28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਕਿਸਾਨ ਕਰੈਡਿਟ ਕਾਰਡਾਂ ਦੀ ਹੱਦ 26 ਸਾਲਾਂ ਬਾਅਦ ਵਧੀ, 10 ਨਵੀਆਂ ਫ਼ਸਲਾਂ ਸ਼ਾਮਿਲ <br/>

ਅਜੀਤ ਡੈਸਕ 03-06-2026

ਚੰਡੀਗੜ੍ਹ, 2 ਜੂਨ (ਹਰਕਵਲਜੀਤ ਸਿੰਘ)-ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਇਥੇ ਕਿਸਾਨਾਂ ਦੀ ਸਹੂਲਤ ਲਈ ਸਹਿਕਾਰੀ ਕਰਜ਼ਿਆਂ ਅਤੇ ਕਿਸਾਨ ਕਰੈਡਿਟ ਕਾਰਡਾਂ ਸੰਬੰਧੀ ਵੱਡੇ ਬਦਲਾਵਾਂ ਦਾ ਐਲਾਨ ਕੀਤਾ | ਅੱਜ ਆਪਣੇ ਨਿਵਾਸ ਅਸਥਾਨ ਵਿਖੇ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਕਿਹਾ ਕਿ ਸਰਕਾਰ ਵਲੋਂ ਕਿਸਾਨਾਂ ਲਈ ਕਰਜ਼ਾ ਹੱਦ ਵਧਾਉਣ ਤੋਂ ਇਲਾਵਾ ਕਿਸਾਨਾਂ ਨੂੰ ਕਰਜ਼ਾ ਦੇਣ ਲਈ 10 ਹੋਰ ਨਵੀਆਂ ਫ਼ਸਲਾਂ ਸ਼ਾਮਿਲ ਕਰਨ ਦਾ ਫੈਸਲਾ ਲਿਆ ਹੈ, ਜਿਸ ਨਾਲ ਫਸਲੀ ਵਿਭਿੰਨਤਾ ਨੂੰ ਵੀ ਉਤਸ਼ਾਹ ਮਿਲੇਗਾ | ਮੁੱਖ ਮੰਤਰੀ ਨੇ ਦੱਸਿਆ ਕਿ ਕਿਸਾਨ ਕਾਰਡਾਂ ਦੀ ਕਰਜ਼ਾ ਹੱਦ 'ਚ 26 ਸਾਲ ਬਾਅਦ ਵਾਧਾ ਕਰਨ ਨਾਲ ਹੁਣ ਕਣਕ 'ਤੇ 24,380 ਰੁਪਏ ਪ੍ਰਤੀ ਏਕੜ ਮਿਲਦੇ ਕਰਜ਼ੇ ਦੀ ਹੱਦ ਵਧਾ ਕੇ 30 ਹਜ਼ਾਰ ਰੁਪਏ ਕਰ ਦਿੱਤੀ ਗਈ ਹੈ, ਜਦੋਂਕਿ ਝੋਨੇ ਦੀ ਪਰਾਲੀ ਦੀ ਸੰਭਾਲ ਲਈ ਵੀ ਪ੍ਰਤੀ ਏਕੜ 2000 ਦਾ ਕਰਜ਼ਾ ਮਿਲ ਸਕੇਗਾ ਅਤੇ ਗੰਨੇ ਲਈ ਕਰਜ਼ਾ ਹੱਦ ਨੂੰ 44000 ਰੁਪਏ ਪ੍ਰਤੀ ਏਕੜ ਤੋਂ ਵਧਾ ਕੇ ਇਕ ਲੱਖ ਰੁਪਏ ਪ੍ਰਤੀ ਏਕੜ ਕਰ ਦਿੱਤਾ ਗਿਆ ਹੈ | ਜਿਨ੍ਹਾਂ ਨਵੀਆਂ ਫ਼ਸਲਾਂ 'ਤੇ ਕਿਸਾਨ ਕਰੈਡਿਟ ਕਾਰਡ ਰਾਹੀਂ ਕਰਜ਼ਾ ਮਿਲ ਸਕੇਗਾ, ਉਨ੍ਹਾਂ ਵਿਚ ਪਾਪੁਲਰ 'ਤੇ 20 ਹਜ਼ਾਰ ਰੁਪਏ ਪ੍ਰਤੀ ਏਕੜ, ਬਾਂਸ 'ਤੇ 13 ਹਜ਼ਾਰ ਰੁਪਏ ਪ੍ਰਤੀ ਏਕੜ, ਜਾਮੁਨ 'ਤੇ 23 ਹਜ਼ਾਰ ਪ੍ਰਤੀ ਏਕੜ, ਲਸਣ 'ਤੇ 1,57,372 ਰੁਪਏ ਪ੍ਰਤੀ ਏਕੜ, ਪਿਆਜ਼ 'ਤੇ 92,686 ਰੁਪਏ ਪ੍ਰਤੀ ਏਕੜ, ਡਰੈਗਨ ਫਰੂਟ 'ਤੇ 47 ਹਜ਼ਾਰ ਪ੍ਰਤੀ ਏਕੜ, ਚੀਆ ਸੀਡਜ਼ 'ਤੇ 16 ਹਜ਼ਾਰ ਪ੍ਰਤੀ ਏਕੜ, ਮਛਲੀ ਪਾਉਣ 'ਤੇ ਮੌਜੂਦਾ ਢਾਈ ਲੱਖ ਤੋਂ ਵਧਾ ਕੇ 3 ਲੱਖ ਰੁਪਏ ਪ੍ਰਤੀ ਏਕੜ, ਚਿੱਟੇ ਝੀਂਗਾ 'ਤੇ ਸਾਡੇ ਚਾਰ ਲੱਖ ਤੋਂ ਵਧਾ ਕੇ ਸਾਡੇ 5 ਲੱਖ ਪ੍ਰਤੀ ਏਕੜ ਅਤੇ ਹਾਈਬਿ੍ਡ ਟਮਾਟਰ 'ਤੇ ਪ੍ਰਤੀ ਏਕੜ 80,981 ਰੁਪਏ ਕਰਜ਼ਾ ਮਿਲ ਸਕੇਗਾ | ਉਨ੍ਹਾਂ ਕਿਹਾ ਕਿ ਹੁਣ ਕਿਸਾਨਾਂ ਨੂੰ ਗਲਤ ਢੰਗ ਨਾਲ ਮਹਿੰਗੇ ਕਰਜ਼ੇ ਲੈਣ ਦੀ ਲੋੜ ਨਹੀਂ ਰਹੇਗੀ, ਕਿਉਂਕਿ ਉਨ੍ਹਾਂ ਨੂੰ ਇਹ ਕਰਜ਼ੇ ਸਸਤੇ 7 ਫ਼ੀਸਦੀ ਵਿਆਜ 'ਤੇ ਹੀ ਮਿਲ ਸਕਣਗੇ | ਮੁੱਖ ਮੰਤਰੀ ਨੇ ਕਿਹਾ ਕਿ ਹੁਣ ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ ਲਈ ਵੀ ਉਤਸ਼ਾਹ ਮਿਲ ਸਕੇਗਾ ਅਤੇ ਉਹ ਕਣਕ-ਝੋਨੇ ਤੋਂ ਇਲਾਵਾ ਦੂਜੀਆਂ ਫ਼ਸਲਾਂ ਵੀ ਬੀਜ ਸਕਣਗੇ | ਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਬੈਂਕਾਂ ਦੀ ਰਿਕਵਰੀ ਠੀਕ ਹੋਣ ਨਾਲ ਬੈਂਕਾਂ ਦੀ ਹਾਲਤ ਵੀ ਸੁਧਰੀ ਹੈ ਅਤੇ ਸਰਕਾਰ ਨੇ ਕਿਸਾਨਾਂ ਦੀਆਂ ਕੁਰਕੀਆਂ ਕਰਨ, ਕਰਜ਼ਾ ਨਾ ਵਾਪਸ ਕਰ ਸਕਣ ਵਾਲਿਆਂ ਦੇ ਇਸ਼ਤਿਹਾਰ ਲਗਾਉਣਾ ਪੂਰਨ ਤੌਰ 'ਤੇ ਬੰਦ ਕਰ ਦਿੱਤਾ ਹੈ ਅਤੇ ਹੁਣ ਕਰਜ਼ਿਆਂ ਲਈ ਰਜਿਸਟਰੀਆਂ ਰੱਖਣ ਤੇ ਖਾਲੀ ਚੈੱਕ ਲੈਣ ਦਾ ਸਿਸਟਮ ਵੀ ਖ਼ਤਮ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਸ ਵੇਲੇ 13 ਲੱਖ ਕਿਸਾਨ ਕਰੈਡਿਟ ਕਾਰਡ ਹਨ | ਮੁੱਖ ਮੰਤਰੀ ਦੱਸਿਆ ਕਿ ਕੌਮੀ ਕ੍ਰਾਈਮ ਬਿਊਰੋ ਨਾਲ ਖੇਤੀ ਯੂਨੀਵਰਸਿਟੀ ਵਲੋਂ ਮਿਲ ਕੇ ਕੀਤੇ ਗਏ ਸਰਵੇਖਣ ਅਨੁਸਾਰ 2022 ਦੌਰਾਨ ਕਿਸਾਨਾਂ ਦੀ ਖੁਦਕੁਸ਼ੀਆਂ ਜੋ 157 ਸਨ, 2023 ਵਿਚ 143 ਅਤੇ 2024 ਵਿਚ ਘਟ ਕੇ 98 ਰਹਿ ਗਈਆਂ, ਜਦੋਂਕਿ 2017 ਵਿਚ ਇਹ ਖੁਦਕੁਸ਼ੀਆਂ 243 ਸਨ | ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਦੌਰਾਨ ਕਿਸਾਨ ਖੁਦਕੁਸ਼ੀਆਂ 'ਚ ਵੱਡੀ ਕਮੀ ਆਈ ਹੈ, ਜਿਸ ਤੋਂ ਸਪੱਸ਼ਟ ਹੈ ਕਿ ਕਿਸਾਨੀ ਕਰਜ਼ਿਆਂ ਕਾਰਨ ਅਸ਼ਾਂਤੀ ਘਟ ਰਹੀ ਹੈ | ਮੁੱਖ ਮੰਤਰੀ ਨੇ ਕਿਹਾ ਕਿ ਨਹਿਰੀ ਪਾਣੀ ਦੀ ਵਰਤੋਂ ਵਧਾਉਣ ਲਈ ਅਤੇ ਧਰਤੀ ਹੇਠਲਾ ਪਾਣੀ ਬਚਾਉਣ ਲਈ ਸਰਕਾਰ ਹੁਣ ਨਹਿਰੀ ਪਾਣੀ 'ਤੇ ਲੱਗ ਰਿਹਾ ਮਾਲੀਆ ਤੇ ਸੈੱਸ ਆਦਿ ਵੀ ਖ਼ਤਮ ਕਰਨਾ ਚਾਹੁੰਦੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਕਿੰਨੂ, ਅਮਰੂਦ, ਲਸਣ, ਝੀਂਗਾ ਤੇ ਡਰੈਗਨ ਫਰੂਟ ਵਰਗੀਆਂ ਫ਼ਸਲਾਂ 'ਤੇ ਵੀ ਐਮ.ਐਸ.ਪੀ. ਦੇਣ ਸੰਬੰਧੀ ਵਿਚਾਰ ਕਰ ਰਹੀ ਹੈ | ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਬਾਰੇ ਪੁੱਛੇ ਜਾਣ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਤਾਂ ਕਾਗ਼ਜ਼ੀ ਜਰਨੈਲ ਹਨ, ਸਰਕਾਰ ਉਨ੍ਹਾਂ ਨੂੰ ਲੱਭ ਰਹੀ ਹੈ ਅਤੇ ਉਨ੍ਹਾਂ ਸੰਬੰਧੀ ਐਲ.