ਹੁਸ਼ਿਆਰਪੁਰ, 31 ਮਾਰਚ (ਨਰਿੰਦਰ ਸਿੰਘ ਬੱਡਲਾ)-ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਵਲੋਂ ਪੰਜਾਬ ਦੀ ਨਵ ਸਿਰਜਣਾ ਤਹਿਤ ਆਰੰਭ ਕੀਤੀ ਪ੍ਰੋਗਰਾਮ ਲੜੀ 'ਸਿਰਜਣਾ ਤੇ ਸੰਵਾਦ' ਅਧੀਨ ਜ਼ਿਲ੍ਹਾ ਭਾਸ਼ਾ ਦਫ਼ਤਰ ਹੁਸ਼ਿਆਰਪੁਰ ਵਿਖੇ ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਪ੍ਰੋ. ਕੇਵਲ ਕਲੋਟੀ ਨਾਲ ਸੰਵਾਦ ਸਮਾਗਮ ਕਰਵਾਇਆ ਗਿਆ | ਇਸ ਮੌਕੇ ਹਾਜ਼ਰ ਲੇਖਕਾਂ, ਆਲੋਚਕਾਂ ਤੇ ਪਾਠਕਾਂ ਨੇ ਨਾਵਲਕਾਰ ਕੇਵਲ ਕਲੋਟੀ ਦੇ ਸਾਰੇ ਨਾਵਲਾਂ ਅਤੇ ਵਿਸ਼ੇਸ਼ ਕਰਕੇ ਉਨ੍ਹਾਂ ਦੀ ਚਰਚਿਤ ਪੁਸਤਕ 'ਰੇਪ ਆਫ਼ ਹਿਸਟਰੀ' ਬਾਰੇ ਗੰਭੀਰ ਵਿਚਾਰ ਚਰਚਾ ਕੀਤੀ ਗਈ | ਸਮਾਗਮ ਦੇ ਆਰੰਭ ਵਿਚ ਡਾ. ਜਸਵੰਤ ਰਾਏ ਖੋਜ ਅਫ਼ਸਰ ਜ਼ਿਲ੍ਹਾ ਭਾਸ਼ਾ ਦਫ਼ਤਰ ਹੁਸ਼ਿਆਰਪੁਰ ਨੇ ਆਏ ਹੋਏ ਲੇਖਕਾਂ, ਆਲੋਚਕਾਂ ਅਤੇ ਪਾਠਕਾਂ ਲਈ ਜੀ ਆਇਆ ਸ਼ਬਦ ਆਖੇ | ਉਪਰੰਤ ਕੋਆਰਡੀਨੇਟਰ ਡਾ. ਜੇ.ਬੀ. ਸੇਖੋਂ ਨੇ ਕਿਹਾ ਕਿ ਪ੍ਰੋ. ਕੇਵਲ ਕਲੋਟੀ ਦੇ ਨਾਵਲ ਚਿੰਤਨ ਪ੍ਰਧਾਨ ਨਾਵਲਕਾਰੀ ਦੀ ਵੰਨਗੀ 'ਚ ਆਉਂਦੇ ਹਨ ਤੇ ਅਜਿਹੇ ਗੋਸ਼ਟੀ ਸਮਾਰੋਹ ਨਾਵਲ, ਪਾਠਕ ਅਤੇ ਆਲੋਚਕ ਨੂੰ ਇਕ ਮੰਚ ਪ੍ਰਦਾਨ ਕਰਦੇ ਹਨ | ਇਸ ਮੌਕੇ ਨਾਵਲਕਾਰ ਪ੍ਰੋ. ਕੇਵਲ ਕਲੋਟੀ ਨੇ ਆਪਣੇ ਸਾਰੇ ਨਾਵਲਾਂ ਦੀ ਰਚਨਾ ਪ੍ਰਕਿਰਿਆ ਬਾਰੇ ਵਿਚਾਰ ਸਾਂਝੇ ਕੀਤੇ | ਇਸ ਮੌਕੇ ਵਿਚਾਰ ਚਰਚਾ ਦਾ ਆਰੰਭ ਸ਼ਾਇਰ ਨਵਤੇਜ ਗੜ੍ਹਦੀਵਾਲਾ ਨੇ ਕੀਤਾ | ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਸਵੰਤ ਰਾਏ ਨੇ ਸਮਾਜਵਾਦੀ ਵਿਚਾਰਧਾਰਾ ਅਤੇ ਭਾਰਤੀ ਸਮਾਜਿਕ ਬਣਤਰ ਬਾਰੇ ਵਿਚਾਰ ਰੱਖੇ | ਇਸ ਮੌਕੇ ਡਾ. ਧਰਮਪਾਲ ਸਾਹਿਲ, ਰਘਬੀਰ ਸਿੰਘ ਟੇਰਕਿਆਣਾ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਪ੍ਰੋ. ਕੇਵਲ ਕਲੋਟੀ ਨੇ ਆਪਣੇ ਨਾਵਲਾਂ ਨੂੰ ਵਸਤੂ ਪ੍ਰਧਾਨ ਦੱਸਿਆ ਤੇ ਨਾਵਲ ਦੀ ਵਿਧਾ 'ਚ ਵਿਚਾਰਾਂ ਦੀ ਪ੍ਰਧਾਨਤਾ ਬਾਰੇ ਵਿਚਾਰ ਰੱਖੇ | ਇਸ ਮੌਕੇ ਕਹਾਣੀਕਾਰ ਸਾਂਵਲ ਧਾਮੀ, ਵਿਜੇ ਬੰਬੇਲੀ, ਪ੍ਰੋ ਬਲਦੇਵ ਸਿੰਘ ਬੱਲੀ, ਸੰਤੋਖ ਸਿੰਘ, ਮੇਜਰ ਸਿੰਘ, ਕੁਲਤਾਰ ਸਿੰਘ, ਕੁਲਦੀਪ ਸਿੰਘ, ਜਸਵੰਤ ਸਿੰਘ, ਸਤੀਸ਼ ਕੁਮਾਰ, ਜੀਵਨ ਚੰਦੇਲੀ, ਸਰਬਜੀਤ ਸਿੰਘ, ਡਾ. ਦਰਸ਼ਨ ਸਿੰਘ ਦਰਸ਼ਨ, ਡਾ ਅਜੀਤ ਸਿੰਘ, ਕਮਲ ਨੈਣ ਸ਼ਰਮਾ, ਰਵਿੰਦਰ ਸ਼ਰਮਾ ਆਦਿ ਨੇ ਵੀ ਸੰਵਾਦ ਗੋਸ਼ਟੀ 'ਚ ਹਿੱਸਾ ਲਿਆ |