ਕੰਟੇਨਰ ਜਹਾਜ਼ ਨੂੰ ਹੋਰਮੁਜ਼ ਜਲਡਮਰੂ ਤੋਂ ਵਾਪਸ ਮੋੜਿਆ
ਅੰਮਿ੍ਤਸਰ, 25 ਮਾਰਚ (ਸੁਰਿੰਦਰ ਕੋਛੜ)-ਅਮਰੀਕਾ ਤੇ ਇਜ਼ਰਾਈਲ ਦੇ ਈਰਾਨ ਨਾਲ ਚੱਲ ਰਹੇ ਟਕਰਾਅ ਨੂੰ ਰੋਕਣ ਲਈ ਵਿਚੋਲਗੀ ਦੀ ਪੇਸ਼ਕਸ਼ ਕਰਨ ਵਾਲੇ 'ਵਿਚੋਲੇ' ਪਾਕਿਸਤਾਨ ਨੂੰ ਈਰਾਨ ਨੇ ਇਕ ਵੱਡਾ ਝਟਕਾ ਦਿੱਤਾ ਹੈ | ਈਰਾਨ ਨੇ ਹੋਰਮੁਜ਼ ਜਲਡਮਰੂ 'ਤੇ ਪਾਕਿ ਜਾ ਰਹੇ ਇਕ ਕੰਟੇਨਰ ਜਹਾਜ਼ ਨੂੰ ਰੋਕ ਦਿੱਤਾ ਹੈ | ਈਰਾਨ ਨੇ ਕਿਹਾ ਹੈ ਕਿ ਪਾਕਿ ਦੇ ਕਰਾਚੀ ਸ਼ਹਿਰ ਵੱਲ ਜਾ ਰਹੇ ਜਹਾਜ਼ ਨੇ ਇਸ ਮਹੱਤਵਪੂਰਨ ਸਮੁੰਦਰੀ ਰਸਤੇ ਨੂੰ ਪਾਰ ਕਰਨ ਲਈ ਪਹਿਲਾਂ ਇਜਾਜ਼ਤ ਨਹੀਂ ਲਈ ਸੀ | ਏ. ਆਈ. ਐੱਸ. ਟਰੈਕਿੰਗ ਡੇਟਾ ਅਨੁਸਾਰ ਸੇਲੇਨ ਨਾਂਅ ਦਾ ਜਹਾਜ਼ 23 ਮਾਰਚ ਨੂੰ ਸ਼ਾਰਜਾਹ ਐਂਕਰੇਜ ਤੋਂ ਰਵਾਨਾ ਹੋਇਆ ਸੀ ਤੇ ਆਪਣੇ ਆਮ ਰਸਤੇ 'ਤੇ ਪਾਕਿਸਤਾਨ ਵੱਲ ਜਾ ਰਿਹਾ ਸੀ | ਹਾਲਾਂਕਿ, ਹੋਰਮੁਜ਼ ਜਲਡਮਰੂ ਵਿਖੇ ਪਹੁੰਚਣ 'ਤੇ ਇਹ ਅਚਾਨਕ ਆਪਣਾ ਰਸਤਾ ਬਦਲ ਗਿਆ ਤੇ ਜਲਡਮਰੂ 'ਤੇ ਵਾਪਸ ਆ ਗਿਆ | ਬਾਅਦ 'ਚ ਇਹ ਖ਼ੁਲਾਸਾ ਹੋਇਆ ਕਿ ਈਰਾਨ ਨੇ ਇਸ ਨੂੰ ਹੋਰਮੁਜ਼ ਜਲਡਮਰੂ ਪਾਰ ਕਰਨ ਤੋਂ ਰੋਕਿਆ ਸੀ | ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ, ਈਰਾਨੀ ਫ਼ੌਜ ਦੀ ਕੁਲੀਨ ਫੋਰਸ ਨੇ ਬਾਅਦ 'ਚ ਪੁਸ਼ਟੀ ਕੀਤੀ ਕਿ ਉਸ ਨੇ ਇਸ ਮਾਮਲੇ 'ਚ ਦਖ਼ਲ ਦਿੱਤਾ ਹੈ | ਰੀਅਰ ਐਡਮਿਰਲ ਅਲੀਰੇਜ਼ਾ ਤਾਂਗਸਿਰੀ ਨੇ ਕਿਹਾ ਕਿ ਜਹਾਜ਼ ਨੂੰ ਵਾਪਸ ਭੇਜ ਦਿੱਤਾ ਗਿਆ ਕਿਉਂਕਿ ਇਸ ਨੇ ਕਾਨੂੰਨੀ ਪ੍ਰੋਟੋਕਾਲ ਦੀ ਪਾਲਣਾ ਨਹੀਂ ਕੀਤੀ ਤੇ ਜਲਡਮਰੂ 'ਚੋਂ ਲੰਘਣ ਦੀ ਇਜਾਜ਼ਤ ਨਹੀਂ ਲਈ |
ਈਰਾਨ ਦਾ 'ਵਿਚੋਲੇ' ਪਾਕਿ ਨੂੰ ਵੱਡਾ ਝਟਕਾ
ਅਜੀਤ ਡੈਸਕ
26-03-2026