ਕਲਾਨੌਰ/ਗੁਰਦਾਸਪੁਰ, 2 ਜੂਨ (ਪੁਰੇਵਾਲ, ਚੱਕਰਾਜਾ, ਗੁਰਪ੍ਰਤਾਪ ਸਿੰਘ)-ਜ਼ਿਲ੍ਹਾ ਗੁਰਦਾਸਪੁਰ ਦੇ ਇਤਿਹਾਸਕ ਕਸਬਾ ਕਲਾਨੌਰ ਦੇ ਬੱਸ ਅੱਡੇ ਨੇੜੇ ਸਥਿਤ ਇਕ ਨਿੱਜੀ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਦੁਪਹਿਰ ਸਮੇਂ ਗ੍ਰਨੇਡ ਸੁੱਟੇ ਜਾਣ ਕਾਰਨ ਜ਼ੋਰਦਾਰ ਧਮਾਕਾ ਹੋਇਆ | ਪੁਲਿਸ ਨੇ ਘਟਨਾ ਦੇ 6 ਘੰਟਿਆਂ 'ਚ ਹੀ ਮੁਲਜ਼ਮ ਨੂੰ ਕਾਬੂ ਕਰ ਲਿਆ | ਧਮਾਕਾ ਹੋਣ ਦੇ ਤੁਰੰਤ ਬਾਅਦ ਪੁਲਿਸ ਨੇ ਘਟਨਾ ਸਥਾਨ 'ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਸ਼ਾਮ ਤੱਕ ਗ੍ਰਨੇਡ ਸੁੱਟਣ ਦੇ ਮਾਮਲੇ 'ਚ ਇਕ ਮੁਲਜ਼ਮ ਨੂੰ ਗਿ੍ਫ਼ਤਾਰ ਕਰ ਲਿਆ | ਜਿਸ ਸੰਬੰਧੀ ਜਾਣਕਾਰੀ ਐਸ. ਐਸ. ਪੀ. ਅਦਿੱਤਿਆ ਨੇ ਪੱਤਰਕਾਰ ਸੰਮੇਲਨ ਕਰਕੇ ਦਿੱਤੀ | ਦੁਪਹਿਰ ਸਮੇਂ ਜਦੋਂ ਧਮਾਕਾ ਹੋਇਆ ਤਾਂ ਆਵਾਜ਼ ਦੂਰ-ਦੂਰ ਤੱਕ ਸੁਣਾਈ ਦਿੱਤੀ, ਜਿਸ ਦੀ ਪੁਸ਼ਟੀ ਕਰਦਿਆਂ ਲੋਕਾਂ ਨੇ ਕਿਹਾ ਕਿ ਧਮਾਕੇ ਤੋਂ ਬਾਅਦ ਲੋਕ ਘਰਾਂ ਤੇ ਦੁਕਾਨਾਂ 'ਚੋਂ ਬਾਹਰ ਆ ਗਏ | ਲੋਕਾਂ 'ਚ ਸਹਿਮ ਪਾਇਆ ਗਿਆ | ਘਟਨਾ ਤੋਂ ਬਾਅਦ ਐਸ.ਪੀ. ਡੀ. ਕੇ. ਚੌਧਰੀ, ਡੀ.ਐਸ.ਪੀ. ਅਮੋਲਕ ਸਿੰਘ ਕਾਹਲੋਂ, ਕਲਾਨੌਰ ਪੁਲਿਸ ਦੇ ਐਸ.ਐਚ.ਓ. ਜਤਿੰਦਰਪਾਲ ਸਿੰਘ ਮੌਕੇ 'ਤੇ ਪਹੁੰਚ ਗਏ ਸਨ | ਉਪਰੰਤ ਸੀਨੀਅਰ ਪੁਲਿਸ ਕਪਤਾਨ ਸ੍ਰੀ ਅਦਿੱਤਿਆ ਵੀ ਮੌਕੇ 'ਤੇ ਪਹੁੰਚੇ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ | ਇਸ ਮੌਕੇ ਫੋਰੈਂਸਿਕ ਟੀਮਾਂ ਵੀ ਮੌਕੇ 'ਤੇ ਪਹੁੰਚ ਕੇ ਜਾਂਚ 'ਚ ਜੁੱਟ ਗਈਆਂ | ਦੇਰ ਸ਼ਾਮ ਨੂੰ ਕੀਤੇ ਗਏ ਪੱਤਰਕਾਰ ਸੰਮੇਲਨ 'ਚ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਐਸ.