ਤਲਵਾੜਾ, 31 ਮਾਰਚ (ਮਹਿਤਾ)-ਪਾਣੀ ਮਨੁੱਖੀ ਜੀਵਨ ਦੀ ਮੁੱਢਲੀ ਲੋੜ ਹੈ, ਪਰ ਅਫ਼ਸੋਸ ਦੀ ਗੱਲ ਹੈ ਕਿ ਅੱਜ ਸਮਾਜ ਵਿਚ ਪਾਣੀ ਦੀ ਬੇਹੱਦ ਦੁਰਵਰਤੋਂ ਹੋ ਰਹੀ ਹੈ | ਇਹ ਨਾ ਸਿਰਫ਼ ਭਵਿੱਖ ਦੀਆਂ ਪੀੜ੍ਹੀਆਂ ਲਈ ਖ਼ਤਰਾ ਹੈ, ਸਗੋਂ ਮੌਜੂਦਾ ਸਮੇਂ ਵਿਚ ਵੀ ਪਾਣੀ ਦੀ ਕਮੀ ਦੇ ਸੰਕਟ ਨੂੰ ਜਨਮ ਦੇ ਰਹੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੀਨੀਅਰ ਭਾਜਪਾ ਆਗੂ ਤੇ ਪ੍ਰਸਿੱਧ ਵਕੀਲ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਨੇ ਚੋਣਵੇਂ ਪੱਤਰਕਾਰਾਂ ਨਾਲ ਕੀਤਾ | ਐਡਵੋਕੇਟ ਸਿੱਧੂ ਨੇ ਕਿਹਾ ਕਿ ਪਾਣੀ ਦੀ ਬੇਧਿਆਨੀ ਨਾਲ ਕੀਤੀ ਜਾ ਰਹੀ ਵਰਤੋਂ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ | ਘਰੇਲੂ ਪੱਧਰ ਤੋਂ ਲੈ ਕੇ ਖੇਤੀਬਾੜੀ ਅਤੇ ਉਦਯੋਗ ਤੱਕ, ਹਰ ਥਾਂ ਪਾਣੀ ਦੀ ਫ਼ਜ਼ੂਲ-ਖ਼ਰਚੀ ਕਾਰਨ ਜ਼ਮੀਨੀ ਪਾਣੀ ਦਾ ਪੱਧਰ ਤੇਜ਼ੀ ਨਾਲ ਘੱਟ ਰਿਹਾ ਹੈ | ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪਾਣੀ ਨੂੰ ਬਚਾਉਣਾ ਹਰ ਨਾਗਰਿਕ ਦਾ ਫ਼ਰਜ਼ ਹੈ, ਘਰਾਂ ਵਿਚ ਟਪਕਦੇ ਨਲ ਬੰਦ ਕਰਨ, ਫ਼ਜ਼ੂਲੀ ਸਿੰਚਾਈ ਰੋਕਣ, ਵਰਖਾ ਜਲ ਸੰਭਾਲਣ ਵਰਗੀਆਂ ਛੋਟੀਆਂ ਕੋਸ਼ਿਸ਼ਾਂ ਨਾਲ ਵੱਡਾ ਬਦਲਾਅ ਲਿਆਇਆ ਜਾ ਸਕਦਾ ਹੈ | ਐਡਵੋਕੇਟ ਸਿੱਧੂ ਨੇ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਪਾਣੀ ਸੁਰੱਖਿਆ ਸੰਬੰਧੀ ਕਾਨੂੰਨਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇ ਅਤੇ ਜਨਤਾ ਵਿਚ ਜਾਗਰੂਕਤਾ ਮੁਹਿੰਮ ਚਲਾਈ ਜਾਵੇ | ਉਨ੍ਹਾਂ ਕਿਹਾ ਕਿ 'ਜੇਕਰ ਅਸੀਂ ਅੱਜ ਪਾਣੀ ਨਹੀਂ ਬਚਾਵਾਂਗੇ, ਤਾਂ ਕੱਲ੍ਹ ਸਾਨੂੰ ਪਾਣੀ ਲੱਭਣ ਲਈ ਭਟਕਣਾ ਪਵੇਗਾ | ਸਮਾਂ ਆ ਗਿਆ ਹੈ ਕਿ ਪਾਣੀ ਨੂੰ ਸੋਨੇ ਵਰਗਾ ਕੀਮਤੀ ਸਮਝ ਕੇ ਸੰਭਾਲਿਆ ਜਾਵੇ |'