ਗੜ੍ਹਸ਼ੰਕਰ, 29 ਮਾਰਚ (ਧਾਲੀਵਾਲ)- ਲੰਮੇ ਅਰਸੇ ਤੋਂ ਲਾਇਨਜ਼ ਕਲੱਬ ਗੜ੍ਹਸ਼ੰਕਰ ਵਿਚ ਅਤੇ ਹੁਣ ਅਲਾਇੰਸ ਕਲੱਬ ਗੜ੍ਹਸ਼ੰਕਰ ਵਿਚ ਸੀਨੀਅਰ ਮੈਨੇਜਰ ਵਜੋਂ ਸੇਵਾਵਾਂ ਨਿਭਾਅ ਰਹੇ ਫਾਰਮਟ੍ਰੈਕ ਏਜੰਸੀ ਰਾਏ ਆਟੋ ਇੰਜੀਨੀਅਰਸ ਦੇ ਸੀਨੀਅਰ ਮੈਨੇਜਰ ਈਸ਼ਵਰ ਲਾਲ ਤਿਵਾੜੀ (82) ਸਵਰਗ ਸਿਧਾਰ ਗਏ ਹਨ | ਉਹ ਕੁਝ ਦਿਨਾਂ ਤੋਂ ਬੀਮਾਰ ਚੱਲ ਰਹੇ ਸਨ ਤੇ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ ਵਿਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ ਜਿਥੇ ਲੰਘੀ ਰਾਤ ਉਨ੍ਹਾਂ ਦਾ ਦੇਹਾਂਤ ਹੋ ਗਿਆ | ਈਸ਼ਵਰ ਲਾਲ ਤਿਵਾੜੀ ਦਾ ਇਥੇ ਅੰਤਿਮ ਸਸਕਾਰ ਕਰ ਦਿੱਤਾ ਗਿਆ ਜਿਥੇ ਉਨ੍ਹਾਂ ਦੇ ਪੁੱਤਰਾਂ ਸੁਧੀਰ ਤਿਵਾੜੀ ਅਤੇ ਰਘੂ ਤਿਵਾੜੀ ਵਲੋਂ ਚਿਖਾ ਨੂੰ ਅਗਨੀ ਦਿਖਾਈ ਗਈ | ਈਸ਼ਵਰ ਲਾਲ ਤਿਵਾੜੀ ਦੇ ਅੰਤਿਮ ਸਸਕਾਰ ਮੌਕੇ ਗੜ੍ਹਸ਼ੰਕਰ ਸ਼ਹਿਰ ਅਤੇ ਇਲਾਕੇ ਦੀਆਂ ਵੱਖ-ਵੱਖ ਸੰਸਥਾਵਾਂ ਦੇ ਵੱਡੀ ਗਿਣਤੀ 'ਚ ਮੈਂਬਰਾਂ, ਸਿਆਸੀ ਤੇ ਧਾਰਮਿਕ ਸਖਸ਼ੀਅਤਾਂ ਨੇ ਪਹੁੰਚਕੇ ਤਿਵਾੜੀ ਪਰਿਵਾਰ ਨਾਲ ਦੁੱਖ ਪ੍ਰਗਟਾਇਆ |