇੱਛਾ ਰੱਖਦੇ ਹਨ, ਪ੍ਰੰਤੂ ਰੇਲਵੇ ਵਿਭਾਗ ਵਲੋਂ ਸਮਾਂਬੱਧ ਅਤੇ ਤੇਜ਼ ਰਫ਼ਤਾਰ, ਆਧੁਨਿਕ ਸਹੂਲਤਾਂ ਵਾਲੀਆਂ ਰੇਲ ਗੱਡੀਆਂ ਦੀ ਵਿਵਸਥਾ ਘੱਟ ਹੋਣ ਕਾਰਨ ਹਰ ਕਿਸੇ ਦਾ ਆਉਣਾ-ਜਾਣਾ ਮੁਸ਼ਕਿਲ ਹੋ ਜਾਂਦਾ ਹੈ | ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਉੱਘੇ ਸਮਾਜ ਸੇਵੀ ਦਲਜੀਤ ਸਿੰਘ ਖੁਰਦ ਨੇ ਸੰਗਤਾਂ ਦੀ ਸੁਵਿਧਾ ਲਈ ਤੇਜ਼ ਰਫ਼ਤਾਰ ਰੇਲ ਗੱਡੀਆਂ ਦੀ ਮੰਗ ਕਰਦਿਆਂ ਕੀਤਾ | ਉਨ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੇਲਵੇ ਮੰਤਰੀ ਸ੍ਰੀ ਅਸ਼ਵਨੀ ਵੈਸ਼ਨਵ ਅਤੇ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਤੋਂ ਮੰਗ ਕੀਤੀ ਕਿ ਹਰ ਕਿਸੇ ਕੋਲ ਸਮੇਂ ਦੀ ਘਾਟ ਅਤੇ ਜ਼ਿੰਦਗੀ ਦੇ ਰੁਝੇਵਿਆਂ ਨੂੰ ਦੇਖਦਿਆਂ ਤਖ਼ਤ ਸ੍ਰੀ ਹਰਿਮੰਦਰ ਸਾਹਿਬ/ਅੰਮਿ੍ਤਸਰ ਤੋਂ ਵਾਇਆ ਜਲੰਧਰ, ਲੁਧਿਆਣਾ ਰਾਹੀਂ ਇੱਧਰ-ਉੱਧਰ ਤੇਜ਼ ਰਫ਼ਤਾਰ ਵੰਦੇ ਭਾਰਤ (ਸਲੀਪਰ) ਸ਼ੁਰੂ ਕਰਨਾ ਸਮੇਂ ਦੀ ਲੋੜ ਹੈ | ਅਕਾਲੀ ਗੁਰਦੀਪ ਸਿੰਘ ਫੱਲੇਵਾਲ ਨੇ ਕਿਹਾ ਰੇਲ ਗੱਡੀਆਂ ਦੀ ਵੱਡੀ ਘਾਟ ਕਾਰਨ ਹਰ ਕਿਸੇ ਨੂੰ ਕਈ-ਕਈ ਮਹੀਨੇ ਪਹਿਲਾਂ ਹੀ ਟਿਕਟਾਂ ਲੈਣੀਆਂ ਪੈਂਦੀਆਂ ਹਨ, ਪ੍ਰੰਤੂ ਅਚਾਨਕ ਹੀ ਘਰੇਲੂ ਜਾਂ ਸਮਾਜਿਕ ਕੰਮ ਹੋਣ ਦੀ ਸੂਰਤ 'ਚ ਕਈਆਂ ਨੂੰ ਆਪਣੀ ਯਾਤਰਾ ਰੱਦ ਵੀ ਕਰਨੀ ਪੈ ਜਾਂਦੀ ਹੈ ਅਤੇ ਮੁੜ ਤੁਰੰਤ ਸੀਟ ਉਪਲੱਬਧ ਨਾ ਹੋਣ ਕਾਰਨ ਸਬੱਬ ਨਾਲ ਹੀ ਯਾਤਰਾ ਦਾ ਸੰਯੋਗ ਬਣਦਾ ਹੈ | ਦੂਜੇ ਪਾਸੇ ਬਹੁਤ ਸਾਰੇ ਐੱਨ.ਆਰ.ਆਈ, ਮੁਲਾਜ਼ਮ ਵਰਗ, ਵਪਾਰੀ ਵਰਗ ਜੋ ਕਿ ਆਪਣੇ ਕੰਮਕਾਰ 'ਚੋਂ ਵਿਹਲ ਹੋਣ ਸਮੇਂ ਤੁਰੰਤ ਰੇਲ ਗੱਡੀ ਦਾ ਪ੍ਰਬੰਧ ਨਾ ਹੋਣ ਕਾਰਨ ਜਾ ਹੀ ਨਹੀਂ ਸਕਦੇ | ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਨੂੰ ਇਸ ਤਰ੍ਹਾਂ ਦੀਆਂ ਸਮੱਸਿਆਵਾਂ 'ਚ ਕੱਢਣ ਲਈ ਜੇਕਰ ਕੇਂਦਰ ਸਰਕਾਰ ਦਾ ਰੇਲਵੇ ਵਿਭਾਗ ਸੁਹਿਰਦਤਾ ਨਾਲ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਪਟਨਾ ਸਾਹਿਬ ਅਤੇ ਸ੍ਰੀ ਹਜ਼ੂਰ ਸਾਹਿਬ 3 ਤਖ਼ਤਾਂ ਨੂੰ ਤੇਜ਼ ਰਫ਼ਤਾਰ ਰੇਲ ਗੱਡੀਆਂ ਨਾਲ ਜੋੜਨ ਦਾ ਉਪਰਾਲਾ ਕਰਦਾ ਹੈ ਤਾਂ ਦੇਸ਼ ਦੁਨੀਆ 'ਚ ਵੱਸਦੇ ਸ਼ਰਧਾਲੂਆਂ ਦੀ ਯਾਤਰਾ ਕਰਨ ਵਾਲੀ ਇੱਛਾ/ਉਮੀਦ ਪੂਰੀ ਹੋ ਸਕੇਗੀ | ਇਸ ਦੇ ਨਾਲ ਹੀ ਬਲਵਿੰਦਰ ਸਿੰਘ ਫੱਲੇਵਾਲ ਸਾਬਕਾ ਸੰਮਤੀ ਮੈਂਬਰ, ਸੁਰਿੰਦਰ ਸਿੰਘ ਲਤਾਲਾ, ਸੁਖਵੀਰ ਸਿੰਘ ਪ੍ਰੇਮ ਬੜੂੰਦੀ, ਗੁਰਬੰਤ ਸਿੰਘ ਰਛੀਨ, ਡਾ: ਤਸਵੀਰ ਸਿੰਘ, ਅਵਤਾਰ ਸਿੰਘ ਲੋਹਟਬੱਦੀ, ਜਗਜੀਤ ਸਿੰਘ ਭੱਟੀ ਲੋਹਟਬੱਦੀ, ਫੌਜੀ ਕੇਵਲ ਸਿੰਘ ਲੋਹਟਬੱਦੀ, ਜਗਜੀਤ ਸਿੰਘ ਸਾਬਕਾ ਸਰਪੰਚ ਮਹੇਰਨਾਂ ਕਲਾਂ, ਸਤਵਿੰਦਰ ਸਿੰਘ ਸਿੰਦਾ ਮਹੇਰਨਾਂ ਕਲਾਂ ਪ੍ਰਧਾਨ ਆਦਿ ਨੇ ਵੀ ਰੇਲ ਸਫ਼ਰ ਰਾਹੀਂ ਤਖ਼ਤਾਂ ਦੀ ਯਾਤਰਾ ਸੁਖਾਲੀ ਕਰਨ ਦੀ ਮੰਗ ਕੀਤੀ ਹੈ |