ਜਗਰਾਉਂ, 20 ਜਨਵਰੀ (ਹਰਵਿੰਦਰ ਸਿੰਘ ਖ਼ਾਲਸਾ)-ਚੰਗਾ ਇਨਸਾਨ ਬਣਨ ਲਈ ਸਵੇਰੇ ਤੋਂ ਸ਼ਾਮ ਤੱਕ ਦਾ ਜੀਵਨ ਧਰਮ ਦੇ ਅਨੁਸਾਰ ਬਤੀਤ ਹੋਣਾ ਚਾਹੀਦਾ ਹੈ | ਜਦ ਤੁਸੀਂ ਸਮਾਜ ਵਿਚ ਵਿਚਰਦੇ ਹੋ ਤਾਂ ਤੁਹਾਡਾ ਧਰਮ ਵੀ ਤੁਹਾਡੇ ਨਾਲ ਤੁਰਨਾ ਚਾਹੀਦਾ ਹੈ | ਅਜਿਹਾ ਵਰਤਾਰਾ ਮਨੁੱਖ ਨੂੰ ਕੁਰਾਹੇ ਪੈਣ ਤੋਂ ਰੋਕਦਾ ਹੈ | ਇਹ ਸ਼ਬਦ ਸੰਤ ਬਾਬਾ ਅਰਵਿੰਦਰ ਸਿੰਘ ਨਾਨਕਸਰ ਵਾਲਿਆਂ ਨੇ ਸੰਗਤਾਂ ਨਾਲ ਵਿਚਾਰਾਂ ਕਰਦਿਆਂ ਆਖੇ | ਉਨ੍ਹਾਂ ਆਖਿਆ ਕਿ ਅਸੀਂ ਇਥੇ ਪਦਾਰਥ ਇਕੱਠੇ ਕਰਨ ਲਈ ਨਹੀਂ ਬਲਕਿ ਗੁਰੂ ਦਾ ਨਾਮ ਜਪਣ ਅਤੇ ਕਾਦਰ ਦੀ ਸਾਜੀ ਕੁਦਰਤ ਨੂੰ ਹੋਰ ਸੁੰਦਰ ਬਣਾਉਣ ਲਈ ਆਏ ਹਾਂ | ਉਨ੍ਹਾਂ ਦੱਸਿਆ ਕਿ ਧਾਰਮਿਕ ਸਿੱਖਿਆਵਾਂ ਅਨੁਸਾਰ ਅਸੀਂ ਸਭ ਇਕ ਅਕਾਲ ਪੁਰਖ ਦੀ ਸੰਤਾਨ ਹਾਂ | ਸਾਨੂੰ ਜੋ ਦਿਸ ਅਤੇ ਮਹਿਸੂਸ ਹੋ ਰਿਹਾ ਹੈ ਉਸ ਦੀ ਵੀ ਸਿਰਜਣਾ ਉਸ ਸਿਰਜਣਹਾਰੇ ਨੇ ਹੀ ਕੀਤੀ ਹੈ | ਇਸ ਲਈ ਇਥੋਂ ਦਾ ਹਰ ਬਾਸ਼ਿੰਦਾ ਸਾਡਾ ਭੈਣ-ਭਾਈ ਹੈ | ਸਾਨੂੰ ਕਿਸੇ ਨਾਲ ਵੈਰ ਵਿਰੋਧ ਨਹੀਂ ਰੱਖਣਾ ਚਾਹੀਦਾ ਬਲਕਿ ਹਰ ਇਕ ਨੂੰ ਅਕਾਲ ਪੁਰਖ ਦੀ ਸੰਤਾਨ ਸਮਝ ਕੇ ਉਸ ਪ੍ਰਤੀ ਭਲਾਈ ਵਾਲੀ ਸੋਚ ਰੱਖਣੀ ਚਾਹੀਦੀ ਹੈ | ਉਨ੍ਹਾਂ ਆਖਿਆ ਕਿ ਭਾਵੇਂ ਇਸ ਪਦਾਰਥਵਾਦੀ ਯੁੱਗ ਵਿਚ ਮਨੁੱਖ ਰਿਸ਼ਤਿਆਂ ਦੀ ਥਾਂ ਪਦਾਰਥਾਂ ਨੂੰ ਪਹਿਲ ਦੇਣ ਲੱਗ ਪਿਆ ਹੈ ਪਰ ਇਹ ਚਿੱਟੇ ਦਿਨ ਵਾਂਗ ਸਾਫ਼ ਹੈ ਜਦ ਤੱਕ ਮਨੁੱਖ ਧਰਮ ਦੇ ਲੜ ਨਹੀਂ ਲੱਗਦਾ ਤਦ ਤੱਕ ਉਹ ਭਟਕਦਾ ਹੀ ਰਹੇਗਾ | ਉਨ੍ਹਾਂ ਸੰਗਤਾਂ ਨੂੰ ਨਾਮ ਜਪਣ, ਕਿਰਤ ਕਰਨ ਅਤੇ ਵੰਡ ਕੇ ਛਕਣ ਦੇ ਗੁਰੂ ਸਿਧਾਂਤਾਂ ਨੂੰ ਅਪਨਾ ਕੇ ਆਪਣਾ ਜੀਵਨ ਬਤੀਤ ਕਰਨ ਲਈ ਵੀ ਆਖਿਆ |