ਟਾਂਡਾ ਉੜਮੁੜ, 29 ਮਾਰਚ (ਕੁਲਬੀਰ ਸਿੰਘ ਗੁਰਾਇਆ) ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਵਲੋਂ ਅੱਜ ਟਾਂਡਾ ਹਾਈਵੇ 'ਤੇ ਨਵੀਆਂ ਸਟਰੀਟ ਲਾਈਟਾਂ ਦੇ ਪ੍ਰੋਜੈਕਟ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਇਲਾਕੇ ਦੇ ਵੱਡੀ ਗਿਣਤੀ ਵਿਚ ਲੋਕ, ਪਾਰਟੀ ਵਰਕਰ ਅਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਸਨ | ਇਸ ਮੌਕੇ ਬੋਲਦਿਆਂ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਦੱਸਿਆ ਕਿ ਇਸ ਪ੍ਰੋਜੈਕਟ 'ਤੇ ਲਗਭਗ 1 ਕਰੋੜ 8 ਲੱਖ ਰੁਪਏ ਦੀ ਲਾਗਤ ਆਵੇਗੀ ਅਤੇ ਇਹ ਲਾਈਟਾਂ ਹਾਈਵੇ 'ਤੇ ਆਵਾਜਾਈ ਨੂੰ ਹੋਰ ਵੀ ਸੁਰੱਖਿਅਤ ਅਤੇ ਸੁਵਿਧਾਜਨਕ ਬਣਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣਗੀਆਂ | ਉਨ੍ਹਾਂ ਕਿਹਾ ਕਿ ਰਾਤ ਦੇ ਸਮੇਂ ਹਾਈਵੇ 'ਤੇ ਹਨੇਰੇ ਕਾਰਨ ਅਕਸਰ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਸੀ, ਪਰ ਹੁਣ ਨਵੀਆਂ ਲਾਈਟਾਂ ਨਾਲ ਇਹ ਸਮੱਸਿਆ ਕਾਫ਼ੀ ਹੱਦ ਤੱਕ ਘਟੇਗੀ | ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਲਾਕੇ ਦੇ ਵਿਕਾਸ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿਚ ਹੋਰ ਵੀ ਵਿਕਾਸੀ ਪ੍ਰੋਜੈਕਟ ਸ਼ੁਰੂ ਕੀਤੇ ਜਾਣਗੇ | ਉਨ੍ਹਾਂ ਹੋਰ ਕਿਹਾ ਕਿ ਸਾਡਾ ਮੁੱਖ ਮੰਤਵ ਹੈ ਕਿ ਹਰ ਇਲਾਕੇ ਵਿਚ ਬੁਨਿਆਦੀ ਸਹੂਲਤਾਂ ਨੂੰ ਮਜ਼ਬੂਤ ਕੀਤਾ ਜਾਵੇ | ਇਸ ਮੌਕੇ ਕੇਸ਼ਵ ਸਿੰਘ, ਹਰਮੀਤ ਵੜੈਚ, ਗੁਰਮੀਤ ਸਿੰਘ ਬਿੱਟੂ, ਮਾਸਟਰ ਹਰਦੀਪ ਸਿੰਘ, ਸੁਰਿੰਦਰਜੀਤ ਸਿੰਘ ਬਿੱਲੂ, ਓਾਕਾਰ ਸਿੰਘ, ਦੀਪਕ ਭੀਲ, ਬਲਜੀਤ ਸੈਣੀ, ਸੇਠੀ, ਬੀਰੂ ਆਦਿ ਤੋਂ ਇਲਾਵਾ ਹੋਰ ਵੀ ਆਪ ਵਰਕਰ ਹਾਜ਼ਰ ਸਨ |
ਵਿਧਾਇਕ ਜਸਬੀਰ ਰਾਜਾ ਵਲੋਂ ਟਾਂਡਾ ਹਾਈਵੇ 'ਤੇ ਨਵੀਆਂ ਲਾਈਟਾਂ ਦਾ ਉਦਘਾਟਨ ਇਲਾਕੇ ਨੂੰ ਮਿਲੀ ਵੱਡੀ ਸਹੂਲਤ
ਅਜੀਤ ਡੈਸਕ
30-03-2026