ਓ.ਸੀ. ਵੀ ਜਾਰੀ ਕੀਤੀ ਹੈ ਤਾਂ ਜੋ ਉਹ ਵਿਦੇਸ਼ ਨਾ ਭੱਜ ਜਾਣ | ਉਨ•ਾਂ ਕਿਹਾ ਕਿ ਉਹ ਪੁਲਿਸ ਦੇ ਕੰਮ 'ਚ ਵਿਘਨ ਪਾਉਣ ਦੇ ਦੋਸ਼ੀ ਹਨ ਅਤੇ ਕਾਨੂੰਨ ਆਪਣੀ ਕਾਰਵਾਈ ਕਰੇਗਾ | ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਔਰਤਾਂ ਦੇ ਖਾਤਿਆਂ 'ਚ 1 ਜੁਲਾਈ ਤੋਂ 1000 ਤੇ 1500 ਰੁਪਏ ਦੀ ਰਾਸ਼ੀ ਪਾਉਣੀ ਸ਼ੁਰੂ ਹੋ ਜਾਵੇਗੀ | ਕੁੱਲ 52 ਲੱਖ ਔਰਤਾਂ 'ਚੋਂ 36 ਲੱਖ ਦੀ ਰਜਿਸਟੇ੍ਰਸ਼ਨ ਹੋ ਗਈ ਹੈ ਅਤੇ ਜਿਨ੍ਹਾਂ ਦੀ ਰਜਿਸਟੇ੍ਰਸ਼ਨ ਲੇਟ ਵੀ ਹੋ ਜਾਵੇਗੀ, ਉਨ੍ਹਾਂ ਨੂੰ ਪੈਸਾ 1 ਜੁਲਾਈ ਤੋਂ ਹੀ ਮਿਲੇਗਾ | ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਰਾਹੁਲ ਗਾਧੀ ਦੇ ਜੋ ਟੈਲੀਫ਼ੋਨ ਆ ਰਹੇ ਹਨ, ਉਸ ਤੋਂ ਲੱਗਦਾ ਹੈ ਕਿ ਕੋਈ ਖਿਚੜੀ ਤਾਂ ਪੱਕ ਰਹੀ ਹੈ | ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਬੇਅਦਬੀ ਸੰਬੰਧੀ ਨਵੇਂ ਕਾਨੂੰਨ ਸੰਬੰਧੀ ਸਾਰੇ ਭਰਮ ਭੁਲੇਖੇ ਰੂਲਜ਼ ਜਾਰੀ ਹੋਣ ਤੋਂ ਬਾਅਦ ਦੂਰ ਹੋ ਜਾਣਗੇ | ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਸੇ ਕਾਨੂੰਨ ਹੇਠ ਨਹੀਂ ਆਉਂਦੇ ਇਹ ਸਪੱਸ਼ਟ ਹੈ |

ਪਿਛਲੀ ਖ਼ਬਰ ਪੰਜਾਬ ਕਾਂਗਰਸ ਦੀ ਲੀਡਰਸ਼ਿਪ 'ਚ ਕੋਈ ਬਦਲਾਅ ਨਹੀਂ-ਬਘੇਲ <br/> ਅਗਲੀ ਖ਼ਬਰ ਈ. ਡੀ. ਵਲੋਂ ਵਿਧਾਇਕ ਰਮਨ ਅਰੋੜਾ ਤੋਂ 8 ਘੰਟੇ ਪੁੱਛਗਿੱਛ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।