ਐਸ.ਪੀ. ਗੁਰਦਾਸਪੁਰ ਅਦਿੱਤਿਆ ਨੇ ਦੱਸਿਆ ਕਿ ਕਲਾਨੌਰ ਵਿਖੇ ਗਰਨੇਡ ਹਮਲਾ ਕਰਨ ਵਾਲੇ ਦੋਸ਼ੀ ਨੂੰ ਗੁਰਦਾਸਪੁਰ ਪੁਲਿਸ ਵਲੋਂ ਤਰਨ ਤਾਰਨ ਤੋਂ ਕਾਬੂ ਕਰ ਲਿਆ ਗਿਆ | ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਨਿੱਜੀ ਹਸਪਤਾਲ ਉੱਪਰ ਗਰਨੇਡ ਹਮਲਾ ਹੋਣ ਤੋਂ ਬਾਅਦ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਵਲੋਂ ਵੱਖ-ਵੱਖ ਟੀਮਾਂ ਬਣਾ ਕੇ ਇਸ ਮਾਮਲੇ ਨੂੰ ਹੱਲ ਕਰਨ ਲਈ ਸਬੂਤ ਜਟਾਉਣੇ ਅਤੇ ਦੋਸ਼ੀਆਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਗਈ ਸੀ | ਉਨ੍ਹਾਂ ਦੱਸਿਆ ਕਿ ਸੀ. ਸੀ. ਟੀਵੀ ਕੈਮਰੇ ਖੰਘਾਲਣ ਅਤੇ ਤਕਨੀਕੀ ਤਰੀਕੇ ਨਾਲ ਕੀਤੀ ਗਈ ਤਫਤੀਸ਼ 'ਚ ਪੁਲਿਸ ਵਲੋਂ ਧਰਮਿੰਦਰ ਸਿੰਘ ਉਰਫ ਟਿੰਡੀ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਅਗਵਾਨ ਨੂੰ ਤਰਨ ਤਾਰਨ ਤੋਂ ਕਾਬੂ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਉਕਤ ਦੋਸ਼ੀ ਖ਼ਿਲਾਫ਼ ਇਕ ਚੋਰੀ ਅਤੇ ਦੋ ਐਨ. ਡੀ. ਪੀ. ਐਸ. ਐਕਟ ਦੇ ਮਾਮਲੇ ਪਹਿਲਾਂ ਵੀ ਦਰਜ ਹਨ | ਐਸ. ਐਸ. ਪੀ. ਮੁਤਾਬਿਕ ਇਸ ਮਾਮਲੇ ਦੀ ਤਫਤੀਸ਼ ਚੱਲ ਰਹੀ ਹੈ ਅਤੇ ਇਸ ਵਿਚ ਹੋਰ ਵੀ ਖੁਲਾਸੇ ਹੋਣ ਦੀ ਆਸ ਹੈ |
ਫਿਰੌਤੀ ਲਈ ਆ ਰਹੇ ਸਨ ਫੋਨ-ਡਾ. ਮੁਲਤਾਨੀ

