11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

'ਜੀ ਰਾਮ ਜੀ ਬਿੱਲ' ਖ਼ਿਲਾਫ਼ ਮਜ਼ਦੂਰਾਂ ਨੂੰ ਇਕਜੁੱਟ ਹੋਣ ਦੀ ਲੋੜ-ਰਾਹੁਲ ਗਾਂਧੀ

ਅਜੀਤ ਡੈਸਕ 23-01-2026

ਬਜਟ ਇਜਲਾਸ 'ਚ ਮਜ਼ਬੂਤੀ ਨਾਲ ਇਹ ਮੁੱਦਾ ਚੁੱਕੇਗੀ ਕਾਂਗਰਸ-ਖੜਗੇ
ਨਵੀਂ ਦਿੱਲੀ, 22 ਜਨਵਰੀ (ਉਪਮਾ ਡਾਗਾ ਪਾਰਥ)-ਕਾਂਗਰਸ ਵਲੋਂ ਮਗਨਰੇਗਾ ਖ਼ਤਮ ਕਰਵਾਉਣ ਦੇ ਕੇਂਦਰ ਦੇ ਫ਼ੈਸਲੇ ਖ਼ਿਲਾਫ਼ ਦੇਸ਼ ਭਰ 'ਚ ਚਲਾਈ ਜਾ ਰਹੀ ਕਵਾਇਦ ਦਰਮਿਆਨ ਵੀਰਵਾਰ ਨੂੰ ਦਿੱਲੀ ਦੇ ਜਵਾਹਰ ਭਵਨ ਵਿਖੇ ਰਾਸ਼ਟਰੀ ਮਗਨਰੇਗਾ ਮਜ਼ਦੂਰ ਸੰਮੇਲਨ ਕਰਵਾਇਆ ਗਿਆ, ਜਿਸ 'ਚ ਪਾਰਟੀ ਪ੍ਰਧਾਨ ਮਲਿਕਅਰਜੁਨ ਖੜਗੇ ਅਤੇ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਸਮੇਤ ਕਈ ਸੀਨੀਅਰ ਨੇਤਾਵਾਂ ਨੇ ਸ਼ਿਰਕਤ ਕੀਤੀ | ਰਾਹੁਲ ਗਾਂਧੀ ਨੇ ਇਸ ਮੌਕੇ ਵਿਕਸਿਤ ਭਾਰਤ-ਰੁਜ਼ਗਾਰ ਆਜੀਵਿਕਾ ਮਿਸ਼ਨ (ਗ੍ਰਾਮੀਣ) ਭਾਵ ਵੀ.ਬੀ. ਜੀ. ਰਾਮ ਜੀ. ਕਾਨੂੰਨ ਖ਼ਿਲਾਫ਼ ਇਕਜੁੱਟ ਹੋਣ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਜੇਕਰ ਅਸੀਂ ਇਕਜੁੱਟ ਹੋ ਜਾਈਏ ਤਾਂ ਇਹ (ਸਰਕਾਰ) ਪਿਛੇ ਹਟ ਜਾਏਗੀ | ਕਾਂਗਰਸੀ ਨੇਤਾ ਨੇ ਕਿਹਾ ਕਿ ਭਾਜਪਾ ਵਾਲੇ ਚਾਹੁੰਦੇ ਹਨ ਕਿ ਦੇਸ਼ 'ਚ ਸੰਵਿਧਾਨ ਅਤੇ ਲੋਕਤੰਤਰ ਨੂੰ ਖ਼ਤਮ ਕਰ ਕੇ ਆਜ਼ਾਦੀ ਤੋਂ ਪਹਿਲਾਂ ਵਾਲਾ ਹਿੰਦੁਸਤਾਨ ਬਣਾ ਦਿਉ | ਉਨ੍ਹਾਂ ਕਿਹਾ ਕਿ ਇਹ (ਸਰਕਾਰ) ਰਾਜਾ ਵਾਲਾ ਰਾਜ ਲਿਆਉਣਾ ਚਾਹੁੰਦੀ ਹੈ, ਜਿੱਥੇ ਇਕ ਵਿਅਕਤੀ ਸਭ ਫ਼ੈਸਲੇ ਲੈਂਦਾ ਸੀ ਅਤੇ ਉਹ ਜੋ ਵੀ ਕਰਨਾ ਚਾਹੇ ਕਰਦਾ ਸੀ | ਉਨ੍ਹਾਂ ਇਹ ਵੀ ਕਿਹਾ ਕਿ ਸਾਡੇ 'ਚ ਇਕ ਕਮੀ ਹੈ, ਉਹ ਹੈ ਏਕਤਾ ਦੀ ਕਮੀ | ਜਦੋਂ ਅਸੀਂ ਸਾਰੇ ਇਕ ਹੋ ਜਾਵਾਂਗੇ ਤਾਂ ਪ੍ਰਧਾਨ ਮੰਤਰੀ ਪਿਛੇ ਹਟ ਜਾਣਗੇ ਅਤੇ ਫਿਰ ਤੋਂ ਮਗਨਰੇਗਾ ਚਾਲੂ ਹੋ ਜਾਵੇਗੀ | ਰਾਹੁਲ ਨੇ ਕਿਹਾ ਕਿ ਕੁਝ ਸਾਲ ਪਹਿਲਾਂ ਉਨ੍ਹਾਂ 3 ਖੇਤੀ ਕਾਨੂੰਨ ਲਾਗੂ ਕੀਤੇ ਸਨ, ਪਰ ਸਾਡੇ ਸਾਰਿਆਂ ਦੇ ਇਕਜੁੱਟ ਵਿਰੋਧ ਦੇ ਕਾਰਨ ਕਿਸਾਨਾਂ ਨੇ ਉਨ੍ਹਾਂ ਨੂੰ ਰੋਕ ਦਿੱਤਾ | ਉਨ੍ਹਾਂ ਕਿਹਾ ਕਿ ਅਸੀਂ ਸਾਰਿਆਂ ਨੇ ਦਬਾਅ ਬਣਾਇਆ ਅਤੇ ਕਾਨੂੰਨਾਂ ਨੂੰ ਰੱਦ ਕਰਵਾਇਆ | ਕਾਂਗਰਸੀ ਆਗੂ ਨੇ ਕਿਹਾ ਕਿ ਉਹ ਮਜ਼ਦੂਰਾਂ ਦੇ ਨਾਲ ਵੀ ਉਹੀ ਕਰ ਰਹੇ ਹਨ ਜੋ ਉਨ੍ਹਾਂ ਕਿਸਾਨਾਂ ਦੇ ਨਾਲ 3 ਨਵੇਂ ਖੇਤੀ ਕਾਨੂੰਨ ਲਿਆ ਕੇ ਕੀਤਾ ਸੀ | ਉਨ੍ਹਾਂ ਕਿਹਾ ਕਿ ਨਵੇਂ ਕਾਨੂੰਨ ਤਹਿਤ ਕੇਂਦਰ ਸਰਕਾਰ ਕੰਮ ਅਤੇ ਫੰਡ ਦੀ ਵੰਡ ਦਾ ਫ਼ੈਸਲਾ ਕਰੇਗੀ ਅਤੇ ਭਾਜਪਾ ਸ਼ਾਸਿਤ ਸਰਕਾਰਾਂ ਨੂੰ ਹਮੇਸ਼ਾ ਤਰਜੀਹ ਮਿਲੇਗੀ | ਰਾਹੁਲ ਗਾਂਧੀ ਨੇ ਕਿਹਾ ਕਿ ਭਾਜਪਾ ਚਾਹੁੰਦੀ ਹੈ ਕਿ ਸੰਪਤੀ ਕੁਝ ਹੀ ਹੱਥਾਂ 'ਚ ਰਹੇ ਤਾਂ ਜੋ ਗ਼ਰੀਬ ਲੋਕ ਅਡਾਨੀ, ਅੰਬਾਨੀ 'ਤੇ ਨਿਰਭਰ ਰਹਿਣ | ਉਨ੍ਹਾਂ ਕਿਹਾ ਕਿ ਭਾਜਪਾ ਅਜਿਹਾ ਭਾਰਤ ਚਾਹੁੰਦੀ ਹੈ ਜਿਥੇ ਰਾਜਾ ਹੀ ਸਭ ਕੁਝ ਤੈਅ ਕਰੇ |
ਮਹਾਤਮਾ ਗਾਂਧੀ ਦੀ ਯਾਦ ਮਿਟਾਉਣ ਦੀ ਕੋਸ਼ਿਸ਼-ਖੜਗੇ

ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਸਰਕਾਰ ਦਾ ਮਗਨਰੇਗਾ ਨੂੰ ਖ਼ਤਮ ਕਰਨਾ, ਮਹਾਤਮਾ ਗਾਂਧੀ ਦੇ ਨਾਂਅ ਨੂੰ ਲੋਕਾਂ ਦੀ ਯਾਦ 'ਚੋਂ ਮਿਟਾਉਣ ਦੀ ਕੋਸ਼ਿਸ਼ ਹੈ | ਕਾਂਗਰਸ ਪ੍ਰਧਾਨ ਨੇ ਮਗਨਰੇਗਾ ਨੂੰ ਗ਼ਰੀਬਾਂ ਦੀ ਜੀਵਨ ਰੇਖਾ ਦੱਸਦਿਆਂ ਕਿਹਾ ਕਿ ਉਹ ਜਾਣਬੁੱਝ ਕੇ ਇਸ ਨੂੰ ਖ਼ਤਮ ਕਰ ਰਹੇ ਹਨ ਅਤੇ ਗ਼ਰੀਬ ਦਿਹਾਤੀਆਂ ਅਤੇ ਖੇਤੀ ਕਿਸਾਨਾਂ ਨੂੰ ਅਮੀਰਾਂ ਦਾ ਗ਼ੁਲਾਮ ਬਣਾਉਣਾ ਚਾਹੁੰਦੇ ਹਨ | ਕਾਂਗਰਸੀ ਨੇਤਾ ਨੇ ਕਿਹਾ ਕਿ ਆਉਣ ਵਾਲੇ ਬਜਟ ