ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 2 ਜੂਨ-ਪੰਜਾਬ ਵਿਚ ਹੋਈਆਂ ਹਾਲੀਆ ਸਥਾਨਕ ਚੋਣਾਂ 'ਚ ਕਾਂਗਰਸ ਦੀ ਕਾਰਗੁਜ਼ਾਰੀ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਪਾਰਟੀਆਂ ਦੀਆਂ ਸੰਭਾਵਨਾਂ ਨੂੰ ਲੈ ਕੇ ਕਾਂਗਰਸ ਹਾਈਕਮਾਨ ਸੂਬੇ ਵਿਚ ਸੰਗਠਨਾਤਮਕ ਬਦਲਾਅ ਨੂੰ ਲੈ ਕੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ, ਜਿਸ ਤਹਿਤ ਚਾਰ ਦਿਨਾਂ ਦੇ ਅੰਦਰ ਦਿੱਲੀ ਵਿਚ ਦੋ ਅਹਿਮ ਮੀਟਿੰਗਾਂ ਪੰਜਾਬ ਨੂੰ ਲੈ ਕੇ ਕੀਤੀਆਂ ਗਈਆਂ¢ ਦੋਵਾਂ ਮੀਟਿੰਗਾਂ 'ਚ ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ, ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ, ਸੰਗਠਨ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਅਤੇ ਪੰਜਾਬ ਦੇ ਇੰਚਾਰਜ ਭੁਪੇਸ਼ ਬਘੇਲ ਮੌਜੂਦ ਸਨ¢ ਹਾਲਾਂਕਿ, ਸ਼ੁੱਕਰਵਾਰ ਅਤੇ ਮੰਗਲਵਾਰ ਨੂੰ ਹੋਈਆਂ ਦੋਵਾਂ ਮੀਟਿੰਗਾਂ ਤੋਂ ਬਾਅਦ ਭੁਪੇਸ਼ ਬਘੇਲ ਨੇ ਮੁੜ ਦੁਹਰਾਉਂਦਿਆਂ ਕਿਹਾ ਕਿ ਫਿਲਹਾਲ ਪਾਰਟੀ 'ਚ ਕੋਈ ਬਦਲਾਅ ਨਹੀਂ ਹੋਵੇਗਾ ਅਤੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਮਲਿਕਅਰਜੁਨ ਖੜਗੇ ਅਤੇ ਰਾਹੁਲ ਗਾਂਧੀ ਦੀ ਅਗਵਾਈ ਹੇਠ ਲੜੀਆਂ ਜਾਣਗੀਆਂ ਪਰ ਹਾਲ 'ਚ ਕੇਰਲਮ ਅਤੇ ਕਰਨਾਟਕ 'ਚ ਕਾਂਗਰਸ ਦੀ ਰਣਨੀਤੀ ਨੂੰ ਵੇਖਦਿਆਂ ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਪੰਜਾਬ 'ਚ ਵੀ ਪੰਜਾਬ ਛੇਤੀ ਹੀ ਬਦਲਾਅ ਹੋ ਸਕਦਾ ਹੈ¢ ਹਲਕਿਆਂ ਮੁਤਾਬਿਕ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਵਲੋਂ ਸੰਗਠਨਾਤਮਕ ਬਦਲਾਅ ਦੀ ਯੋਜਨਾ ਉਲੀਕੀ ਜਾ ਰਹੀ ਹੈ, ਜਿਸ 'ਚ ਮੁੱਖ ਤੌਰ 'ਤੇ ਖੇਤਰੀ ਸੰਤੁਲਨ, ਹਿੰਦੂ ਸਿੱਖ ਭਾਈਚਾਰੇ ਦੀ ਅਨੁਪਾਤਕ ਨੁਮਾਇੰਦਗੀ ਅਤੇ ਜਾਤੀਗਤ ਤਵਾਜ਼ਨ ਨੂੰ ਕੇਂਦਰ ਵਿਚ ਰੱਖਿਆ ਜਾਵੇਗਾ¢ ਹਲਕਿਆਂ ਮੁਤਾਬਿਕ ਪਾਰਟੀ ਵਲੋਂ ਦੋ ਮੁੱਖ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਅਤੇ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਦੇ ਅਹੁਦਿਆਂ 'ਤੇ ਹਿੰਦੂ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਦੇ ਸੰਤੁਲਨ 'ਤੇ ਮੁੱਖ ਤੌਰ 'ਤੇ ਵਿਚਾਰ ਕੀਤਾ ਜਾ ਰਿਹਾ ਹੈ ¢ ਹਾਲਾਂਕਿ, ਪੰਜਾਬ ਕਾਂਗਰਸ 'ਚ ਪ੍ਰਧਾਨ ਬਦਲਣ ਨੂੰ ਲੈ ਕੇ ਲੰਮੇ ਸਮੇਂ ਤੋਂ ਕਿਆਸ ਲਾਏ ਜਾ ਰਹੇ ਸਨ ਪਰ ਹਾਲੀਆ ਸਥਾਨਕ ਚੋਣਾਂ ਵਿਚ ਪਾਰਟੀ ਦੀ ਕਾਰਗੁਜ਼ਾਰੀ ਤੋਂ ਬਾਅਦ ਸੂਬਾਈ ਆਗੂਆਂ ਵਲੋਂ ਚੁੱਕੇ ਸਰੋਕਾਰਾਂ ਨੂੰ ਵੇਖਦਿਆਂ ਪਾਰਟੀ ਹਾਈਕਮਾਨ ਨੇ ਬਦਲਾਅ ਦੇ ਅਮਲ 'ਚ ਤੇਜ਼ੀ ਲਿਆਉਣ ਦਾ ਫ਼ੈਸਲਾ ਕੀਤਾ ਹੈ¢ ਜ਼ਿਕਰਯੋਗ ਹੈ ਕਿ ਸਥਾਨਕ ਚੋਣਾਂ 'ਚ ਪੰਜਾਬ ਕਾਂਗਰਸ ਨੇ 1997 ਵਾਰਡਾਂ 'ਚੋਂ ਸਿਰਫ 393 ਵਾਰਡਾਂ 'ਤੇ ਜਿੱਤ ਹਾਸਿਲ ਕੀਤੀ ਹੈ, ਜਦਕਿ 5 ਸਾਲ ਪਹਿਲਾਂ ਕਾਂਗਰਸ ਕੋਲ 1432 ਵਾਰਡ ਸਨ¢ ਦੂਜੇ ਪਾਸੇ, ਆਮ ਆਦਮੀ ਪਾਰਟੀ ਜਿਸ ਕੋਲ ਪੰਜ ਸਾਲ ਪਹਿਲਾਂ 69 ਵਾਰਡ ਸਨ, ਉਸ ਨੇ ਇਸ ਵਾਰ 954 ਵਾਰਡਾਂ 'ਤੇ ਜਿੱਤ ਹਾਸਿਲ ਕੀਤੀ ਹੈ¢ ਕਾਂਗਰਸ ਲਈ ਵੱਡੀ ਚਿੰਤਾ ਦਾ ਕਾਰਨ ਇਹ ਵੀ ਹੈ ਕਿ ਭਾਜਪਾ ਦੇ ਵਾਰਡਾਂ ਦੀ ਗਿਣਤੀ ਪੰਜ ਸਾਲ ਪਹਿਲਾਂ ਦੇ 49 ਤੋਂ ਵਧ ਕੇ 172 ਹੋ ਗਈ ਹੈ¢ ਪੰਜਾਬ 'ਚ ਹੋਈਆਂ ਹਾਲੀਆ ਸਥਾਨਕ ਚੋਣਾਂ 'ਚ ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਆਪਣੇ ਹਲਕਾ ਗਿੱਦੜਬਾਹਾ 'ਚ ਪਾਰਟੀ ਦੀ ਮਾੜੀ ਕਾਰਗੁਜ਼ਾਰੀ ਨੂੰ ਲੈ ਕੇ ਵੀ ਸਵਾਲ ਉਠਾਏ ਗਏ ਹਨ | ਹਾਲਾਂਕਿ, ਅਜਿਹੇ ਸਵਾਲਾਂ ਲਈ ਤਿਆਰ ਹੋ ਕੇ ਆਏ ਵੜਿੰਗ ਨੇ ਮੀਟਿੰਗ 'ਚ ਸ਼ਾਮਿਲ ਹੋਣ ਤੋਂ ਪਹਿਲਾਂ ਹੀ ਇਸ ਸੰਬੰਧ 'ਚ ਪੱਤਰਕਾਰਾਂ ਨਾਲ ਗਿਣਤੀ-ਮਿਣਤੀ ਦੇ ਕੁਝ ਅੰਕੜੇ ਵੀ ਸਾਂਝੇ ਕੀਤੇ ਅਤੇ ਇਸ ਲਈ ਪ੍ਰਸ਼ਾਸਨ ਦੀ ਦੁਰਵਰਤੋਂ ਨੂੰ ਜ਼ਿੰਮੇਵਾਰ ਠਹਿਰਾਇਆ ਪਰ ਹਲਕਿਆਂ ਮੁਤਾਬਿਕ ਆਗੂਆਂ ਨੇ ਵੜਿੰਗ ਵਲੋਂ ਦਿੱਤੇ ਇਸ ਸਪੱਸ਼ਟੀਕਰਨ ਨੂੰ ਮੰਨਣ ਤੋਂ ਵੀ ਇਨਕਾਰ ਕਰ ਦਿੱਤਾ ਕਿ ਆਮ ਆਦਮੀ ਪਾਰਟੀ ਨੂੰ ਸੱਤਾ 'ਚ ਹੋਣ ਦਾ ਜ਼ਾਹਿਰੀ ਫ਼ਾਇਦਾ ਮਿਲਿਆ ਹੈ¢ ਸੀਨੀਅਰ ਆਗੂ ਤੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਵੜਿੰਗ ਦੇ ਸਪੱਸ਼ਟੀਕਰਨ ਨੂੰ ਖ਼ਾਰਜ ਕਰਦਿਆਂ ਕਿਹਾ ਕਿ ਬਾਕੀ ਖੇਤਰਾਂ 'ਚ ਪਾਰਟੀ ਦੀ ਕਾਰਗੁਜ਼ਾਰੀ ਕਿਵੇਂ ਬਿਹਤਰ ਰਹੀ | ਇਸ ਦੌਰਾਨ ਚੰਨੀ ਨੇ ਆਪਣੇ ਖੇਤਰ 'ਚ ਪਾਰਟੀ ਦੀ ਬਿਹਤਰ ਕਾਰਗੁਜ਼ਾਰੀ ਨੂੰ ਆਪਣੇ ਰਿਪੋਰਟ ਕਾਰਡ ਵਜੋਂ ਵੀ ਪੇਸ਼ ਕੀਤਾ¢ ਹਲਕਿਆਂ ਮੁਤਾਬਿਕ ਸ਼ੁੱਕਰਵਾਰ ਨੂੰ ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਵਲੋਂ ਸੱਦੀ ਗਈ ਮੀਟਿੰਗ 'ਚ ਪੰਜਾਬ 'ਚ ਪਾਰਟੀ ਦੇ ਸੰਗਠਨਾਤਮਕ ਢਾਂਚੇ ਨੂੰ ਲੈ ਕੇ ਸਮੀਖਿਆ ਕੀਤੀ ਗਈ, ਜਿਸ 'ਚ ਪੰਜਾਬ ਦੇ 5 ਸੀਨੀਅਰ ਆਗੂ ਸ਼ਾਮਿਲ ਹੋਏ ਸਨ, ਜਿਸ 'ਚ ਅਮਰਿੰਦਰ ਸਿੰਘ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ, ਵਿਜੈ ਇੰਦਰ ਸਿੰਗਲਾ, ਸੁਖਜਿੰਦਰ ਰੰਧਾਵਾ ਤੇ ਚਰਨਜੀਤ ਸਿੰਘ ਚੰਨੀ ਸ਼ਾਮਿਲ ਸਨ¢ ਮੀਟਿੰਗ ਦੇ ਚਾਰ ਦਿਨ ਹੀ ਬਾਅਦ ਹੋਈ ਦੂਜੀ ਮੀਟਿੰਗ ਕਾਰਨ ਬਦਲਾਅ ਦੀਆਂ ਕਿਆਸਅਰਾਈਆਂ ਹੋਰ ਤਿੱਖੀਆਂ ਹੋ ਗਈਆਂ ¢ ਹਾਲਾਂਕਿ, ਮੰਗਲਵਾਰ ਨੂੰ ਖੜਗੇ ਦੀ ਰਿਹਾਇਸ਼ 'ਤੇ ਹੋਈ ਦੂਜੀ ਮੀਟਿੰਗ ਤੋਂ ਬਾਅਦ ਪੰਜਾਬ ਦੇ ਇੰਚਾਰਜ ਭੁਪੇਸ਼ ਬਘੇਲ ਨੇ ਸੂਬੇ 'ਚ ਫ਼ੌਰੀ ਸੰਗਠਨਾਤਮਿਕ ਬਦਲਾਅ ਦੇ ਕਿਆਸਾਂ ਤੋਂ ਇਨਕਾਰ ਕੀਤਾ ਹੈ¢ ਬਘੇਲ ਨੇ ਮੰਗਲਵਾਰ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ 'ਚ ਮੌਜੂਦਾ ਸੰਗਠਨਾਤਮਿਕ ਢਾਂਚੇ 'ਚ ਬਦਲਾਅ ਬਾਰੇ ਕੋਈ ਫ਼ੈਸਲਾ ਨਹੀਂ ਲਿਆ ਗਿਆ ¢ ਪੰਜਾਬ ਵਿਧਾਨ ਸਭਾ ਚੋਣਾਂ 2027 ਮਲਿਕਅਰਜੁਨ ਖੜਗੇ ਅਤੇ ਰਾਹੁਲ ਗਾਂਧੀ ਦੀ ਅਗਵਾਈ ਹੇਠ ਲੜੀਆਂ ਜਾਣਗੀਆਂ ¢ ਬਘੇਲ ਨੇ ਹਿੰਦੂ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਨੂੰ ਲੈ ਕੇ ਪੁੱਛੇ ਗਏ ਇਕ ਸਵਾਲ ਦੇ ਜਵਾਬ 'ਚ ਇਹ ਵੀ ਕਿਹਾ ਕਿ ਕਾਂਗਰਸ ਹਰ ਵਰਗ ਨੂੰ ਨਾਲ ਲੈ ਕੇ ਚਲਦੀ ਹੈ ¢ਹਲਕਿਆਂ ਮੁਤਾਬਿਕ ਕਾਂਗਰਸ ਇਸ ਵੇਲੇ ਵੱਖ-ਵੱਖ ਆਗੂਆਂ ਨੂੰ ਕਮਾਨ ਦੇਣ ਨੂੰ ਲੈ ਕੇ ਸਮੀਕਰਨਾਂ 'ਤੇ ਵਿਚਾਰ ਚਰਚਾ ਕਰ ਰਹੀ ਹੈ ਤਾਂ ਜੋ ਖੇਤਰੀ ਸੰਤੁਲਨ, ਹਿੰਦੂ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਤੇ ਜਾਤੀਗਤ ਵਰਗ ਨੂੰ ਤਵਾਜ਼ਨ ਦਿੱਤਾ ਜਾ ਸਕੇ ¢ ਮੌਜੂਦਾ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੋਵੇਂ ਜੱਟ ਸਿੱਖ ਭਾਈਚਾਰੇ ਨਾਲ ਸੰਬੰਧਿਤ ਹਨ ¢ ਪਾਰਟੀ ਵਲੋਂ ਇਕ ਸਮੀਕਰਨ ਵਜੋਂ ਪਾਰਟੀ ਦੀ ਕਮਾਨ ਕਿਸੇ ਹਿੰਦੂ ਨੇਤਾ ਨੂੰ ਦੇਣ ਅਤੇ ਵਿਰੋਧੀ ਧਿਰ ਦੇ ਨੇਤਾ ਵਜੋਂ ਜੱਟ ਸਿੱਖ ਚਿਹਰੇ ਨੂੰ ਉਭਾਰਨ 'ਤੇ ਵਿਚਾਰ ਕੀਤਾ ਜਾ ਰਿਹਾ ਹੈ, ਜਿਸ 'ਚ ਸੰਗਰੂਰ ਤੋਂ ਸਾਬਕਾ ਸੰਸਦ ਮੈਂਬਰ ਵਿਜੇ ਇੰਦਰ ਸਿੰਗਲਾ ਅਤੇ ਪ੍ਰਤਾਪ ਸਿੰਘ ਬਾਜਵਾ ਦਾ ਨਾਂਅ ਉੱਭਰ ਕੇ ਆ ਰਿਹਾ ਹੈ ¢ ਦੂਜੇ ਸਮੀਕਰਨ ਵਜੋਂ ਦੀਨਾਨਗਰ ਤੋਂ ਵਿਧਾਇਕਾ ਅਰੁਣਾ ਚੌਧਰੀ, ਜੋ ਕਿ ਇਕ ਦਲਿਤ ਨੇਤਾ ਵੀ ਹਨ, ਦਾ ਨਾਂਅ ਵਿਰੋਧੀ ਧਿਰ ਦੇ ਨੇਤਾ ਵਜੋਂ ਵਿਚਾਰਿਆ ਜਾ ਰਿਹਾ ਹੈ ਅਤੇ ਪਾਰਟੀ ਪ੍ਰਧਾਨ ਵਜੋਂ ਪ੍ਰਤਾਪ ਸਿੰਘ ਬਾਜਵਾ ਦੇ ਨਾਂਅ 'ਤੇ ਵਿਚਾਰ ਕੀਤਾ ਜਾ ਰਿਹਾ ਹੈ ¢ ਹਲਕਿਆਂ ਮੁਤਾਬਿਕ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਨਾਂਅ ਵੀ ਇਸ ਸੂਚੀ 'ਚ ਸ਼ਾਮਿਲ ਹੈ ¢ ਹਾਲਾਂਕਿ, ਪਿਛਲੇ ਕੁਝ ਸਮੇਂ ਤੋਂ ਚੰਨੀ ਨੂੰ ਲੈ ਕੇ ਪਾਰਟੀ ਆਗੂਆਂ ਵਲੋਂ ਖਾਸੀ ਨਾਰਾਜ਼ਗੀ ਪ੍ਰਗਟਾਈ ਗਈ ਸੀ ਪਰ ਸ਼ੁੱਕਰਵਾਰ ਨੂੰ ਹੋਈ ਮੀਟਿੰਗ 'ਚ ਚੰਨੀ ਦੇ ਨਾਂਅ 'ਤੇ ਖ਼ਾਸ ਇਤਰਾਜ਼ ਨਹੀਂ ਪ੍ਰਗਟਾਏ ਗਏ ਸੀ ¢ ਕਾਂਗਰਸ ਇਸ ਬਦਲਾਅ ਨੂੰ ਲੈ ਕੇ ਭਾਜਪਾ ਵਲੋਂ ਕੀਤੇ ਹਾਲੀਆ ਬਦਲਾਅ ਨੂੰ ਵੀ ਧਿਆਨ 'ਚ ਰੱਖ ਰਹੀ ਹੈ, ਜਿਸ 'ਚ ਭਾਜਪਾ ਨੇ ਮਾਲਵਾ ਖ਼ਿੱਤੇ ਦੇ ਜੱਟ ਸਿੱਖ ਚਿਹਰੇ ਕੇਵਲ ਸਿੰਘ ਢਿੱਲੋਂ ਨੂੰ ਪ੍ਰਧਾਨ ਐਲਾਨਿਆ ਹੈ ¢ ਜ਼ਿਕਰਯੋਗ ਹੈ ਕਿ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ 'ਚੋਂ 69 ਸੀਟਾਂ ਮਾਲਵਾ ਖੇਤਰ 'ਚੋਂ ਆਉਂਦੀਆਂ ਹਨ¢ ਪੰਜਾਬ ਦੇ ਦੁਆਬਾ ਖੇਤਰ 'ਚ ਦਲਿਤ ਭਾਈਚਾਰਾ ਸਭ ਤੋਂ ਵੱਡਾ ਵੋਟ ਬੈਂਕ ਹੈ, ਜਿਨ੍ਹਾਂ ਦਾ ਪ੍ਰਭਾਵ 29 ਸੀਟਾਂ 'ਤੇ ਹੈ, ਜਦਕਿ ਹਿੰਦੂ ਪੰਜਾਬ ਦੇ ਦੂਜੇ ਸਭ ਤੋਂ ਵੱਡੇ ਵੋਟਰ ਹਨ, ਜਿਨ੍ਹਾਂ ਦਾ ਸੂਬੇ ਦੇ ਸ਼ਹਿਰੀ ਇਲਾਕਿਆਂ 'ਚ ਕਾਫ਼ੀ ਪ੍ਰਭਾਵ ਹੈ¢
ਪੰਜਾਬ ਕਾਂਗਰਸ ਦੀ ਲੀਡਰਸ਼ਿਪ 'ਚ ਕੋਈ ਬਦਲਾਅ ਨਹੀਂ-ਬਘੇਲ <br/>
ਅਜੀਤ ਡੈਸਕ
03-06-2026