ਦੁਬਈ, 30 ਮਾਰਚ (ਏ. ਪੀ.)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨੂੰ ਇਕ ਨਵੀਂ ਧਮਕੀ ਦਿੱਤੀ ਹੈ | ਉਨ੍ਹਾਂ ਕਿਹਾ ਕਿ ਜੇਕਰ ਕੋਈ ਸ਼ਾਂਤੀ ਸਮਝੌਤਾ ਨਹੀਂ ਹੁੰਦਾ ਤਾਂ ਅਮਰੀਕਾ ਈਰਾਨ ਦੇ ਬਿਜਲੀ ਪਲਾਂਟਾਂ, ਤੇਲ ਦੇ ਖ਼ੂਹਾਂ ਅਤੇ ਖਰਗ ਦੀਪ ਨੂੰ ਤਬਾਹ ਕਰ ਦੇਵੇਗਾ | ਅਮਰੀਕੀ ਰਾਸ਼ਟਰਪਤੀ ਨੇ ਸੋਸ਼ਲ ਮੀਡੀਆ 'ਤੇ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਸੈਨਿਕ ਮੁਹਿੰਮਾਂ ਨੂੰ ਖਤਮ ਕਰਨ ਲਈ ਈਰਾਨ ਦੇ ਨਾਲ ਗੰਭੀਰ ਗੱਲਬਾਤ ਕਰ ਰਿਹਾ ਹੈ | ਨਾਲ ਹੀ ਉਨ੍ਹਾਂ ਨੇ ਇਹ ਵੀ ਧਮਕੀ ਦਿੱਤੀ ਕਿ ਜੇਕਰ ਜਲਦੀ ਹੀ ਕੋਈ ਸਮਝੌਤਾ ਨਾ ਹੋਇਆ ਤਾਂ ਦੇਸ਼ ਦੀਆਂ ਊਰਜਾ ਸਹੂਲਤਾਂ ਨੂੰ ਵੱਡੇ ਪੱਧਰ 'ਤੇ ਤਬਾਹ ਕਰ ਦਿੱਤਾ ਜਾਵੇਗਾ | ਟਰੰਪ ਨੇ ਪੋਸਟ ਕੀਤਾ ਕਿ ਕਾਫੀ ਪ੍ਰਗਤੀ ਹੋਈ ਹੈ ਪਰ ਜੇਕਰ ਕਿਸੇ ਵੀ ਕਾਰਨ ਜਲਦੀ ਹੀ ਕੋਈ ਸਮਝੌਤਾ, ਜਿਸ ਦੀ ਸੰਭਾਵਨਾ ਹੈ ਕਿ ਹੋ ਜਾਵੇਗਾ, ਨਹੀਂ ਹੁੰਦਾ ਹੈ ਅਤੇ ਜੇਕਰ ਹੋਰਮੁਜ਼ ਜਲਡਮਰੂ ਤੁਰੰਤ ਵਪਾਰ ਲਈ ਨਹੀਂ ਖੁੱਲ੍ਹਦਾ ਤਾਂ ਈਰਾਨ 'ਚ ਸਾਰੇ ਬਿਜਲੀ ਉਤਪਾਦਨ ਪਲਾਂਟ, ਤੇਲ ਦੇ ਖ਼ੂਹ ਅਤੇ ਖਰਗ ਦੀਪ (ਅਤੇ ਸ਼ਾਇਦ ਸਾਰੇ ਪਾਣੀ ਸਾਫ਼ ਕਰਨ ਵਾਲੇ ਪਲਾਂਟ) ਨੂੰ ਬੰਬ ਨਾਲ ਉਡਾ ਕੇ ਪੂਰੀ ਤਰਾਂ ਤਬਾਹ ਕਰ ਦਿਆਂਗੇ | ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀ ਸੈਨਾ ਵਲੋਂ ਈਰਾਨ ਦੇ ਖਾਰਗ ਟਾਪੂ 'ਤੇ ਕਬਜ਼ਾ ਕਰਨ ਦਾ ਸੰਕੇਤ ਦਿੱਤਾ ਹੈ | ਟਰੰਪ ਨੇ ਕਿਹਾ ਕਿ ਉਹ ਈਰਾਨ ਦਾ ਤੇਲ ਲੈਣਾ ਚਾਹੁੰਦੇ ਹਨ | ਅਮਰੀਕਾ ਅਤੇ ਇਜ਼ਰਾਈਲ ਨੇ ਸੋਮਵਾਰ ਨੂੰ ਵੀ ਇਸਲਾਮਿਕ ਰਿਪਬਲਿਕ (ਈਰਾਨ) 'ਤੇ ਹਮਲੇ ਜਾਰੀ ਰੱਖੇ, ਜਦਕਿ ਦੂਜੇ ਪਾਸੇ ਜੰਗਬੰਦੀ ਨੂੰ ਲੈ ਕੇ ਚੱਲ ਰਹੀ ਸ਼ੁਰੂਆਤੀ ਗੱਲਬਾਤ 'ਚ ਕੁਝ ਪ੍ਰਗਤੀ ਦੇ ਸੰਕੇਤ ਮਿਲ ਰਹੇ ਸਨ | ਈਰਾਨ ਨੇ ਕੁਵੈਤ 'ਚ ਸਥਿਤ ਇਕ ਮਹੱਤਵਪੂਰਨ ਜਲ ਅਤੇ ਬਿਜਲੀ ਪਲਾਂਟ 'ਤੇ ਹਮਲਾ ਕੀਤਾ | ਟਰੰਪ ਨੇ ਇਹ ਵੀ ਦੱਸਿਆ ਕਿ ਈਰਾਨ ਨੇ ਸਨਮਾਨ ਦੇ ਪ੍ਰਤੀਕ ਦੇ ਤੌਰ 'ਤੇ ਸੋਮਵਾਰ ਸਵੇਰ ਤੋਂ ਅਗਲੇ ਕੁਝ ਦਿਨਾਂ ਤੱਕ ਹੋਰਮੁਜ਼ ਜਲਡਮਰੂ ਤੋਂ ਤੇਲ ਲਿਜਾਣ ਵਾਲੇ 20 ਜਹਾਜ਼ਾਂ ਨੂੰ ਲੰਘਣ ਦੀ ਇਜਾਜ਼ਤ ਦੇਣ ਦੀ ਸਹਿਮਤੀ ਪ੍ਰਗਟਾਈ ਹੈ | ਉਨ੍ਹਾਂ ਕਿਹਾ ਕਿ ਉਹ ਬੱਸ ਏਨਾ ਕਹਿਣਗੇ ਕਿ ਇਸ ਗੱਲਬਾਤ 'ਚ ਅਸੀਂ ਬਹੁਤ ਚੰਗਾ ਪ੍ਰਦਰਸ਼ਨ ਕਰ ਰਹੇ ਹਾਂ ਪਰ ਈਰਾਨ ਦੇ ਮਾਮਲੇ 'ਚ ਤੁਸੀਂ ਕਦੇ ਕੁਝ ਕਹਿ ਨਹੀਂ ਸਕਦੇ ਕਿਉਂਕਿ ਅਸੀਂ ਉਨ੍ਹਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਉਸ ਦੇ ਬਾਅਦ ਸਾਨੂੰ ਹਮੇਸ਼ਾਂ ਉਨ੍ਹਾਂ 'ਤੇ ਹਮਲਾ ਕਰਨਾ ਪੈਂਦਾ ਹੈ | ਇਸ ਯੁੱਧ ਦੇ ਕਾਰਨ ਪਹਿਲਾਂ ਹੀ ਦੁਨੀਆ ਭਰ 'ਚ ਤੇਲ ਅਤੇ ਕੁਦਰਤੀ ਗੈਸ ਦੀ ਸਪਲਾਈ ਸੰਕਟ 'ਚ ਹੈ, ਨਾਲ ਹੀ ਖਾਦ ਦੀ ਕਮੀ ਹੋ ਗਈ ਹੈ ਅਤੇ ਹਵਾਈ ਯਾਤਰਾ 'ਚ ਵੀ ਰੁਕਾਵਟ ਆਈ ਹੈ |
ਜਲਦੀ ਜੰਗਬੰਦੀ ਨਾ ਹੋਣ ਦੀ ਸੂਰਤ 'ਚ ਟਰੰਪ ਵਲੋਂ ਈਰਾਨ ਨੂੰ ਤਬਾਹ ਕਰਨ ਦੀ ਧਮਕੀ <br/>
ਅਜੀਤ ਡੈਸਕ
31-03-2026