* ਬਾਬਾ ਬਕਾਲਾ ਸਾਹਿਬ ਵਿਖੇ ਭਲਾਈਪੁਰ ਦੀ ਅਗਵਾਈ ’ਚ ਹੋਇਆ ਵੱਡਾ ਇਕੱਠ
* ਰਾਜਾ ਵੜਿੰਗ, ਬਾਜਵਾ, ਡਿੰਪਾ ਤੇ ਡੈਨੀ ਬੰਡਾਲਾ ਵਰਗੇ ਵੱਡੇ ਆਗੂ ਰਹੇ ਗ਼ੈਰ-ਹਾਜ਼ਰ

ਬਾਬਾ ਬਕਾਲਾ ਸਾਹਿਬ (ਅੰਮ੍ਰਿਤਸਰ), 28 ਅਗਸਤ (ਰੇਸ਼ਮ ਸਿੰਘ, ਸ਼ੇਲਿੰਦਰਜੀਤ ਸਿੰਘ ਰਾਜਨ)-ਬਾਬਾ ਬਕਾਲਾ ਸਾਹਿਬ ਧਰਤੀ ’ਤੇ ਰੱਖੜ ਪੁੰਨਿਆ ਦੇ ਮੇਲੇ ’ਚ ਕਾਂਗਰਸ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੂੰ ਰਗੜੇ ਲਾਉਂਦਿਆਂ ਕਿਹਾ ਕਿ ਇਸ ਵੇਲੇ ਆਮ ਆਦਮੀ ਪਾਰਟੀ ਦੀ ਸਰਕਾਰ ’ਚ ਭ੍ਰਿਸ਼ਟਚਾਰ ਸਿਖਰਾਂ ’ਤੇ ਹੈ। ਸਾਬਕਾ ਵਿਧਾਇਕ ਤੇ ਹਲਕਾ ਬਾਬਾ ਬਕਾਲਾ ਸਾਹਿਬ ਦੇ ਕਾਂਗਰਸ ਇੰਚਾਰਜ ਸੰਤੋਖ ਸਿੰਘ ਭਲਾਈਪੁਰ ਦੀ ਅਗਵਾਈ ਹੇਠ ਹੋਈ ਰੈਲੀ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਚੰਨੀ ਨੇ ਕਿਹਾ ਕਿ ਮੌਜੂਦਾ ਸਰਕਾਰ ’ਚ ਇਕ ਵੀ ਰੇਤ ਦੀ ਖੱਡ ਦੀ ਬੋਲੀ ਨਹੀਂ ਹੋਈ ਅਤੇ ਰੇਤ ਦਾ ਗੈਰਕਾਨੂੰਨੀ ਖਨਣ ਵੀ ਜ਼ੋਰਾਂ ’ਤੇ ਹੈ, ਜਿਸ ਤੋਂ ਇਹ ਸਾਫ ਜ਼ਾਹਿਰ ਹੈ ਕਿ ਮੌਜੂਦਾ ਸਰਕਾਰ ਰੇਤ ਦੀ ਨਾਜਾਇਜ਼ ਕਮਾਈ ਨਾਲ ਆਪਣੀਆਂ ਜੇਬਾਂ ਭਰ ਰਹੀ ਹੈ। ਉਨ੍ਹਾਂ ਕਿਹਾ ਕਿ ਜਿਥੇ ਸਰਕਾਰ ’ਚ ਭ੍ਰਿਸ਼ਟਾਚਾਰ ਸਿਖਰਾਂ ’ਤੇ ਹੈ, ਉਥੇ ਨਸ਼ੇ ਜਵਾਨੀ ਨੂੰ ਖਾ ਰਹੇ ਹਨ। ਇਸੇ ਤਰ੍ਹਾਂ ਮੁਆਫ਼ ਹੋਏ ਬਿਜਲੀ ਦੇ ਬਿੱਲ ਵੀ ਮੁੜ-ਮੁੜ ਆਉਣੇ ਸ਼ੁਰੂ ਹੋ ਗਏ ਹਨ। ਉਨ੍ਹਾਂ ਕਿਹਾ ਕਿ ਭਾਵੇਂ ਉਨ੍ਹਾਂ ਦੀ ਸਰਕਾਰ ਨੂੰ ਕੇਵਲ ਤਿੰਨ ਮਹੀਨਿਆਂ ਦਾ ਸਮਾਂ ਮਿਲਿਆ ਪਰ ਉਨ੍ਹਾਂ ਤਿੰਨ ਮਹੀਨਿਆਂ ’ਚ ਉਹ ਕੰਮ ਕੀਤੇ, ਜਿਸ ਤੋਂ ਹਰੇਕ ਵਰਗ ਨੂੰ ਰਾਹਤ ਮਿਲੀ ਸੀ। ਇਸ ਲਈ ਲੋਕਾਂ ਨੂੰ ਹੁਣ ਇਕ ਮੌਕਾ ਕਾਂਗਰਸ ਨੂੰ ਦੇਣਾ ਚਾਹੀਦਾ ਹੈ। ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸੂਬੇ ’ਚ ਇਸ ਵੇਲੇ ਅਮਨ ਕਾਨੂੰਨ ਦੀ ਵਿਵਸਥਾ ਖ਼ਰਾਬ ਹੋ ਚੁੱਕੀ ਹੈ ਅਤੇ ਰਾਜ ਨੂੰ ਇਸ ਵੇਲੇ ਕੋਈ ‘ਆਪ’ ਦੀ ਸਰਕਾਰ ਨਹੀਂ ਚਲਾ ਰਹੀ, ਬਲਕਿ ਗੈਂਗਸਟਰ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਕਈ ਪੁਲਿਸ ਅਧਿਕਾਰੀਆਂ ਦੀ ਗੈਂਗਸਟਰਾਂ ਨਾਲ ਮਿਲੀਭੁਗਤ ਸਾਹਮਣੇ ਆ ਚੁੱਕੀ ਹੈ, ਜਿਸ ਦੇ ਸਬੂਤ ਵੀ ਉਹ ਦੇ ਸਕਦੇ ਹਨ। ਇਸੇ ਤਰ੍ਹਾਂ ਸਾਬਕਾ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਆਪਣੇ ਸਬੋਧੰਨ ’ਚ ਕਾਂਗਰਸ ਦਾ ਅੰਦਰੂਨੀ ਕਲੇਸ਼ ਖ਼ਤਮ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਜਲਦ ਹੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੱਕ ’ਚ ਹਾਈਕਮਾਨ ਦਾ ਫੈਸਲਾ ਆ ਜਾਵੇਗਾ। ਇਸ ਰੈਲੀ ’ਚ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ, ਹਰਮਿੰਦਰ ਸਿੰਘ ਗਿੱਲ, ਭਗਵੰਤਪਾਲ ਸਿੰਘ ਸੱਚਰ, ਮਦਨ ਲਾਲ, ਕਰਨਬੀਰ ਸਿੰਘ ਬੁਰਜ, ਰਮਨਜੀਤ ਸਿੰਘ ਸਿੱਕੀ, ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਕਰਨ ਵੜਿੰਗ, ਡਾ. ਲਖਬੀਰ ਸਿੰਘ ਆਦਿ ਮੌਜੂਦ ਸਨ।
ਰਾਜਾ ਵੜਿੰਗ, ਡਿੰਪਾ, ਡੈਨੀ, ਬਾਜਵਾ ਦੀ ਗੈਰ-ਹਾਜ਼ਰੀ ਰੜਕੀ
ਦੂਜੇ ਪਾਸੇ ਅੱਜ ਦੀ ਕਾਂਗਰਸ ਦੀ ਰੈਲੀ ’ਚ ਕੇਵਲ ਚਰਨਜੀਤ ਸਿੰਘ ਚੰਨੀ ਧੜੇ ਦੇ ਆਗੂਆਂ ਨੇ ਹੀ ਸ਼ਮੂਲੀਅਤ ਕੀਤੀ ਤੇ ਇਸ ਰੈਲੀ ’ਚ ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਵਿਧਾਇਕ ਤੇ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ, ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਸੁਖਵਿੰਦਰ ਸਿੰਘ ਡੈਨੀ ਬੰਡਾਲਾ, ਪ੍ਰਤਾਪ ਸਿੰਘ ਬਾਜਵਾ ਦੀ ਗੈਰ-ਹਾਜ਼ਰੀ ਰੜਕੀ, ਹਾਲਾਂਕਿ ਇਹ ਵੀ ਪਤਾ ਲਗਾ ਸੀ ਕਿ ਇਸ ਰੈਲੀ ’ਚ ਕਾਂਗਰਸ ਹਾਈਕਮਾਨ ਤੋਂ ਆਗੂਆਂ ਨੂੰ ਪੁੱਜਣ ਦੀ ਤਾਕੀਦ ਕੀਤੀ ਸੀ ਪਰ ਚਰਨਜੀਤ ਸਿੰਘ ਚੰਨੀ ਤੇ ਉਨ੍ਹਾਂ ਦੇ ਸਮਰਥਕਾਂ ਦੇ ਪੁੱਜਣ ਦਾ ਖੁਲਾਸਾ ਹੋਣ ਉਪਰੰਤ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਉਨ੍ਹਾਂ ਦੇ ਧੜੇ ਦੇ ਆਗੂਆਂ ਨੇ ਇਸ ਰੈਲੀ ਤੋਂ ਕਿਨਾਰਾ ਕਰ ਲਿਆ।