ਅਬੋਹਰ, 1 ਨਵੰਬਰ (ਤੇਜਿੰਦਰ ਸਿੰਘ ਖ਼ਾਲਸਾ/ਵਿਵੇਕ ਹੂੜੀਆ)-ਪੰਜਾਬ ਦਿਵਸ ਮੌਕੇ ਪੰਜਾਬ ਸਰਕਾਰ ਵਲੋਂ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਸੂਬੇ ਦੀਆਂ ਔਰਤਾਂ ਨੂੰ ਵਿੱਤੀ ਸਹਾਇਤਾ ਦੇਣ ਲਈ ਅਬੋਹਰ ਵਿਖੇ ਸੂਬਾ ਪੱਧਰੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਯੋਜਨਾ ਤਹਿਤ 37 ਲੱਖ 43 ਹਜ਼ਾਰ ਦੇ ਕਰੀਬ ਔਰਤਾਂ ਦੇ ਬੈਂਕ ਖਾਤਿਆਂ ਵਿਚ 1291 ਕਰੋੜ ਦੇ ਕਰੀਬ ਰੁਪਏ ਦੀ ਰਾਸ਼ੀ ਭੇਜੀ ਗਈ ਹੈ। ਸਮਾਗਮ ਦੌਰਾਨ ਆਪਣੇ ਸੰਬੋਧਨ ’ਚ ਮੁੱਖ ਮੰਤਰੀ ਨੇ ਵਿਸ਼ੇਸ਼ ਤੌਰ ’ਤੇ ਹਲਕਾ ਇੰਚਾਰਜ ਡਾ. ਸੁਹਾਨੀ ਡੋਡਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਵਲੋਂ ਸਮਾਗਮ ਦੇ ਪ੍ਰਬੰਧ ਬਹੁਤ ਵਧੀਆ ਢੰਗ ਨਾਲ ਕੀਤੇ ਗਏ ਹਨ। ਮੁੱਖ ਮੰਤਰੀ ਨੇ ਕਿਹਾ ਕਿ 1500 ਰੁਪਏ ਨਾਲ ਕੋਈ ਔਰਤ ਅਮੀਰ ਨਹੀਂ ਬਣ ਸਕਦੀ, ਪਰ ਇਹ ਰਕਮ ਉਸ ਨੂੰ ਆਪਣੀਆਂ ਛੋਟੀਆਂ-ਮੋਟੀਆਂ ਲੋੜਾਂ ਪੂਰੀਆਂ ਕਰਨ ਲਈ ਵਿੱਤੀ ਆਜ਼ਾਦੀ ਜ਼ਰੂਰ ਪ੍ਰਦਾਨ ਕਰੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਈ ਔਰਤਾਂ ਦੇ ਸੁਨੇਹੇ ਤੇ ਵੀਡੀਓ ਮਿਲਦੇ ਹਨ, ਜਿਨ੍ਹਾਂ ’ਚ ਔਰਤਾਂ ਦੱਸਦੀਆਂ ਹਨ ਕਿ ਤਿੰਨ ਮਹੀਨਿਆਂ ਦੇ ਇਕੱਠੇ ਮਿਲੇ 4500 ਰੁਪਏ ਨਾਲ ਉਨ੍ਹਾਂ ਘਰ ਦਾ ਸਾਮਾਨ ਖ਼ਰੀਦਿਆ, ਪੋਤੇ-ਪੋਤੀਆਂ ਲਈ ਸਾਈਕਲ ਤੇ ਖਿਡੌਣੇ ਲਏ ਜਾਂ ਪਰਿਵਾਰ ਦੀਆਂ ਹੋਰ ਲੋੜਾਂ ਪੂਰੀਆਂ ਕੀਤੀਆਂ। ਕਈ ਪਰਿਵਾਰਾਂ ਨੇ ਇਸ ਰਕਮ ਨਾਲ ਪਾਣੀ ਦੀ ਸਹੂਲਤ ਤੇ ਰੋਜ਼ਾਨਾ ਵਰਤੋਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ’ਚ ਮਦਦ ਮਿਲਣ ਦੀ ਗੱਲ ਵੀ ਸਾਂਝੀ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਪੈਸਾ ਨਾ ਤਾਂ ਉਨ੍ਹਾਂ ਦਾ ਨਿੱਜੀ ਹੈ ਤੇ ਨਾ ਹੀ ਭਗਵੰਤ ਮਾਨ ਦਾ ਸਗੋਂ ਇਹ ਲੋਕਾਂ ਵਲੋਂ ਦਿੱਤੇ ਗਏ ਟੈਕਸ ਦਾ ਪੈਸਾ ਹੈ, ਜਿਸ ਨੂੰ ਸਰਕਾਰ ਲੋਕਾਂ ਦੀ ਭਲਾਈ ਲਈ ਖ਼ਰਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਟੈਕਸ ਨਾਲ ਹੀ ਸਕੂਲ, ਸੜਕਾਂ, ਖੇਡ ਮੈਦਾਨ, ਆਮ ਆਦਮੀ ਕਲੀਨਿਕ ਤੇ ਸਿਹਤ ਸਹੂਲਤਾਂ ਦਾ ਵਿਸਥਾਰ ਹੁੰਦਾ ਹੈ। ਸਰਕਾਰ ਵਲੋਂ 10 ਲੱਖ ਰੁਪਏ ਤੱਕ ਦੇ ਸਿਹਤ ਬੀਮਾ ਦੀ ਸਹੂਲਤ ਵੀ ਇਸੇ ਲੋਕ ਭਲਾਈ ਦੀ ਸੋਚ ਦਾ ਹਿੱਸਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਸੂਬੇ ਦੀਆਂ 76 ਲੱਖ 35 ਹਜ਼ਾਰ ਔਰਤਾਂ ਨੂੰ 2643 ਕਰੋੜ 7 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੀ 1 ਜਨਵਰੀ ਨੂੰ ਵੀ ਸਭ ਮਾਵਾਂ-ਧੀਆਂ ਲਈ ਅਗਲੀ ਕਿਸ਼ਤ ਤਹਿਤ ਤਿੰਨ ਮਹੀਨਿਆਂ ਦੀ ਰਕਮ ਲਾਭਪਾਤਰੀਆਂ ਦੇ ਖਾਤਿਆਂ ’ਚ ਪਾਈ ਜਾਵੇਗੀ। ਮੁੱਖ ਮੰਤਰੀ ਨੇ ਦੱਸਿਆ ਕਿ ਯੋਜਨਾ ਤਹਿਤ ਔਰਤਾਂ ਦੀ ਰਜਿਸਟ੍ਰੇਸ਼ਨ ਤੇ ਫਾਰਮ ਭਰਨ ’ਚ ਮਦਦ ਕਰਨ ਵਾਲੀਆਂ 1 ਲੱਖ 37 ਹਜ਼ਾਰ 723 ਸਤਿਕਾਰ ਸਖੀਆਂ ਦੇ ਯੋਗਦਾਨ ਨੂੰ ਵੀ ਮਾਨਤਾ ਦਿੱਤੀ ਜਾਵੇਗੀ। ਉਨ੍ਹਾਂ ਲਈ 51 ਕਰੋੜ 20 ਲੱਖ ਰੁਪਏ ਦਾ ਇੰਨਸੈਂਟਿਵ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਆਂਗਣਵਾੜੀ ਵਰਕਰਾਂ ਲਈ ਵੀ 25 ਕਰੋੜ ਰੁਪਏ ਦੀ ਰਕਮ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਰਜਿਸਟ੍ਰੇਸ਼ਨ ਦੇ ਕੰਮ ’ਚ ਸਹਿਯੋਗ ਦੇਣ ਵਾਲੀਆਂ ਔਰਤਾਂ ਨੂੰ ਵੀ ਬਣਦਾ ਮਾਣ-ਸਨਮਾਨ ਤੇ ਵਿੱਤੀ ਲਾਭ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਬੋਹਰ ਤੇ ਸਰਹੱਦੀ ਇਲਾਕਿਆਂ ਦਾ ਵਿਕਾਸ ਸਰਕਾਰ ਦੀ ਪਹਿਲ ਹੈ ਤੇ ਇਸ ਖੇਤਰ ਨੂੰ ਵਿਕਾਸ ਪੱਖੋਂ ਪਿੱਛੇ ਨਹੀਂ ਰਹਿਣ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਆਪਣੇ ਭਾਸ਼ਣ ਦੌਰਾਨ ਅਕਾਲੀ ਦਲ, ਕਾਂਗਰਸ ਤੇ ਭਾਜਪਾ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਇਹ ਪਾਰਟੀਆਂ ਆਪਸ ’ਚ ਮਿਲੀਆਂ ਹੋਈਆਂ ਹਨ ਤੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਆਪਣੇ ਸੰਬੋਧਨ ਦੇ ਅਖੀਰ ’ਚ ਮੁੱਖ ਮੰਤਰੀ ਨੇ ਕਿਹਾ ਕਿ ਅਬੋਹਰ ਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਵਲੋਂ ਉਨ੍ਹਾਂ ਨੂੰ ਬਹੁਤ ਪਿਆਰ ਤੇ ਸਤਿਕਾਰ ਦਿੱਤਾ ਜਾ ਰਿਹਾ ਹੈ। ਇਸ ਤੋਂ ਪਹਿਲਾ ਹਲਕਾ ਇੰਚਾਰਜ ਡਾ. ਸੁਹਾਨੀ ਡੋਡਾ ਨੇ ਅਬੋਹਰ ਵਾਸੀਆਂ ਵਲੋਂ ਮੁੱਖ ਮੰਤਰੀ ਦਾ ਸਵਾਗਤ ਕਰਦੇ ਹੋਏ ਸਨਮਾਨ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ, ਗੁਰਮੀਤ ਸਿੰਘ ਖੁੱਡੀਆਂ, ‘ਆਪ’ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ, ਵਿਧਾਇਕ ਜਗਦੀਪ ਕੰਬੋਜ ਗੋਲਡੀ, ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ, ਵਿਧਾਇਕ ਗੋਲਡੀ ਮੁਸਾਫਿਰ, ਐਡਵੋਕੇਟ ਹਰਪ੍ਰੀਤ ਸਿੰਘ, ਜ਼ਿਲ੍ਹਾ ਪ੍ਰਧਾਨ ਉਪਕਾਰ ਸਿੰਘ ਜਾਖੜ, ਚੇਅਰਮੈਨ ਰਾਜਿੰਦਰ ਡੱਬੂ ਕੰਬੋਜ ਆਦਿ ਹਾਜ਼ਰ ਸਨ।
37.43 ਲੱਖ ਔਰਤਾਂ ਦੇ ਖਾਤਿਆਂ ’ਚ 1291 ਕਰੋੜ ਰੁਪਏ ਪਾਏ-ਭਗਵੰਤ ਮਾਨ ਅਬੋਹਰ ਵਿਖੇ ਸੂਬਾ ਪੱਧਰੀ ਸਮਾਗਮ ਦੌਰਾਨ ਵਿਰੋਧੀ ਪਾਰਟੀਆਂ ’ਤੇ ਸਾਧੇ ਨਿਸ਼ਾਨੇ
ਅਬੋਹਰ, 1 ਨਵੰਬਰ (ਤੇਜਿੰਦਰ ਸਿੰਘ ਖ਼ਾਲਸਾ/ਵਿਵੇਕ ਹੂੜੀਆ)-ਪੰਜਾਬ ਦਿਵਸ ਮੌਕੇ ਪੰਜਾਬ ਸਰਕਾਰ ਵਲੋਂ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਸੂਬੇ ਦੀਆਂ ਔਰਤਾਂ ਨੂੰ ਵਿੱਤੀ ਸਹਾਇਤਾ ਦੇਣ ਲਈ ਅਬੋਹਰ ਵਿਖੇ ਸੂਬਾ ਪੱਧਰੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਯੋਜਨਾ ਤਹਿਤ 37 ਲੱਖ 43 ਹਜ਼ਾਰ ਦੇ ਕਰੀਬ ਔਰਤਾਂ ਦੇ ਬੈਂਕ ਖਾਤਿਆਂ ਵਿਚ 1291 ਕਰੋੜ ਦੇ ਕਰੀਬ ਰੁਪਏ ਦੀ ਰਾਸ਼ੀ ਭੇਜੀ ਗਈ ਹੈ। ਸਮਾਗਮ ਦੌਰਾਨ ...
ਅਜੀਤ ਡੈਸਕ
02-11-2026