ਮੁਲਤਾਨੀ ਹਸਪਤਾਲ ਦੇ ਡਾ. ਐਸ.ਪੀ. ਸਿੰਘ ਮੁਲਤਾਨੀ ਨੇ ਦੱਸਿਆ ਕਿ ਦੁਪਹਿਰ ਕੋਈ ਬੰਬ ਸੁੱਟ ਗਿਆ | ਉਨ੍ਹਾਂ ਕਿਹਾ ਕਿ ਐਮਰਜੈਂਸੀ 'ਚ ਧਮਾਕਾ ਹੋਇਆ | ਡਾ. ਮੁਲਤਾਨੀ ਨੇ ਕਿਹਾ ਕਿ ਪਿਛਲੇ ਸਾਲ ਦੋ ਵਾਰ ਫਿਰੌਤੀ ਦੀਆਂ ਕਾਲਾਂ ਆਈਆਂ ਸਨ ਅਤੇ ਫਿਰ ਪੁਲਿਸ ਵਲੋਂ ਸੁਰੱਖਿਆ ਦਿੱਤੀ ਗਈ ਅਤੇ ਬਾਅਦ 'ਚ ਪੁਲਿਸ ਵਲੋਂ ਸੁਰੱਖਿਆ ਹਟਾ ਦਿੱਤੀ ਗਈ ਅਤੇ ਹੁਣ ਦੁਪਹਿਰੇ ਹਸਪਤਾਲ 'ਚ ਕੋਈ ਬੰਬ ਸੁੱਟ ਗਿਆ, ਜਿਸ ਨੇ ਮੂੰਹ ਬੰਨਿ੍ਹਆ ਹੋਇਆ ਸੀ | ਡਾ. ਮੁਲਤਾਨੀ ਨੇ ਕਿਹਾ ਕਿ ਘਟਨਾ ਸਮੇਂ ਐਮਰਜੈਂਸੀ 'ਚ ਕੋਈ ਮਰੀਜ਼ ਨਹੀਂ ਸੀ, ਜਿਸ ਕਾਰਨ ਜਾਨੀ ਨੁਕਸਾਨ ਹੋਣੋਂ ਬਚ ਗਿਆ | ਉਨ੍ਹਾਂ ਕਿਹਾ ਕਿ ਸਿਰਫ ਉਨ੍ਹਾਂ ਨੂੰ ਨਹੀਂ ਪੂਰੇ ਸ਼ਹਿਰ ਨੂੰ ਸੁਰੱਖਿਆ ਦੇਣੀ ਚਾਹੀਦੀ ਹੈ, ਕਿਉਂਕਿ ਹੁਣ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਦੇ ਹੌਂਸਲੇ ਬਹੁਤ ਵਧੇ ਹੋਏ ਹਨ |
ਕਲਾਨੌਰ ਹਸਪਤਾਲ ਧਮਾਕੇ ਦੀ ਉੱਚ ਪੱਧਰੀ ਜਾਂਚ ਹੋਵੇ-ਰੰਧਾਵਾ

ਚੰਡੀਗੜ੍ਹ, 2 ਜੂਨ, (ਵਿਕਰਮਜੀਤ ਸਿੰਘ ਮਾਨ)-ਗੁਰਦਾਸਪੁਰ ਦੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਲਾਨੌਰ ਹਸਪਤਾਲ 'ਚ ਹੋਏ ਧਮਾਕੇ 'ਤੇ ਡੂੰਘੀ ਚਿੰਤਾ ਅਤੇ ਗੁੱਸਾ ਪ੍ਰਗਟ ਕੀਤਾ | ਉਨ੍ਹਾਂ ਕਿਹਾ ਕਿ ਧਮਾਕੇ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ, ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗਿ੍ਫ਼ਤਾਰ ਕੀਤਾ ਜਾਣਾ ਚਾਹੀਦਾ ਹੈ ਅਤੇ ਸੱਚਾਈ ਸਾਹਮਣੇ ਲਿਆਂਦੀ ਜਾਣੀ ਚਾਹੀਦੀ ਹੈ | ਇਹ ਘਟਨਾ ਪੰਜਾਬ 'ਚ ਲਗਾਤਾਰ ਵਿਗੜਦੀ ਕਾਨੂੰਨ ਵਿਵਸਥਾ ਦੀ ਸਥਿਤੀ ਦੀ ਬਹੁਤ ਗੰਭੀਰ ਤਸਵੀਰ ਪੇਸ਼ ਕਰਦੀ ਹੈ |
