20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਹੁਣ ਪੈਟਰੋਲ ਪੰਪ ਤੋਂ ਵੀ ਮਿਲੇਗਾ 'ਛੋਟਾ ਸਿਲੰਡਰ' ਤੇ 'ਮਿੱਟੀ ਦਾ ਤੇਲ' <br/>

ਅਜੀਤ ਡੈਸਕ 31-03-2026

ਨਵੀਂ ਦਿੱਲੀ/ ਜਲੰਧਰ, 30 ਮਾਰਚ (ਜਗਤਾਰ ਸਿੰਘ, ਸ਼ਿਵ ਸ਼ਰਮਾ)-ਅਮਰੀਕਾ-ਇਜ਼ਰਾਈਲ ਤੇ ਈਰਾਨ ਵਿਚਕਾਰ ਜੰਗ ਦਾ ਅਸਰ ਹੁਣ ਪੂਰੀ ਦੁਨੀਆ 'ਚ ਸਾਫ਼ ਨਜ਼ਰ ਆਉਣ ਲੱਗਾ ਹੈ ਅਤੇ ਇਸ ਨਾਲ ਤੇਲ ਅਤੇ ਗੈਸ ਦੀ ਸਪਲਾਈ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋ ਰਹੀ ਹੈ | ਇਸੇ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਹਾਲਾਤ ਸੰਭਾਲਣ ਲਈ ਕੁਝ ਜ਼ਰੂਰੀ ਕਦਮ ਚੁੱਕੇ ਹਨ | ਕੇਂਦਰ ਸਰਕਾਰ ਨੇ ਅੱਜ ਪੈਟਰੋਲ ਪੰਪਾਂ 'ਤੇ ਸਿਲੰਡਰ ਦੀ ਵਿਕਰੀ ਦਾ ਐਲਾਨ ਕੀਤਾ ਹੈ | ਇਸ ਤੋਂ ਪਹਿਲਾਂ ਬੀਤੇ ਕੱਲ੍ਹ ਯਾਨੀ ਐਤਵਾਰ ਦੇਰ ਸ਼ਾਮ ਮਿੱਟੀ ਦੇ ਤੇਲ ਦੀ ਵਿਕਰੀ ਵੀ ਪੈਟਰੋਲ ਪੰਪਾਂ 'ਤੇ ਕੀਤੇ ਜਾਣ ਦਾ ਐਲਾਨ ਕੀਤਾ ਗਿਆ | ਕੇਂਦਰ ਦੇ ਇਸ ਫ਼ੈਸਲੇ ਤੋਂ ਬਾਅਦ ਹੁਣ ਐੱਲ.ਪੀ.ਜੀ. ਸਿਲੰਡਰ ਅਤੇ ਮਿੱਟੀ ਦਾ ਤੇਲ ਪੈਟਰੋਲ ਪੰਪਾਂ ਤੋਂ ਖਰੀਦਿਆ ਜਾ ਸਕੇਗਾ | ਦਰਅਸਲ ਗੈਸ ਸੰਕਟ ਅਤੇ ਏਜੰਸੀਆਂ ਦੇ ਬਾਹਰ ਲੰਬੀਆਂ ਕਤਾਰਾਂ ਕਾਰਨ ਲੋਕਾਂ ਨੂੰ ਹੋ ਰਹੀ ਮੁਸ਼ਕਿਲ ਨੂੰ ਦੂਰ ਕਰਨ ਲਈ ਸਰਕਾਰ ਨੇ ਇਹ ਵੱਡਾ ਫ਼ੈਸਲਾ ਲਿਆ ਹੈ | ਸਰਕਾਰ ਨੇ ਛੋਟੇ ਗੈਸ ਸਿਲੰਡਰਾਂ ਦੀ ਵਿਕਰੀ ਨੂੰ ਸਰਲ ਬਣਾ ਦਿੱਤਾ ਹੈ | ਨਵੇਂ ਨਿਯਮਾਂ ਤਹਿਤ ਹੁਣ ਸਰਕਾਰੀ ਤੇਲ ਕੰਪਨੀ ਇੰਡੀਅਨ ਆਇਲ ਦੁਆਰਾ ਚਲਾਏ ਜਾ ਰਹੇ ਪੈਟਰੋਲ ਪੰਪਾਂ 'ਤੇ 5 ਕਿੱਲੋਗਰਾਮ ਦੇ ਛੋਟੇ ਸਿਲੰਡਰ ਉਪਲਬਧ ਹੋਣਗੇ | ਪੈਟਰੋਲ ਪੰਪ ਮਾਲਕ ਹੁਣ 5 ਕਿੱਲੋਗਰਾਮ ਘਰੇਲੂ ਅਤੇ ਵਪਾਰਕ ਸਿਲੰਡਰ ਵੇਚ ਸਕਣਗੇ | ਲੋਕ ਪੈਟਰੋਲ ਪੰਪ ਤੋਂ ਛੋਟੇ ਵਪਾਰਕ ਤੇ ਘਰੇਲੂ ਸਿਲੰਡਰ ਖ਼ਰੀਦ ਸਕਣਗੇ | ਇਸ ਤੋਂ ਪਹਿਲਾਂ ਬੀਤੀ ਰਾਤ ਕੇਂਦਰ ਸਰਕਾਰ ਨੇ ਇਹ ਫ਼ੈਸਲਾ ਵੀ ਕੀਤਾ ਕਿ ਮਿੱਟੀ ਦਾ ਤੇਲ ਹੁਣ ਰਾਸ਼ਨ ਦੁਕਾਨਾਂ ਦੇ ਨਾਲ-ਨਾਲ ਪੈਟਰੋਲ ਪੰਪਾਂ 'ਤੇ ਵੀ ਉਪਲਬਧ ਹੋਵੇਗਾ | ਸਰਕਾਰੀ ਤੇਲ ਕੰਪਨੀਆਂ ਹੁਣ ਨਿਰਧਾਰਿਤ ਪੈਟਰੋਲ ਪੰਪਾਂ ਤੋਂ ਮਿੱਟੀ ਦਾ ਤੇਲ ਸਟਾਕ ਅਤੇ ਵੰਡਣ ਦੇ ਯੋਗ ਹੋਣਗੀਆਂ | ਹਰੇਕ ਜ਼ਿਲ੍ਹੇ 'ਚ ਰਾਜ ਸਰਕਾਰ ਜਾਂ ਕੇਂਦਰ ਸ਼ਾਸਤ ਪ੍ਰਦੇਸ਼ ਪ੍ਰਸ਼ਾਸਨ ਵੱਧ ਤੋਂ ਵੱਧ ਦੋ ਪੈਟਰੋਲ ਪੰਪਾਂ ਦੀ ਚੋਣ ਕਰੇਗਾ, ਜਿਥੇ ਇਹ ਸਹੂਲਤ ਪ੍ਰਦਾਨ ਕੀਤੀ ਜਾਵੇਗੀ | ਇਹ ਪੈਟਰੋਲ ਪੰਪ 5,000 ਲੀਟਰ ਤੱਕ ਮਿੱਟੀ ਦਾ ਤੇਲ ਸਟੋਰ ਕਰ ਸਕਣਗੇ | ਸਪਲਾਈ ਨੂੰ ਸੁਚਾਰੂ ਬਣਾਉਣ ਲਈ ਸਰਕਾਰ ਨੇ ਜਨਤਕ ਵੰਡ ਪ੍ਰਣਾਲੀ ਨਿਯਮਾਂ 'ਚ 60 ਦਿਨਾਂ ਲਈ ਢਿੱਲ ਦਿੱਤੀ ਹੈ ਤਾਂ ਜੋ ਤੇਲ ਸਮੇਂ ਸਿਰ ਲੋੜਵੰਦ ਪਰਿਵਾਰਾਂ ਤੱਕ ਪਹੁੰਚ ਸਕੇ |
ਸੂਬੇ 'ਚ ਸਾਲਾਂ ਬਾਅਦ ਲੋੜਵੰਦਾਂ ਨੂੰ ਮਿਲੇਗੀ ਮਿੱਟੀ ਦੇ ਤੇਲ ਦੀ ਸਪਲਾਈ
ਪੰਜਾਬ 'ਚ ਸਾਲਾਂ ਬਾਅਦ ਹੁਣ ਮਿੱਟੀ ਦੇ ਤੇਲ ਦੀ ਸਪਲਾਈ ਮਿਲਣੀ ਸ਼ੁਰੂ ਹੋਣ ਦੀ ਸੰਭਾਵਨਾ ਹੈ। ਕਈ ਸਾਲ ਪਹਿਲਾਂ ਸੂਬੇ 'ਚ ਲੋਕ ਮਿੱਟੀ ਦੇ ਤੇਲ ਦੀ ਸਪਲਾਈ ਬੰਦ ਕਰਕੇ ਪੂਰੀ ਤਰਾਂ ਨਾਲ ਰਸੋਈ ਗੈਸ 'ਤੇ ਨਿਰਭਰ ਹੋ ਗਏ ਸਨ ਪਰ ਹੁਣ ਜਦੋਂ ਕਿ ਪੱਛਮੀ ਏਸ਼ੀਆ 'ਚ ਜੰਗ ਕਾਰਨ ਚਾਹੇ ਕੇਂਦਰ ਵਲੋਂ ਰਸੋਈ ਗੈਸ ਦੀ ਸਪਲਾਈ ਲਈ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ ਪਰ ਹੋਰ ਲੋੜਵੰਦ ਲੋਕਾਂ ਦੀ ਮੰਗ ਪੂਰੀ ਕਰਨ ਲਈ ਪੈਟਰੋਲ ਪੰਪਾਂ 'ਤੇ ਮਿੱਟੀ ਦੇ ਤੇਲ ਦੀ ਸਪਲਾਈ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਵੇਲੇ ਰਸੋਈ ਗੈਸ ਦੀ ਕਮੀ ਕਾਰਨ ਲੱਕੜ ਤੋਂ ਇਲਾਵਾ ਹੋਰ ਬਾਲਣ ਵੀ ਕਾਫੀ ਮਹਿੰਗਾ ਹੋ ਗਿਆ ਹੈ। ਕੇਂਦਰ ਵਲੋਂ ਕੀਤੇ ਫ਼ੈਸਲੇ ਅਨੁਸਾਰ ਜ਼ਿਲ੍ਹੇ 'ਚ ਸਿਰਫ਼ 2 ਜਾਂ 3 ਪੈਟਰੋਲ ਪੰਪਾਂ 'ਤੇ ਇਸ ਮਿੱਟੀ ਦੇ ਤੇਲ ਦੀ ਸਪਲਾਈ ਦਿੱਤੀ ਜਾਵੇਗੀ। ਜਿਸ ਡੀਲਰ ਨੂੰ ਤੇਲ ਦੀ ਸਪਲਾਈ ਮਿਲੇਗੀ, ਉਸ ਨੂੰ ਵਾਧੂ ਜਗ੍ਹਾ 'ਚ ਡਰੰਮ ਲੈਣੇ ਪੈਣਗੇ ਜਿਥੇ ਕਿ ਤੇਲ ਸਪਲਾਈ ਕੀਤੀ ਜਾਵੇਗੀ ਪਰ ਇਸ ਬਾਰੇ ਅਜੇ ਨੀਤੀ ਤਿਆਰ ਕੀਤੀ ਜਾਣੀ ਹੈ ਕਿ ਪੈਟਰੋਲ ਪੰਪਾਂ 'ਤੇ ਜਿਹੜੇ ਮਿੱਟੀ ਦੇ ਤੇਲ ਦੀ ਸਪਲਾਈ ਕੀਤੀ ਜਾਣੀ ਹੈ, ਉਹ ਆਮ ਲੋਕਾਂ ਨੂੰ ਸਿੱਧੀ ਸਪਲਾਈ ਦਿੱਤੀ ਜਾਵੇਗੀ ਜਾਂ ਫਿਰ ਪਹਿਲਾਂ ਪੈਟਰੋਲ ਪੰਪਾਂ ਤੋਂ ਰਾਸ਼ਨ ਡਿਪੂ ਮਾਲਕਾਂ ਨੂੰ ਤੇਲ ਦੀ ਸਪਲਾਈ ਦਿੱਤੀ ਜਾਵੇਗੀ। ਪੰਜਾਬ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਦੋਆਬਾ ਦਾ ਕਹਿਣਾ ਸੀ ਕਿ ਮਿੱਟੀ ਦੇ ਤੇਲ ਦੀ ਸਪਲਾਈ ਪੱਕੇ ਤੌਰ 'ਤੇ ਮਿਲਣ ਦੀ ਸੰਭਾਵਨਾ ਨਹੀਂ ਹੈ ਕਿਉਂਕਿ ਜਦੋਂ ਐਲ. ਪੀ. ਜੀ. ਦੀ ਸਪਲਾਈ ਠੀਕ ਹੋ ਜਾਵੇਗੀ ਤਾਂ ਫਿਰ ਮਿੱਟੀ ਦੇ ਤੇਲ ਦੀ ਸਪਲਾਈ ਬੰਦ ਹੋ ਜਾਵੇਗੀ। ਇਸ ਸਥਿਤੀ 'ਚ ਕੋਈ ਡੀਲਰ ਕੁੱਝ ਸਮੇਂ ਲਈ ਕੰਮ ਕਰਨਾ ਮਨਜ਼ੂਰ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਤੇਲ ਕੰਪਨੀ ਦੇ ਇਕ ਅਧਿਕਾਰੀ ਨੂੰ ਪੁੱਛਿਆ ਸੀ ਕਿ ਕਿੰਨੀ ਦੇਰ ਤੱਕ ਇਹ ਸਪਲਾਈ ਮਿਲੇਗੀ ਤਾਂ ਅਧਿਕਾਰੀ ਦਾ ਕਹਿਣਾ ਸੀ ਕਿ ਇਸ ਬਾਰੇ ਉਨ੍ਹਾਂ ਨੂੰ ਵੀ ਪੂਰੀ ਜਾਣਕਾਰੀ ਨਹੀਂ ਹੈ। ਸ. ਦੋਆਬਾ ਦਾ ਕਹਿਣਾ ਸੀ ਕਿ ਅਸਥਾਈ ਤੌਰ 'ਤੇ ਮਿੱਟੀ ਦੇ ਤੇਲ ਦੀ ਸਪਲਾਈ ਲਈ ਕੋਈ ਹੋਰ ਖਰਚਾ ਨਹੀਂ ਕਰਨਾ ਚਾਹੇਗਾ। ਉਂਝ ਪੈਟਰੋਲ ਪੰਪਾਂ 'ਤੇ ਥੋਕ 'ਚ ਮਿੱਟੀ ਦਾ ਤੇਲ ਵੇਚਣ ਦੀ ਮਨਜ਼ੂਰੀ ਮਿਲੇਗੀ ਜਾਂ ਫਿਰ ਰਾਸ਼ਨ ਡਿਪੂ ਦੁਆਰਾ ਤੇਲ ਵੇਚਿਆ ਜਾਵੇਗਾ, ਇਸ ਬਾਰੇ ਨੀਤੀ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀ ਨਰਿੰਦਰ ਸਿੰਘ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਇਸ ਤੇਲ ਦੀ ਵਿਕਰੀ ਕਿਸ ਤਰਾਂ ਨਾਲ ਕੀਤੀ ਜਾਵੇਗੀ, ਇਸ ਬਾਰੇ ਸਰਕਾਰ ਦੀ ਨੀਤੀ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।

ਪਿਛਲੀ ਖ਼ਬਰ ਜਲਦੀ ਜੰਗਬੰਦੀ ਨਾ ਹੋਣ ਦੀ ਸੂਰਤ 'ਚ ਟਰੰਪ ਵਲੋਂ ਈਰਾਨ ਨੂੰ ਤਬਾਹ ਕਰਨ ਦੀ ਧਮਕੀ <br/> ਅਗਲੀ ਖ਼ਬਰ ਪੰਜਾਬ 'ਚ ਹੜ੍ਹਾਂ ਦੇ ਖ਼ਤਰੇ ਸੰਬੰਧੀ ਠੋਸ ਕਦਮ ਚੁੱਕਣਾ ਸਮੇਂ ਦੀ ਲੋੜ-ਸੰਧੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।