ਦਸੂਹਾ, 30 ਮਾਰਚ (ਕੌਸ਼ਲ)-ਪਿੰਡ ਉੱਚੀ ਬੱਸੀ (ਹਲਕਾ ਦਸੂਹਾ) ਵਿਚ ਵਿਧਾਇਕ ਕਰਮਵੀਰ ਸਿੰਘ ਘੁੰਮਣ ਦੀ ਅਗਵਾਈ ਹੇਠ ਇਕ ਵੱਡਾ ਰਾਜਨੀਤਿਕ ਇਕੱਠ ਹੋਇਆ, ਜਿਸ ਦੌਰਾਨ ਕਈ ਭਾਜਪਾ ਆਗੂ ਅਤੇ ਉਨ੍ਹਾਂ ਦੇ ਪਰਿਵਾਰ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ | ਇਸ ਮੌਕੇ ਭਾਜਪਾ ਦੇ ਯੂਥ ਆਗੂ ਅਮਿੱਤ ਮਿਨਹਾਸ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਨਾਲ ਜੁੜੇ, ਜੋ ਕਿ ਇਲਾਕੇ ਦੀ ਰਾਜਨੀਤੀ ਵਿਚ ਇੱਕ ਮਹੱਤਵਪੂਰਨ ਤਬਦੀਲੀ ਵਜੋਂ ਵੇਖਿਆ ਜਾ ਰਿਹਾ ਹੈ | ਇਸ ਸਮਾਗਮ ਦੌਰਾਨ ਅਮਿੱਤ ਮਿਨਹਾਸ ਦੇ ਨਾਲ ਪੰਚਾਇਤ ਮੈਂਬਰ ਰਣਬੀਰ ਸਿੰਘ ਮਿਨਹਾਸ, ਪੰਜਾਬ ਸਿੰਘ ਅਤੇ ਧਿਆਨ ਸਿੰਘ ਵੀ ਆਪਣੇ ਪਰਿਵਾਰਾਂ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ | ਪਾਰਟੀ ਵਿਚ ਸ਼ਾਮਿਲ ਹੋਣ ਵਾਲੇ ਆਗੂਆਂ ਦਾ ਵਿਧਾਇਕ ਘੁੰਮਣ ਅਤੇ ਹੋਰ ਸੀਨੀਅਰ ਆਗੂਆਂ ਵਲੋਂ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਪੂਰਾ ਮਾਣ-ਸਨਮਾਨ ਦਿੱਤਾ ਗਿਆ | ਨਵੇਂ ਸ਼ਾਮਿਲ ਹੋਏ ਆਗੂਆਂ ਨੇ ਕਿਹਾ ਕਿ ਭਾਜਪਾ ਅਤੇ ਕਾਂਗਰਸ ਦੀਆਂ ਨੀਤੀਆਂ ਤੋਂ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਹੈ ਅਤੇ ਹੁਣ ਉਹ ਇੱਕ ਸਾਫ਼-ਸੁਥਰੀ ਅਤੇ ਲੋਕ-ਕੇਂਦਰਿਤ ਸਰਕਾਰ ਚਾਹੁੰਦੇ ਹਨ | ਇਸ ਮੌਕੇ ਗੁਰਵਿੰਦਰ ਸਿੰਘ ਸਰਪੰਚ, ਐਡਵੋਕੇਟ ਸੁਮਨਦੀਪ ਸਿੰਘ, ਬਲਾਕ ਪ੍ਰਧਾਨ ਕਮਲ ਮਾਲਵਾ, ਚੇਅਰਮੈਨ ਕੇ ਪੀ ਸਿੰਘ ਸੰਧੂ, ਰੇਸ਼ਮ ਸਿੰਘ, ਮਹਿੰਦਰ ਸਿੰਘ ਬਾਜਵਾ, ਰਾਜਿੰਦਰ ਸਿੰਘ, ਰਸ਼ਪਾਲ ਸਿੰਘ, ਭੁਲਾ ਰਾਮ, ਦਲੀਪ ਚੰਦ ਪਾਸਟਰ, ਅਮਨ ਅਰੋੜਾ ਤੇ ਜੱਗਾ ਉੱਚੀ ਬੱਸੀ ਸਮੇਤ ਕਈ ਹੋਰ ਆਗੂ ਅਤੇ ਵਰਕਰ ਮੌਜੂਦ ਸਨ | ਇਸ ਤਰ੍ਹਾਂ ਪਿੰਡ ਉੱਚੀ ਬੱਸੀ ਵਿਚ ਹੋਇਆ ਇਹ ਰਾਜਨੀਤਿਕ ਸਮਾਗਮ ਆਮ ਆਦਮੀ ਪਾਰਟੀ ਲਈ ਇਕ ਵੱਡੀ ਮਜ਼ਬੂਤੀ ਵਜੋਂ ਸਾਹਮਣੇ ਆਇਆ ਹੈ, ਜੋ ਹਲਕੇ ਦੀ ਸਿਆਸਤ 'ਤੇ ਅਸਰ ਪਾ ਸਕਦਾ ਹੈ |
ਵਿਧਾਇਕ ਘੁੰਮਣ ਦੀ ਅਗਵਾਈ 'ਚ ਕਈ ਭਾਜਪਾ ਆਗੂ 'ਆਪ' ਵਿਚ ਸ਼ਾਮਿਲ
ਅਜੀਤ ਡੈਸਕ
31-03-2026