• ਪਾਕਿਸਤਾਨੀ ਪ੍ਰਧਾਨ ਮੰਤਰੀ ਮੌਜੂਦ, ਭਾਰਤ ਤੋਂ ਕੋਈ ਨਹੀਂ • 60 ਦੇਸ਼ਾਂ ਨੂੰ ਭੇਜਿਆ ਸੱਦਾ, 20 ਪਹੁੰਚੇ
ਦਾਵੋਸ (ਸਵਿਟਜ਼ਰਲੈਂਡ), 22 ਜਨਵਰੀ (ਏਜੰਸੀ)-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਦਾਵੋਸ 'ਚ ਜੰਗ ਸੁਲਝਾਉਣ ਦੇ ਲਈ ਬਣਾਏ ਗਏ 'ਬੋਰਡ ਆਫ਼ ਪੀਸ' ਦਾ ਗਠਨ ਕੀਤਾ | ਉਨ੍ਹਾਂ ਨੇ ਕਿਹਾ ਕਿ ਇਸ ਬੋਰਡ ਦਾ ਸ਼ੁਰੂਆਤੀ ਮਕਸਦ ਗਾਜ਼ਾ 'ਚ ਹੋਈ ਜੰਗਬੰਦੀ ਨੂੰ ਮਜ਼ਬੂਤ ਕਰਨਾ ਹੈ | ਅੱਗੇ ਜਾ ਕੇ ਇਹ ਦੂਸਰੇ ਵਿਸ਼ਵ ਵਿਵਾਦਾਂ 'ਚ ਭੂਮਿਕਾ ਨਿਭਾਅ ਸਕਦਾ ਹੈ | ਵ੍ਹਾਈਟ ਹਾਊਸ ਨੇ ਇਸ ਬੋਰਡ 'ਚ ਸ਼ਾਮਿਲ ਹੋਣ ਲਈ 60 ਦੇਸ਼ਾਂ ਨੂੰ ਸੱਦਾ ਭੇਜਿਆ ਸੀ, ਪ੍ਰੰਤੂ 20 ਦੇਸ਼ ਹੀ ਦਸਤਖ਼ਤ ਸਮਾਰੋਹ 'ਚ ਮੌਜੂਦ ਰਹੇ | ਇਸ ਵਿਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ ਸ਼ਰੀਫ਼ ਤੋਂ ਇਲਾਵਾ ਸਾਊਦੀ ਅਰਬ, ਕਤਰ, ਯੂ. ਏ. ਈ. ਅਰਜਨਟੀਨਾ ਅਤੇ ਪੈਰਾਗੁਏ ਦੇ ਆਗੂ ਮੌਜੂਦ ਸਨ | ਭਾਰਤ ਤੋਂ ਕੋਈ ਦਸਤਖ਼ਤ ਸਮਾਰੋਹ 'ਚ ਸ਼ਾਮਿਲ ਨਹੀਂ ਹੋਇਆ | ਅਮਰੀਕਾ ਦੇ ਸਹਿਯੋਗੀ ਮੰਨੇ ਜਾਣ ਵਾਲੇ ਜ਼ਿਆਦਾਤਰ ਯੂਰਪੀਅਨ ਦੇਸ਼ ਵੀ ਇਸ ਸਮਾਰੋਹ 'ਚੋਂ ਗਾਇਬ ਰਹੇ | ਪਹਿਲਾਂ ਮੰਨਿਆ ਜਾ ਰਿਹਾ ਸੀ ਇਸ ਸਮਾਰੋਹ 'ਚ 35 ਦੇਸ਼ਾਂ ਦੇ ਆਗੂ ਸ਼ਾਮਿਲ ਹੋ ਸਕਦੇ ਹਨ | ਟਰੰਪ ਨੇ ਬੀਤੇ ਸਾਲ ਸਤੰਬਰ 2025 'ਚ ਪਹਿਲੀ ਵਾਰ ਜੰਗ ਖ਼ਤਮ ਕਰਨ ਦੀ ਯੋਜਨਾ ਪੇਸ਼ ਕਰਦੇ ਹੋਏ ਇਸ ਬੋਰਡ ਦੀ ਤਜਵੀਜ਼ ਰੱਖੀ ਸੀ |
