ਸੰਦੀਪ ਕੁਮਾਰ ਮਾਹਨਾ
ਚੰਡੀਗੜ੍ਹ, 2 ਜੂਨ-ਨਕਲੀ ਨੋਟਾਂ 'ਤੇ ਨਕੇਲ ਕੱਸਣ ਅਤੇ ਕਰੰਸੀ ਦੀ ਉਮਰ ਵਧਾਉਣ ਲਈ ਭਾਰਤੀ ਰਿਜ਼ਰਵ ਬੈਂਕ ਵਲੋਂ ਪੋਲੀਮਰ ਅਰਥਾਤ ਪਲਾਸਟਿਕ ਨੋਟਾਂ ਨੂੰ ਲਾਗੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ | ਜੇਕਰ ਇਹ ਯੋਜਨਾ ਅਮਲ ਵਿਚ ਆਉਂਦੀ ਹੈ ਤਾਂ ਆਉਣ ਵਾਲੇ ਸਾਲਾਂ ਵਿਚ ਦੇਸ਼ ਦੀ ਕਰੰਸੀ ਪ੍ਰਣਾਲੀ ਵਿਚ ਇਕ ਵੱਡਾ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ | ਚੰਡੀਗੜ੍ਹ ਸਥਿਤ ਰਿਜ਼ਰਵ ਬੈਂਕ ਦੇ ਅਧਿਕਾਰੀਆਂ ਅਨੁਸਾਰ ਰਿਜ਼ਰਵ ਬੈਂਕ ਨੇ ਪੋਲੀਮਰ ਕਰੰਸੀ ਨੋਟਾਂ ਦੀ ਯੋਜਨਾ ਨੂੰ ਮੁੜ ਸਰਗਰਮ ਕਰ ਦਿੱਤਾ ਹੈ ਅਤੇ ਇਸ ਸੰਬੰਧੀ ਪਾਇਲਟ ਪ੍ਰਾਜੈਕਟ ਸ਼ੁਰੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ | ਸ਼ੁਰੂਆਤੀ ਪੜਾਅ ਵਿਚ 10 ਅਤੇ 20 ਰੁਪਏ ਦੇ ਨੋਟਾਂ ਨੂੰ ਪੋਲੀਮਰ ਸਮੱਗਰੀ ਵਿਚ ਛਾਪਣ 'ਤੇ ਵਿਚਾਰ ਕੀਤਾ ਜਾ ਰਿਹਾ ਹੈ, ਕਿਉਂਕਿ ਇਹ ਨੋਟ ਰੋਜ਼ਾਨਾ ਸਭ ਤੋਂ ਵੱਧ ਵਰਤੋਂ ਵਿਚ ਆਉਂਦੇ ਹਨ ਅਤੇ ਜਲਦੀ ਖ਼ਰਾਬ ਵੀ ਹੋ ਜਾਂਦੇ ਹਨ | ਪੋਲੀਮਰ ਨੋਟ ਰਵਾਇਤੀ ਕਾਗ਼ਜ਼ੀ ਨੋਟਾਂ ਦੇ ਮੁਕਾਬਲੇ ਕਈ ਗੁਣਾ ਵੱਧ ਟਿਕਾਊ ਹੁੰਦੇ ਹਨ | ਇਹ ਨੋਟ ਨਾ ਤਾਂ ਆਸਾਨੀ ਨਾਲ ਫਟਦੇ ਹਨ ਅਤੇ ਨਾ ਹੀ ਪਾਣੀ, ਨਮੀ ਜਾਂ ਗੰਦਗੀ ਕਾਰਨ ਜਲਦੀ ਖ਼ਰਾਬ ਹੁੰਦੇ ਹਨ | ਇਸ ਕਾਰਨ ਸਰਕਾਰ ਅਤੇ ਰਿਜ਼ਰਵ ਬੈਂਕ ਨੂੰ ਵਾਰ-ਵਾਰ ਨੋਟ ਛਾਪਣ ਦੀ ਲੋੜ ਨਹੀਂ ਪੈਂਦੀ, ਜਿਸ ਨਾਲ ਲੰਬੇ ਸਮੇਂ ਵਿਚ ਛਪਾਈ ਦਾ ਖ਼ਰਚਾ ਵੀ ਘੱਟ ਸਕਦਾ ਹੈ | ਪੋਲੀਮਰ ਨੋਟਾਂ ਦੀ ਸਭ ਤੋਂ ਵੱਡੀ ਖ਼ਾਸੀਅਤ ਉਨ੍ਹਾਂ ਦੀ ਸੁਰੱਖਿਆ ਮੰਨੀ ਜਾਂਦੀ ਹੈ | ਇਨ੍ਹਾਂ ਵਿਚ ਪਾਰਦਰਸ਼ੀ ਸੁਰੱਖਿਆ ਵਿੰਡੋ, ਵਿਸ਼ੇਸ਼ ਹੋਲੋਗ੍ਰਾਮ, ਮਾਈਕਰੋ ਪਿ੍ੰਟਿੰਗ ਅਤੇ ਹੋਰ ਆਧੁਨਿਕ ਸੁਰੱਖਿਆ ਫ਼ੀਚਰ ਸ਼ਾਮਿਲ ਕੀਤੇ ਜਾ ਸਕਦੇ ਹਨ, ਜਿਸ ਨਾਲ ਨਕਲੀ ਨੋਟਾਂ ਦੀ ਛਪਾਈ ਨੂੰ ਰੋਕਣ ਵਿਚ ਕਾਫ਼ੀ ਮਦਦ ਮਿਲਦੀ ਹੈ | ਇਹੀ ਕਾਰਨ ਹੈ ਕਿ ਦੁਨੀਆ ਦੇ ਕਈ ਵਿਕਸਿਤ ਦੇਸ਼ ਪਿਛਲੇ ਕਈ ਸਾਲਾਂ ਤੋਂ ਪੋਲੀਮਰ ਕਰੰਸੀ ਦੀ ਵਰਤੋਂ ਕਰ ਰਹੇ ਹਨ | ਜਾਣਕਾਰਾਂ ਅਨੁਸਾਰ ਆਸਟ੍ਰੇਲੀਆ, ਕੈਨੇਡਾ, ਬਰਤਾਨੀਆ, ਨਿਊਜ਼ੀਲੈਂਡ, ਸਿੰਗਾਪੁਰ ਅਤੇ ਹੋਰ ਕਈ ਦੇਸ਼ਾਂ ਵਿਚ ਪਲਾਸਟਿਕ ਨੋਟ ਸਫਲਤਾਪੂਰਵਕ ਚੱਲ ਰਹੇ ਹਨ | ਇਨ੍ਹਾਂ ਦੇਸ਼ਾਂ ਦੇ ਤਜਰਬੇ ਤੋਂ ਪਤਾ ਲੱਗਾ ਹੈ ਕਿ ਪੋਲੀਮਰ ਨੋਟਾਂ ਦੀ ਉਮਰ ਕਾਗ਼ਜ਼ੀ ਨੋਟਾਂ ਨਾਲੋਂ ਤਿੰਨ ਤੋਂ ਚਾਰ ਗੁਣਾ ਵੱਧ ਹੁੰਦੀ ਹੈ | ਰਿਜ਼ਰਵ ਬੈਂਕ ਇਸ ਤੋਂ ਪਹਿਲਾਂ ਵੀ ਪੋਲੀਮਰ ਨੋਟਾਂ ਨੂੰ ਲੈ ਕੇ ਪ੍ਰਯੋਗ ਕਰ ਚੁੱਕਾ ਹੈ | ਸਾਲ 2012 ਵਿਚ ਕੁਝ ਚੁਣੇ ਹੋਏ ਸ਼ਹਿਰਾਂ ਵਿਚ ਪਲਾਸਟਿਕ ਨੋਟਾਂ ਦੀ ਜਾਂਚ ਕੀਤੀ ਗਈ ਸੀ ਪਰ ਬਾਅਦ ਵਿਚ ਇਸ ਯੋਜਨਾ ਨੂੰ ਅੱਗੇ ਨਹੀਂ ਵਧਾਇਆ ਗਿਆ | ਹੁਣ ਕਰੰਸੀ ਦੀ ਵਧਦੀ ਮੰਗ ਅਤੇ ਨਕਲੀ ਨੋਟਾਂ ਦੀ ਚੁਣੌਤੀ ਨੂੰ ਦੇਖਦਿਆਂ ਇਸ ਯੋਜਨਾ ਨੂੰ ਮੁੜ ਵਿਚਾਰ ਅਧੀਨ ਲਿਆਂਦਾ ਗਿਆ ਹੈ | ਹਾਲਾਂਕਿ ਰਿਜ਼ਰਵ ਬੈਂਕ ਵਲੋਂ ਅਜੇ ਤੱਕ ਪਲਾਸਟਿਕ ਨੋਟਾਂ ਨੂੰ ਲੈ ਕੇ ਕੋਈ ਅਧਿਕਾਰਕ ਐਲਾਨ ਨਹੀਂ ਕੀਤਾ ਗਿਆ ਹੈ | ਨਾਲ ਹੀ ਇਹ ਵੀ ਸਪੱਸ਼ਟ ਕੀਤਾ ਜਾ ਰਿਹਾ ਹੈ ਕਿ ਪੋਲੀਮਰ ਨੋਟਾਂ ਦੀ ਸ਼ੁਰੂਆਤ ਦਾ ਮਤਲਬ ਪੁਰਾਣੇ ਨੋਟਾਂ ਨੂੰ ਤੁਰੰਤ ਬੰਦ ਕਰਨਾ ਨਹੀਂ ਹੋਵੇਗਾ | ਜੇਕਰ ਇਹ ਯੋਜਨਾ ਲਾਗੂ ਹੁੰਦੀ ਹੈ ਤਾਂ ਨਵੇਂ ਅਤੇ ਪੁਰਾਣੇ ਨੋਟ ਕੁਝ ਸਮੇਂ ਤੱਕ ਇਕੱਠੇ ਚੱਲਣਗੇ ਅਤੇ ਬਾਅਦ ਵਿਚ ਪੜਾਅਵਾਰ ਢੰਗ ਨਾਲ ਬਦਲਾਅ ਕੀਤਾ ਜਾਵੇਗਾ | ਜੇਕਰ ਪੋਲੀਮਰ ਨੋਟਾਂ ਦੀ ਯੋਜਨਾ ਸਫ਼ਲ ਰਹਿੰਦੀ ਹੈ ਤਾਂ ਇਹ ਭਾਰਤੀ ਕਰੰਸੀ ਪ੍ਰਣਾਲੀ ਨੂੰ ਹੋਰ ਸੁਰੱਖਿਅਤ, ਟਿਕਾਊ ਅਤੇ ਆਧੁਨਿਕ ਬਣਾਉਣ ਵੱਲ ਇਕ ਅਹਿਮ ਕਦਮ ਸਾਬਤ ਹੋ ਸਕਦਾ ਹੈ |
ਦੇਸ਼ ਦੀ ਕਰੰਸੀ 'ਚ ਆ ਸਕਦੈ ਵੱਡਾ ਬਦਲਾਅ <br/>
ਅਜੀਤ ਡੈਸਕ
03-06-2026