ਪਾਕਿ 'ਚ ਈਰਾਨੀ ਰਾਜਦੂਤ ਦੇ ਬਿਆਨ ਨਾਲ ਮੱਧ ਪੂਰਬ 'ਚ ਸਥਿਤੀ ਬਣੀ ਹੋਰ ਗੁੰਝਲਦਾਰ
ਅੰਮਿ੍ਤਸਰ, 25 ਮਾਰਚ (ਸੁਰਿੰਦਰ ਕੋਛੜ)-ਪੱਛਮੀ ਏਸ਼ੀਆ 'ਚ ਚੱਲ ਰਹੇ ਤਣਾਅ ਦੇ ਵਿਚਕਾਰ ਈਰਾਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਅਮਰੀਕਾ ਨਾਲ ਕੋਈ ਸ਼ਾਂਤੀ ਗੱਲਬਾਤ ਨਹੀਂ ਚੱਲ ਰਹੀ ਹੈ | ਪਾਕਿਸਤਾਨ 'ਚ ਈਰਾਨ ਦੇ ਰਾਜਦੂਤ ਰਜ਼ਾ ਅਮੀਰੀ ਮੋਘਦਮ ਦੇ ਇਸ ਉਕਤ ਬਿਆਨ ਨੇ ਸਥਿਤੀ ਨੂੰ ਹੋਰ ਗੁੰਝਲਦਾਰ ਬਣਾ ਦਿੱਤਾ ਹੈ | ਈਰਾਨ ਦਾ ਸਖ਼ਤ ਰੁਖ਼ ਸਪੱਸ਼ਟ ਤੌਰ 'ਤੇ ਦਰਸਾਉਂਦਾ ਹੈ ਕਿ ਸਥਿਤੀ ਅਜੇ ਵੀ ਆਮ ਤੋਂ ਬਹੁਤ ਦੂਰ ਹੈ | ਹਾਲਾਂਕਿ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਇਹ ਦਾਅਵਾ ਕੀਤਾ ਗਿਆ ਹੈ ਕਿ ਦੋਵਾਂ ਦੇਸ਼ਾਂ ਵਿਚਕਾਰ ਗੱਲਬਾਤ ਚੱਲ ਰਹੀ ਹੈ ਤੇ ਜੰਗ ਜਲਦੀ ਹੀ ਖ਼ਤਮ ਹੋ ਸਕਦੀ ਹੈ | ਈਰਾਨ ਦਾ ਬਿਆਨ ਸਿੱਧੇ ਤੌਰ 'ਤੇ ਟਰੰਪ ਦੇ ਦਾਅਵੇ ਨੂੰ ਰੱਦ ਕਰਦਾ ਹੈ | ਇਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਦੋਵਾਂ ਧਿਰਾਂ ਦੇ ਬਿਆਨ ਵੱਖਰੇ ਹਨ ਤੇ ਜ਼ਮੀਨੀ ਹਕੀਕਤ ਟਕਰਾਅ ਦੀ ਬਣੀ ਹੋਈ ਹੈ | ਈਰਾਨੀ ਰਾਜਦੂਤ ਨੇ ਕਿਹਾ ਕਿ ਵਾਸ਼ਿੰਗਟਨ ਅਤੇ ਤਹਿਰਾਨ ਵਿਚਕਾਰ ਕੋਈ ਗੱਲਬਾਤ ਨਹੀਂ ਹੋ ਰਹੀ ਹੈ | ਉਨ੍ਹਾਂ ਇਹ ਵੀ ਕਿਹਾ ਕਿ ਮੌਜੂਦਾ ਜੰਗ ਅਮਰੀਕਾ ਦੀ ਧੋਖੇਬਾਜ਼ੀ ਦਾ ਨਤੀਜਾ ਹੈ | ਉਧਰ ਸੰਯੁਕਤ ਰਾਸ਼ਟਰ 'ਚ ਇਜ਼ਰਾਈਲ ਦੇ ਰਾਜਦੂਤ ਡੈਨੀ ਡੈਨਨ ਨੇ ਕਿਹਾ ਹੈ ਕਿ ਉਹ ਕਿਸੇ ਵੀ ਗੱਲਬਾਤ ਤੋਂ ਅਣਜਾਣ ਹਨ ਤੇ ਇਜ਼ਰਾਈਲ ਦਾ ਸਪੱਸ਼ਟ ਟੀਚਾ ਈਰਾਨ ਨੂੰ ਪ੍ਰਮਾਣੂ ਸਮਰੱਥਾ ਪ੍ਰਾਪਤ ਕਰਨ ਤੋਂ ਰੋਕਣਾ ਹੈ | ਉਨ੍ਹਾਂ ਕਿਹਾ ਕਿ ਇਜ਼ਰਾਈਲ ਅਤੇ ਅਮਰੀਕਾ ਸਾਂਝੇ ਤੌਰ 'ਤੇ ਈਰਾਨੀ ਫ਼ੌਜੀ ਠਿਕਾਣਿਆਂ 'ਤੇ ਹਮਲਾ ਕਰ ਰਹੇ ਹਨ ਅਤੇ ਇਹ ਮੁਹਿੰਮ ਜਾਰੀ ਰਹੇਗੀ |
ਅਮਰੀਕਾ ਨਾਲ ਕੋਈ ਸ਼ਾਂਤੀ ਗੱਲਬਾਤ ਨਹੀਂ ਚੱਲ ਰਹੀ-ਈਰਾਨ
ਅਜੀਤ ਡੈਸਕ
26-03-2026