ਭਾਰਤ ਨਹੀਂ ਹੋਇਆ ਸ਼ਾਮਿਲ
ਨਵੀਂ ਦਿੱਲੀ, (ਪੀ. ਟੀ. ਆਈ.)-ਭਾਰਤ ਉਨ੍ਹਾਂ ਦੇਸ਼ਾਂ 'ਚੋਂ ਇਕ ਸੀ ਜਿਹੜੇ ਵੀਰਵਾਰ ਨੂੰ ਦਾਵੋਸ 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ 'ਬੋਰਡ ਆਫ ਪੀਸ' ਦੇ ਉਦਘਾਟਨ ਮੌਕੇ ਮੌਜੂਦ ਨਹੀਂ ਸਨ | ਇਸ ਬੋਰਡ ਦਾ ਮਕਸਦ ਗਾਜ਼ਾ 'ਚ ਪੱਕੀ ਸ਼ਾਂਤੀ ਲਿਆਉਣਾ ਅਤੇ ਸ਼ਾਇਦ ਦੁਨੀਆ ਭਰ ਦੇ ਝਗੜਿਆਂ ਨੂੰ ਹੱਲ ਕਰਨਾ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਕਈ ਵਿਸ਼ਵ ਆਗੂਆਂ 'ਚ ਸ਼ਾਮਿਲ ਸਨ ਜਿਨ੍ਹਾਂ ਨੂੰ ਅਮਰੀਕੀ ਰਾਸ਼ਟਰਪਤੀ ਨੇ ਉਸ ਬੋਰਡ 'ਚ ਸ਼ਾਮਿਲ ਹੋਣ ਦੇ ਲਈ ਬੁਲਾਇਆ ਸੀ, ਜਿਸਦਾ ਐਲਾਨ ਗਾਜ਼ਾ ਪੱਟੀ 'ਚ ਇਜ਼ਰਾਈਲ ਅਤੇ ਹਮਾਸ ਦੇ ਵਿਚਾਲੇ ਜੰਗਬੰਦੀ ਸਮਝੌਤੇ ਦੇ ਦੂਸਰੇ ਪੜਾਅ ਦੇ ਤਹਿਤ ਕੀਤਾ ਗਿਆ ਸੀ | ਫਰਾਂਸ, ਯੂਨਾਈਟਿਡ ਕਿੰਗਡਮ, ਚੀਨ, ਜਰਮਨੀ ਅਤੇ ਕਈ ਹੋਰ ਵੱਡੇ ਦੇਸ਼ਾਂ ਨੇ ਵੀ ਟਰੰਪ ਦੇ ''ਬੋਰਡ ਆਫ ਪੀਸ'' ਦੇ ਦਸਤਖ਼ਤ ਸਮਾਰੋਹ 'ਚ ਹਿੱਸਾ ਨਹੀਂ ਲਿਆ | ਟਰੰਪ ਨੇ ਸਵਿਸ ਮਾਊਨਟੇਨ ਰਿਜ਼ਾਰਟ 'ਚ ਸਾਲਾਨਾ ਵਰਲਡ ਇਕਨਾਮਿਕ ਫੋਰਮ ਦੇ ਦੌਰਾਨ ਇਸ ਸਮਾਰੋਹ ਦੀ ਮੇਜ਼ਬਾਨੀ ਕੀਤੀ | ਇਸ ਮਾਮਲੇ ਨਾਲ ਸੰਬੰਧਿਤ ਲੋਕਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਟਰੰਪ ਦੇ ਸੱਦੇ ਦੇ ਬਾਰੇ 'ਚ ਪੁੱਛੇ ਜਾਣ 'ਤੇ ਦੱਸਿਆ ਕਿ ਭਾਰਤ ਨੇ ਅਜੇ ਇਸ 'ਤੇ ਕੋਈ ਫੈਸਲਾ ਨਹੀਂ ਕੀਤਾ ਹੈ | ਪਤਾ ਲੱਗਾ ਹੈ ਕਿ ਨਵੀਂ ਦਿੱਲੀ ਕਈ ਪਹਿਲੂਆਂ 'ਤੇ ਵਿਚਾਰ ਕਰ ਰਹੀ ਹੈ ਕਿਉਂਕਿ ਇਸ ਪਹਿਲ 'ਚ ਸੰਵੇਦਨਸ਼ੀਲ ਮੁੱਦੇ ਸ਼ਾਮਿਲ ਹਨ | ਭਾਰਤ ਫ਼ਿਲਸਤੀਨ ਮੁੱਦੇ ਦੇ ਲਈ 'ਦੋ-ਰਾਜ ਹੱਲ' 'ਤੇ ਜ਼ੋਰ ਦੇ ਰਿਹਾ ਹੈ, ਜਿਸ ਵਿਚ ਇਜ਼ਰਾਈਲ ਅਤੇ ਫ਼ਿਲਸਤੀਨ ਮਾਨਤਾ ਪ੍ਰਾਪਤ ਸਰਹੱਦਾਂ ਦੇ ਅੰਦਰ ਸ਼ਾਂਤੀ ਅਤੇ ਸੁਰੱਖਿਆ ਦੇ ਨਾਲ ਇਕੱਠੇ ਰਹਿਣ | ਬੋਰਡ ਆਫ਼ ਪੀਸ 'ਚ ਸ਼ਾਮਿਲ ਹੋਣ ਵਾਲੇ ਦੇਸ਼ਾਂ 'ਚ ਅਰਜਨਟੀਨਾ, ਅਰਮੀਨੀਆ, ਅਜ਼ਰਬਾਈਜਾਨ, ਬਹਿਰੀਨ, ਬੇਲਾਰੂਸ, ਮਿਸਰ, ਹੰਗਰੀ, ਕਜ਼ਾਕਿਸਤਾਨ, ਮੋਰੱਕੋ, ਪਾਕਿਸਤਾਨ, ਸੰਯੁਕਤ ਅਰਬ ਅਮੀਰਾਤ, ਸਾਊਦੀ ਅਰਬ ਅਤੇ ਵੀਅਤਨਾਮ ਸ਼ਾਮਿਲ ਸਨ | ਜਰਮਨੀ, ਇਟਲੀ, ਪੈਰੀਗੁਏ, ਰੂਸ, ਸਲੋਵੇਨੀਆ, ਤੁਰਕੀ ਅਤੇ ਯੂਕਰੇਨ ਸਮੇਤ ਕਈ ਦੇਸ਼ਾਂ ਨੇ ਇਸ ਸੱਦੇ 'ਤੇ ਕੋਈ ਵਾਅਦਾ ਨਹੀਂ ਕੀਤਾ ਹੈ | ਟਰੰਪ ਦੇ 'ਬੋਰਡ ਆਫ਼ ਪੀਸ' ਨੂੰ ਵਾਸ਼ਿੰਗਟਨ ਗਾਜ਼ਾ ਅਤੇ ਉਸਦੇ ਬਾਹਰ ਸ਼ਾਂਤੀ ਅਤੇ ਸਥਿਰਤਾ ਲਿਆਉਣ ਦੇ ਲਈ ਇਕ ਨਵੀਂ ਅੰਤਰਰਾਸ਼ਟਰੀ ਸੰਸਥਾ ਦੇ ਤੌਰ 'ਤੇ ਪੇਸ਼ ਕਰ ਰਿਹਾ ਹੈ, ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਸੰਯੁਕਤ ਰਾਸ਼ਟਰ ਦੇ ਲਈ ਇਕ ਚੁਣੌਤੀ ਬਣ ਸਕਦਾ ਹੈ |
ਟਰੰਪ ਵਲੋਂ ਗਾਜ਼ਾ ਜੰਗ ਸੁਲਝਾਉਣ ਵਾਲੇ 'ਬੋਰਡ ਆਫ ਪੀਸ' ਦਾ ਗਠਨ
ਅਜੀਤ ਡੈਸਕ
23-01-2026