ਗੜ੍ਹਸ਼ੰਕਰ, 29 ਮਾਰਚ (ਧਾਲੀਵਾਲ)- ਗੜ੍ਹਸ਼ੰਕਰ ਇਲਾਕੇ ਦੀਆਂ ਅਨੇਕਾਂ ਸੜਕਾਂ ਦੀ ਹਾਲਤ ਕੁਦਰਤੀ ਅਤੇ ਘਰਾਂ ਦੇ ਪਾਣੀ ਦਾ ਯੋਗ ਨਿਕਾਸ ਨਾ ਹੋਣ ਲਗਤਾਰ ਵਿਗੜ ਰਹੀ ਹੈ | ਲੋਕ ਨਿਰਮਾਣ ਵਿਭਾਗ ਵਲੋਂ ਸੜਕਾਂ ਦੀ ਵਿਗੜ ਰਹੀ ਹਾਲਤ ਨੂੰ ਲੈ ਕੇ ਕੋਈ ਵੀ ਤਵੱਜੋਂ ਨਾ ਦਿੱਤੇ ਜਾਣ ਕਾਰਨ ਭਾਵ ਮਹਿਕਮੇ ਦੀ ਅਣਗਹਿਲੀ ਕਾਰਨ ਸਰਕਾਰ ਨੂੰ ਲੱਖਾਂ-ਕਰੋੜਾਂ ਰੁਪਏ ਦਾ ਚੂਨਾ ਲੱਗ ਰਿਹਾ ਹੈ | ਗੜ੍ਹਸ਼ੰਕਰ-ਨਵਾਂਸ਼ਹਿਰ ਸੜਕ ਦਾ ਹਾਲਤ ਬਦਤਰ ਬਣੀ ਹੋਈ ਹੈ | ਇਸ ਸੜਕ 'ਤੇ ਅਨੇਕਾਂ ਥਾਵਾਂ ਅਜਿਹੀਆਂ ਦੇਖਣ ਨੂੰ ਮਿਲ ਰਹੀਆਂ ਹਨ ਜਿਥੇ ਮੀਂਹ ਦਾ ਪਾਣੀ ਸੜਕ 'ਤੇ ਖੜ੍ਹਨ ਦੇ ਕਾਰਨ ਹੀ ਸੜਕ ਨੁਕਸਾਨੀ ਗਈ ਹੈ ਤੇ ਅਜਿਹੀਆਂ ਥਾਵਾਂ 'ਤੇ ਫੁੱਟ-ਫੁੱਟ ਖੱਡੇ ਪਏ ਵੇਖਣ ਨੂੰ ਮਿਲ ਰਹੇ ਹਨ | ਹੈਰਾਨੀ ਦੀ ਗੱਲ ਹੈ ਕਿ ਹੁਣ ਜਦੋਂ ਇਸ ਸੜਕ ਦਾ ਨਿਰਮਾਣ ਸ਼ੁਰੂ ਹੋਣ ਜਾ ਰਿਹਾ ਹੈ ਤਾਂ ਸੜਕ ਦੇ ਕਿਨਾਰਿਆਂ ਨਾਲ ਪਈ ਮਿੱਟੀ ਨੂੰ ਸੜਕ ਦੇ ਕਿਨਾਰਿਆਂ 'ਤੇ ਬੰਨ੍ਹ ਦੇ ਰੂਪ ਵਿਚ ਲਗਾਇਆ ਜਾ ਰਿਹਾ ਹੈ ਜਿਸ ਨਾਲ ਨਵੀਂ ਸੜਕ ਤੋਂ ਬਾਅਦ ਵੀ ਮੀਂਹ ਦਾ ਪਾਣੀ ਸੜਕ 'ਤੇ ਖੜ੍ਹਨ ਨਾਲ ਸੜਕ ਨੁਕਸਾਨੀ ਜਾਵੇਗੀ | ਗੜ੍ਹਸ਼ੰਕਰ-ਨਵਾਂਸ਼ਹਿਰ ਸੜਕ ਦੇ ਕਿਨਾਰਿਆਂ 'ਤੇ ਇਕ ਤਰ੍ਹਾਂ ਨਾਲ ਮਿੱਟੀ ਦੇ ਬੰਨ੍ਹ ਲੱਗੇ ਹੋਏ ਵੇਖਣ ਨੂੰ ਮਿਲ ਰਹੇ ਹਨ ਜਿਸ ਕਾਰਨ ਦੋ ਪਹੀਆ ਵਾਹਨ ਚਾਲਕਾਂ ਲਈ ਬਰਮ ਨਾ ਹੋਣ ਕਾਰਨ ਹਾਦਸੇ ਵਾਪਰਨ ਦਾ ਖਤਰਾ ਬਣਿਆ ਰਹਿੰਦਾ ਹੈ | ਪਾਣੀ ਦੀ ਨਿਕਾਸੀ ਨਾ ਹੋਣ ਸਬੰਧੀ ਇਲਾਕੇ ਦੇ ਅਨੇਕਾਂ ਪਿੰਡਾਂ 'ਚ ਦਿ੍ਸ਼ ਵੇਖਣ ਨੂੰ ਮਿਲ ਰਹੇ ਹਨ | ਇਲਾਕੇ ਦੇ ਬਹੁਤੇ ਪਿੰਡਾਂ 'ਚ ਕੁਦਰਤੀ ਅਤੇ ਘਰਾਂ ਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਸੜਕਾਂ ਨੂੰ ਲਗਾਤਾਰ ਖੋਰਾ ਲੱਗ ਰਿਹਾ ਹੈ | ਅਜਿਹੇ ਹਲਾਤਾਂ ਵਿਚ ਪਿੰਡਾਂ ਤੋਂ ਬਾਹਰਵਰ ਜਿਥੇ ਪਾਣੀ ਦੀ ਸਮੱਸਿਆ ਨਹੀਂ, ਉਥੇ ਸੜਕਾਂ ਦੀ ਹਾਲਤ ਪਿੰਡਾਂ ਨਾਲੋਂ ਕਿਤੇ ਵਧੀਆ ਵੇਖਣ ਨੂੰ ਮਿਲ ਰਹੀ ਹੈ | ਜੇਕਰ ਨਵੀਆਂ ਨਕੋਰ ਬਣਨ ਵਾਲੀਆਂ ਸੜਕਾਂ ਦੀ ਸੰਭਾਲ ਲਈ ਮਹਿਕਮਾ ਸੁਹਿਰਦ ਭੂਮਿਕਾ ਨਿਭਾਏ ਤਾਂ ਲੋਕਾਂ ਦੀ ਪ੍ਰੇਸ਼ਾਨੀ ਖਤਮ ਹੋਣ ਦੇ ਨਾਲ ਨਾਲ ਸਰਕਾਰ ਦਾ ਲੱਖਾਂ-ਕਰੋੜਾਂ ਰੁਪਏ ਦਾ ਨੁਕਸਾਨ ਵੀ ਬਚ ਜਾਵੇਗਾ |