05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਸਫ਼ਾਈ ਸੇਵਕਾਂ ’ਤੇ ਲਾਠੀਚਾਰਜ ਕਰਨ ਵਾਲਾ ਬਰਨਾਲਾ ਦਾ ਡੀ.ਐਸ.ਪੀ. ਮੁਅੱਤਲ

ਅਜੀਤ ਡੈਸਕ 25-07-2026
ਬਰਨਾਲਾ, 24 ਜੁਲਾਈ (ਰਾਜ ਪਨੇਸਰ)-ਪਿਛਲੇ ਦਿਨੀਂ ਬਰਨਾਲਾ ਵਿਖੇ ਸਫ਼ਾਈ ਸੇਵਕਾਂ ਉਪਰ ਬੇਰਹਿਮੀ ਨਾਲ ਲਾਠੀਚਾਰਜ ਕਰਨ ਵਾਲੇ ਡੀ.ਐਸ.ਪੀ. ਸਤਵੀਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਡੀ.ਜੀ.ਪੀ. ਵਲੋਂ ਅੱਜ ਜਾਰੀ ਕੀਤੇ ਗਏ ਹੁਕਮਾਂ ਵਿਚ ਲਿਖਿਆ ਗਿਆ ਹੈ ਕਿ ਡੀ.ਐਸ.ਪੀ. ਸਬ-ਡਵੀਜ਼ਨ ਬਰਨਾਲਾ ਸਤਵੀਰ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕੀਤਾ ਜਾਂਦਾ ਹੈ ਅਤੇ ਮੁਅੱਤਲੀ ਦੌਰਾਨ ਉਸ ਦਾ ਹੈੱਡਕੁਆਟਰ ਚੌਥੀ ਕਮਾਂਡੋ ਬਟਾਲੀਅਨ, ਐਸ.ਏ.ਐਸ. ਨਗਰ ਹੋਵੇਗਾ। ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਵੀ ਸ਼ੋਸ਼ਲ ਮੀਡੀਆ ਉਪਰ ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਲਿਖਿਆ ਗਿਆ ਹੈ ਕਿ ਸਫ਼ਾਈ ਕਰਮਚਾਰੀਆਂ ਨਾਲ ਵਾਪਰੀ ਘਟਨਾ ਅਤਿ ਨਿੰਦਣਯੋਗ ਸੀ। ਇਸ ਸੰਬੰਧੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲਬਾਤ ਕਰ ਕੇ ਸਾਰਾ ਮਸਲਾ ਵਿਚਾਰਿਆ ਗਿਆ ਹੈ। ਮੁੱਖ ਮੰਤਰੀ ਦੇ ਨਿਰਦੇਸ਼ਾਂ ਉਤੇ ਸੰਬੰਧਿਤ ਡੀ.ਐਸ.ਪੀ. ਸਤਵੀਰ ਸਿੰਘ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਗਿਆ ਹੈ।
ਕੌਮੀ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਉਪ ਚੇਅਰਮੈਨ ਹਰਦੀਪ ਸਿੰਘ ਗਿੱਲ ਦੇ ਦਖ਼ਲ ਮਗਰੋਂ ਹੋਈ ਕਾਰਵਾਈ
ਚੰਡੀਗੜ੍ਹ, (ਸੰਦੀਪ ਕੁਮਾਰ ਮਾਹਨਾ) - ਕੌਮੀ ਸਫ਼ਾਈ ਕਰਮਚਾਰੀ ਕਮਿਸ਼ਨ (ਐੱਨ.ਸੀ.ਐੱਸ.ਕੇ.) ਦੇ ਉਪ ਚੇਅਰਮੈਨ ਹਰਦੀਪ ਸਿੰਘ ਗਿੱਲ ਵਲੋਂ ਮਾਮਲੇ ਦਾ ਸੂ ਮੋਟੋ ਨੋਟਿਸ ਲੈ ਕੇ ਪੰਜਾਬ ਸਰਕਾਰ ਤੋਂ ਸੱਤ ਦਿਨਾਂ ਅੰਦਰ ਤੱਥਾਂ ’ਤੇ ਆਧਾਰਿਤ ਰਿਪੋਰਟ ਤਲਬ ਕੀਤੇ ਜਾਣ ਤੋਂ ਬਾਅਦ ਡੀ.ਐਸ.ਪੀ. ਸਤਵੀਰ ਸਿੰਘ ਦੀ ਮੁਅੱਤਲੀ ਦੀ ਕਾਰਵਾਈ ਨੂੰ ਅਹਿਮ ਮੰਨਿਆ ਜਾ ਰਿਹਾ ਹੈ। ਗਿੱਲ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਭੇਜੇ ਪੱਤਰ ਵਿਚ ਕਿਹਾ ਸੀ ਕਿ ਮੀਡੀਆ ਰਿਪੋਰਟਾਂ ਅਨੁਸਾਰ ਬਰਨਾਲਾ ਵਿਚ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸਫ਼ਾਈ ਕਰਮਚਾਰੀਆਂ ਵਿਰੁੱਧ ਪੁਲਿਸ ਵਲੋਂ ਕਥਿਤ ਤੌਰ ’ਤੇ ਬਲ ਪ੍ਰਯੋਗ ਕੀਤਾ ਗਿਆ, ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਸਫ਼ਾਈ ਕਰਮਚਾਰੀਆਂ ਦੇ ਅਧਿਕਾਰਾਂ, ਸਨਮਾਨ ਅਤੇ ਸੁਰੱਖਿਆ ਦੀ ਰੱਖਿਆ ਕਰਨਾ ਸਰਕਾਰ ਦੀ ਸੰਵਿਧਾਨਕ ਜ਼ਿੰਮੇਵਾਰੀ ਹੈ ਅਤੇ ਉਨ੍ਹਾਂ ਦੇ ਅਧਿਕਾਰਾਂ ਦੀ ਕਿਸੇ ਵੀ ਕਥਿਤ ਉਲੰਘਣਾ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ।
ਪਿਛਲੀ ਖ਼ਬਰ ਅਮਰੀਕਾ ਨੇ ਭਾਰਤ ’ਤੇ 10 ਫ਼ੀਸਦੀ ਟੈਰਿਫ ਲਗਾਇਆ ਅਗਲੀ ਖ਼ਬਰ ਹਰ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਨਾਲ ਨਿਭਾਵਾਂਗਾ-ਬਿੱਟੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।