ਪੁਲਿਸ ਨੇ 6 ਘੰਟਿਆਂ 'ਚ ਸੁਲਝਾਇਆ ਮਾਮਲਾ-ਡੀ.ਜੀ.ਪੀ

ਚੰਡੀਗੜ੍ਹ, 2 ਜੂਨ (ਸੰਦੀਪ ਕੁਮਾਰ ਮਾਹਨਾ) ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਗੌਰਵ ਯਾਦਵ ਨੇ ਸੋਸ਼ਲ ਮੀਡੀਆ 'ਤੇ ਪਾਈ ਪੋਸਟ 'ਚ ਦੱਸਿਆ ਕਿ ਕਲਾਨੌਰ 'ਚ ਹੋਏ ਗ੍ਰਨੇਡ ਹਮਲੇ ਦੇ ਮਾਮਲੇ ਨੂੰ ਗੁਰਦਾਸਪੁਰ ਪੁਲਿਸ ਅਤੇ ਕਾਊਾਟਰ ਇੰਟੈਲੀਜੈਂਸ ਵਿੰਗ ਦੀ ਸਾਂਝੀ ਟੀਮ ਨੇ ਘਟਨਾ ਤੋਂ ਸਿਰਫ਼ 6 ਘੰਟਿਆਂ ਦੇ ਅੰਦਰ ਸੁਲਝਾ ਲਿਆ ਹੈ | ਉਨ੍ਹਾਂ ਦੱਸਿਆ ਕਿ ਤਕਨੀਕੀ ਅਤੇ ਮਨੁੱਖੀ ਖ਼ੁਫ਼ੀਆ ਜਾਣਕਾਰੀ ਦੇ ਆਧਾਰ 'ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਟੀਮਾਂ ਨੇ ਮੁੱਖ ਹਮਲਾਵਰ ਦੀ ਪਛਾਣ ਕਰਕੇ ਉਸ ਨੂੰ ਕਾਬੂ ਕਰਨ 'ਚ ਸਫਲਤਾ ਹਾਸਿਲ ਕੀਤੀ ਹੈ | ਉਨ੍ਹਾਂ ਦੱਸਿਆ ਕਿ ਮੁਢਲੀ ਜਾਂਚ ਦੌਰਾਨ ਇਸ ਹਮਲੇ ਪਿੱਛੇ ਇੱਕ ਵਿਦੇਸ਼ੀ ਹੈਂਡਲਰ ਦੀ ਭੂਮਿਕਾ ਸਾਹਮਣੇ ਆਈ ਹੈ, ਜਿਸ ਦੇ ਨਿਰਦੇਸ਼ਾਂ 'ਤੇ ਇਹ ਸਾਜ਼ਿਸ਼ ਰਚੀ ਗਈ ਸੀ | ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਹਰ ਪੱਖ ਤੋਂ ਕੀਤੀ ਜਾ ਰਹੀ ਹੈ ਅਤੇ ਹਮਲੇ ਨਾਲ ਜੁੜੇ ਅੱਗੇ ਤੇ ਪਿੱਛੇ ਦੇ ਸਾਰੇ ਸੰਪਰਕਾਂ ਦੀ ਬਾਰੀਕੀ ਨਾਲ ਪੜਤਾਲ ਕੀਤੀ ਜਾ ਰਹੀ ਹੈ | ਪੁਲਿਸ ਦਾ ਮੁੱਖ ਉਦੇਸ਼ ਇਸ ਘਟਨਾ ਪਿੱਛੇ ਕੰਮ ਕਰ ਰਹੇ ਸਮੁੱਚੇ ਨੈੱਟਵਰਕ ਦੀ ਪਛਾਣ ਕਰਕੇ ਉਸ ਨੂੰ ਤੋੜਨਾ ਹੈ |
ਕਲਾਨੌਰ ਦੇ ਨਿੱਜੀ ਹਸਪਤਾਲ 'ਚ ਸੁੱਟਿਆ ਗ੍ਰਨੇਡ-ਦੋਸ਼ੀ ਕਾਬੂ <br/>
ਅਜੀਤ ਡੈਸਕ
03-06-2026