ਭੂੰਦੜੀ, 20 ਜਨਵਰੀ (ਕੁਲਦੀਪ ਸਿੰਘ ਮਾਨ)-ਕਾਂਗਰਸ ਪਾਰਟੀ ਦੇ ਅਹੁਦੇਦਾਰਾਂ ਅਤੇ ਆਗੂਆਂ ਦੀ ਇਕ ਮੀਟਿੰਗ ਸਾਬਕਾ ਸਰਪੰਚ ਗੁਰਮੀਤ ਸਿੰਘ ਦੇ ਗ੍ਰਹਿ ਵਿਖੇ ਕੀਤੀ ਗਈ | ਇਹ ਮੀਟਿੰਗ 27 ਜਨਵਰੀ ਨੂੰ ਮੁੱਲਾਂਪੁਰ ਵਿਖੇ ਕੈਪਟਨ ਸੰਦੀਪ ਸੰਧੂ ਦੀ ਅਗਵਾਈ 'ਚ ਹੋਣ ਜਾ ਰਹੀ ਰੈਲੀ ਦੇ ਸਬੰਧ ਵਿਚ ਸੀ | ਇਸ ਬਲਾਕ ਪ੍ਰਧਾਨ ਪ੍ਰੇਮ ਸਿੰਘ ਸੇਖੋਂ ਵੀ ਸ਼ਾਮਿਲ ਹੋਏ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨਰੇਗਾ ਕਾਨੂੰਨ ਵਿਚ ਤਬਦੀਲੀਆਂ ਕਰਕੇ ਗਰੀਬਾਂ ਅਤੇ ਮਜ਼ਦੂਰਾਂ ਦੇ ਹੱਕਾਂ 'ਤੇ ਡਾਕਾ ਮਾਰ ਰਹੀ ਹੈ | ਉਨ੍ਹਾਂ ਕਿਹਾ ਕਿ ਸੰਨ 2005 ਤੋਂ ਚੱਲ ਰਹੀ ਨਰੇਗਾ ਸਕੀਮ ਨਾਲ ਲੱਖਾਂ ਗਰੀਬਾਂ ਅਤੇ ਮਜ਼ਦੂਰ ਵਰਗ ਨੂੰ ਰੋਜ਼ਗਾਰ ਮਿਲਦਾ ਸੀ ਪਰ ਹੁਣ ਕਾਨੂੰਨ ਵਿਚ ਕੀਤੀਆਂ ਜਾ ਰਹੀਆਂ ਤਬਦੀਲੀਆਂ ਕਾਰਨ ਨਰੇਗਾ ਮਜ਼ਦੂਰਾਂ ਦੇ ਘਰਾਂ ਦੇ ਚੁੱਲ੍ਹੇ ਠੰਢੇ ਪੈ ਜਾਣਗੇ ਅਤੇ ਉਹ ਦੋ ਵਕਤ ਦੀ ਰੋਟੀ ਲਈ ਤਰਸਣ ਨੂੰ ਮਜ਼ਬੂਰ ਹੋ ਜਾਣਗੇ | ਸੇਖੋਂ ਨੇ ਕਿਹਾ ਕਿ ਇਥੇ ਹੀ ਗੱਲ ਖ਼ਤਮ ਨਹੀਂ ਹੁੰਦੀ, ਕੇਂਦਰ ਦੀ ਮੋਦੀ ਸਰਕਾਰ ਬਿਜਲੀ ਸੋਧ ਬਿੱਲ, ਬੀਜ ਸੋਧ ਬਿੱਲ ਵਰਗੇ ਲੋਕ ਮਾਰੂ ਕਾਨੂੰਨ ਲਿਆ ਕੇ ਆਮ ਲੋਕਾਂ ਦਾ ਕੰਚੂਮਰ ਕੱਢਣ 'ਤੇ ਤੁਲੀ ਹੋਈ ਹੈ | ਇਸ ਮੌਕੇ ਸਾਬਕਾ ਸਰਪੰਚ ਗੁਰਮੀਤ ਸਿੰਘ ਨੇ ਮੀਟਿੰਗ ਵਿਚ ਸ਼ਾਮਿਲ ਸਾਰੇ ਆਗੂਆਂ ਅਤੇ ਅਹੁਦੇਦਾਰਾਂ ਦਾ ਸਵਾਗਤ ਕੀਤਾ ਅਤੇ 27 ਜਨਵਰੀ ਦੀ ਮੁੱਲਾਂਪੁਰ ਰੈਲੀ ਵਿਚ ਵੱਡੀ ਗਿਣਤੀ ਵਿਚ ਸ਼ਮੂਲੀਅਤ ਦੀ ਅਪੀਲ ਕੀਤੀ | ਇਸ ਮੌਕੇ ਬਲਾਕ ਪ੍ਰਧਾਨ ਪ੍ਰੇਮ ਸਿੰਘ ਸੇਖੋਂ, ਸਾਬਕਾ ਸਰਪੰਚ ਗੁਰਮੀਤ ਸਿੰਘ, ਅਮਰਜੀਤ ਸਿੰਘ ਹੇਰਾਂ, ਸਾਬਕਾ ਸਰਪੰਚ ਹਰਪ੍ਰੀਤ ਸਿੰਘ, ਸਾਬਕਾ ਚੇਅਰਮੈਨ ਸੁਰਜੀਤ ਸਿੰਘ, ਭਿੰਦਰ ਸਿੰਘ, ਮੇਵਾ ਸਿੰਘ ਅਣਜਾਣ, ਸਾਈ ਸਿੰਘ, ਮੁਨਸ਼ਾ ਸਿੰਘ, ਬੱਬੀ ਸੁਖਦੇਵ ਸਿੰਘ ਬੂਰਾ, ਸਵਰਨ ਸਿੰਘ ਬਿੱਲਾ, ਸਤਪਾਲ ਸਿੰਘ, ਨੰਬਰਦਾਰ ਭੂਪਿੰਦਰ ਸਿੰਘ, ਪਾਲ ਸਿੰਘ, ਬਲਰਾਜ ਸਿੰਘ ਜੰਗੀ, ਸੂਬੇਦਾਰ ਕਾਲਾ ਸਿੰਘ, ਮਨਜਿੰਦਰ ਸਿੰਘ ਮੋਨੀ ਆਦਿ ਹਾਜ਼ਰ ਸਨ |