ਰਾਏਕੋਟ, 20 ਜਨਵਰੀ (ਸੁਸ਼ੀਲ)-ਕੇਂਦਰ ਸਰਕਾਰ ਵਲੋਂ ਮਨਰੇਗਾ ਸਕੀਮ ਵਿਚ ਬਦਲਾਅ ਕਰਕੇ ਇਸ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨੂੰ ਕਾਂਗਰਸ ਪਾਰਟੀ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ | ਇਹ ਪ੍ਰਗਟਾਵਾ ਰਾਏਕੋਟ ਹਲਕੇ ਦੇ ਇੰਚਾਰਜ ਕਾਮਿਲ ਅਮਰ ਸਿੰਘ ਵਲੋਂ 27 ਜਨਵਰੀ ਨੂੰ ਰਾਏਕੋਟ ਦੀ ਅਨਾਜ ਮੰਡੀ ਵਿਚ ਹੋਣ ਵਾਲੀ ਪਾਰਟੀ ਦੀ 'ਮਨਰੇਗਾ ਬਚਾਓ ਸੰਗਰਾਮ ਰੈਲੀ' ਦੇ ਸਬੰਧ ਵਿਚ ਨੇੜਲੇ ਪਿੰਡ ਆਂਡਲੂ ਵਿਖੇ ਸਰਪੰਚ ਹਰਵਿੰਦਰ ਸਿੰਘ ਰਾਜਾ ਬਰਾੜ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸ੍ਰੀਮਤੀ ਰਾਜਵਿੰਦਰ ਕੌਰ ਬਰਾੜ ਦੀ ਅਗਵਾਈ ਵਿਚ ਰੱਖੀ ਗਈ ਪਿੰਡ ਵਾਸੀਆਂ ਦੀ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ | ਇਸ ਮੌਕੇ ਕਾਮਿਲ ਅਮਰ ਸਿੰਘ ਨੇ ਕਿਹਾ ਕਿ ਮਨਰੇਗਾ ਨੂੰ ਕਮਜ਼ੋਰ ਕਰਨ ਦੇ ਵਿਰੋਧ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਵਲੋਂ ਵਿੱਢੀ ਗਈ ਮੁਹਿੰਮ 'ਮਨਰੇਗਾ ਬਚਾਓ ਸੰਗਰਾਮ' ਰੈਲੀ 27 ਜਨਵਰੀ ਨੂੰ ਰਾਏਕੋਟ ਅਨਾਜ ਮੰਡੀ ਵਿਚ ਕੀਤੀ ਜਾ ਰਹੀ ਹੈ | ਜਿਸ ਵਿਚ ਕਾਂਗਰਸ ਦੇ ਸੂਬਾ ਇੰਚਾਰਜ ਭੁਪੇਸ਼ ਬਘੇਲ, ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ, ਸੰਸਦ ਮੈਂਬਰ ਡਾਕਟਰ ਅਮਰ ਸਿੰਘ ਤੋਂ ਇਲਾਵਾ ਪਾਰਟੀ ਦੇ ਹੋਰ ਕੱਦਾਵਰ ਆਗੂ ਪਹੁੰਚ ਰਹੇ ਹਨ | ਇਸ ਮੌਕੇ ਕਾਮਿਲ ਅਮਰ ਸਿੰਘ ਨੇ ਕਿਹਾ ਕਿ ਮਨਰੇਗਾ ਸਕੀਮ ਕਾਂਗਰਸ ਸਰਕਾਰ ਦੀ ਇਕ ਇਤਿਹਾਸਕ ਦੇਣ ਹੈ, ਜਿਸ ਨੇ ਪੇਂਡੂ ਖੇਤਰ ਦੇ ਲੱਖਾਂ ਪਰਿਵਾਰਾਂ ਨੂੰ ਰੁਜ਼ਗਾਰ ਦੀ ਗਰੰਟੀ ਦਿੱਤੀ ਹੈ | ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਦੀ ਭਾਜਪਾ ਸਰਕਾਰ ਇਸ ਸਕੀਮ ਦਾ ਨਾਮ ਅਤੇ ਸਰੂਪ ਬਦਲ ਕੇ ਗਰੀਬਾਂ ਦੇ 'ਰੁਜ਼ਗਾਰ ਦੇ ਅਧਿਕਾਰ' ਨੂੰ ਖ਼ਤਮ ਕਰਨਾ ਚਾਹੁੰਦੀ ਹੈ, ਜਿਸ ਨੂੰ ਕਾਂਗਰਸ ਪਾਰਟੀ ਕਦੇ ਬਰਦਾਸ਼ਤ ਨਹੀਂ ਕਰੇਗੀ | ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਰੈਲੀ ਵਿਚ ਵੱਧ-ਚੜ੍ਹਕੇ ਸ਼ਮੂਲੀਅਤ ਕਰਨ | ਇਸ ਮੌਕੇ ਸਰਪੰਚ ਹਰਵਿੰਦਰ ਸਿੰਘ ਨੇ ਭਰੋਸਾ ਦਿਵਾਇਆ ਕਿ ਉਹ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਦੇ ਨਾਲ ਰੈਲੀ ਵਿਚ ਸ਼ਾਮਿਲ ਹੋਣਗੇ | ਇਸ ਮੌਕੇ ਗੁਰਦੀਪ ਸਿੰਘ ਪੰਚ, ਲਛਮਣ ਸਿੰਘ ਪੰਚ, ਪੰਚ ਜਸਵੰਤ ਸਿੰਘ, ਪੰਚ ਰਣਜੀਤ ਸਿੰਘ, ਕੁਲਦੀਪ ਕੌਰ ਪੰਚ, ਲਖਵੀਰ ਸਿੰਘ ਲੋਹਟਬੱਦੀ, ਨਿਰਮਲ ਸਿੰਘ ਨੰਗਲ, ਕੁਲਦੀਪ ਸਿੰਘ ਨੰਗਲ, ਛੋਟਾ ਸਿੰਘ ਤੁੰਗਾਂਹੇੜੀ, ਪੰਚ ਕਸਮੀਰੀ ਲਾਲ, ਸਾਬਕਾ ਸਰਪੰਚ ਮੇਜਰ ਸਿੰਘ, ਜੀਵਨ ਸਿੰਘ ਕਲਸੀਆ, ਜਸਵੰਤ ਸਿੰਘ ਬ੍ਰਹਮਪੁਰ, ਸੁਖਦੀਪ ਸਿੰਘ ਰਾਜਗੜ੍ਹ, ਬਲਰਾਜ ਸਿੰਘ ਰਾਜਗੜ੍ਹ, ਧਰਮਿੰਦਰ ਸਿੰਘ ਰਛੀਨ, ਪਿੰਦਾ ਸਿੰਘ, ਰੁਪਿੰਦਰ ਸਿੰਘ ਬੜੂੰਦੀ, ਮਲਕੀਤ ਸਿੰਘ ਆਂਡਲੂ, ਜਰਨੈਲ ਸਿੰਘ ਆਂਡਲੂ ਸਮੇਤ ਹੋਰ ਕਈ ਪਿੰਡ ਵਾਸੀ ਸ਼ਾਮਿਲ ਸਨ |