ਹੁਸ਼ਿਆਰਪੁਰ, 20 ਜਨਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਬੈਕਫਿੰਕੋ ਪੰਜਾਬ ਦੇ ਚੇਅਰਮੈਨ ਸੰਦੀਪ ਸੈਣੀ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦੀ ਸਪੱਸ਼ਟ ਸੋਚ ਅਤੇ ਮਜ਼ਬੂਤ ਇੱਛਾ ਸ਼ਕਤੀ ਕਾਰਨ ਸੂਬੇ 'ਚ ਬੱਚਿਆਂ ਦੇ ਭੀਖ ਮੰਗਣ ਵਿਰੁੱਧ ਨਿਰਣਾਇਕ ਲੜਾਈ ਲੜੀ ਜਾ ਰਹੀ ਹੈ | ਇਸ ਦਿਸ਼ਾ 'ਚ ਚਲਾਈ ਜਾ ਰਹੀ ਰਾਜ ਪੱਧਰੀ ਵਿਸ਼ੇਸ਼ ਮੁਹਿੰਮ 'ਪ੍ਰੋਜੈਕਟ ਜੀਵਨ ਜੋਤ 2.0' ਦੇ ਤਹਿਤ ਹੁਣ ਤੱਕ ਸ਼ਾਨਦਾਰ ਨਤੀਜੇ ਪ੍ਰਾਪਤ ਹੋਏ ਹਨ | ਸੰਦੀਪ ਸੈਣੀ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਹੁਣ ਤੱਕ 1,023 ਬੱਚਿਆਂ ਨੂੰ ਭੀਖ ਮੰਗਣ ਤੋਂ ਮੁਕਤ ਕੀਤਾ ਗਿਆ ਹੈ, ਜੋ ਕਿ ਆਪਣੇ ਆਪ 'ਚ ਇਕ ਵੱਡੀ ਪ੍ਰਾਪਤੀ ਹੈ | ਇਨ੍ਹਾਂ 'ਚੋਂ 336 ਬੱਚਿਆਂ ਨੂੰ ਸਕੂਲਾਂ ਵਿਚ ਦਾਖ਼ਲ ਕਰਵਾਇਆ ਗਿਆ ਹੈ, ਤਾਂ ਜੋ ਉਹ ਸਿੱਖਿਆ ਰਾਹੀਂ ਆਤਮਨਿਰਭਰ ਬਣ ਸਕਣ | ਇਸ ਤੋਂ ਇਲਾਵਾ ਅੱਠ ਬੱਚਿਆਂ ਨੂੰ ਆਂਗਣਵਾੜੀ ਕੇਂਦਰਾਂ 'ਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਬਚਪਨ ਦੀ ਸਿੱਖਿਆ ਅਤੇ ਪੋਸ਼ਣ ਨਾਲ ਜੋੜਿਆ ਗਿਆ ਹੈ | ਸੰਦੀਪ ਸੈਣੀ ਨੇ ਕਿਹਾ ਕਿ ਮਾਨ ਸਰਕਾਰ ਦਾ ਟੀਚਾ ਸਿਰਫ਼ ਬੱਚਿਆਂ ਨੂੰ ਭੀਖ ਮੰਗਣ ਤੋਂ ਮੁਕਤ ਕਰਨਾ ਹੀ ਨਹੀਂ ਹੈ, ਸਗੋਂ ਉਨ੍ਹਾਂ ਨੂੰ ਸਿੱਖਿਆ, ਸੁਰੱਖਿਆ ਅਤੇ ਬਿਹਤਰ ਜੀਵਨ ਪ੍ਰਦਾਨ ਕਰਨਾ ਵੀ ਹੈ | ਇਸ ਲਈ ਭਾਈਚਾਰਕ ਭਾਗੀਦਾਰੀ ਵੀ ਬਹੁਤ ਜ਼ਰੂਰੀ ਹੈ |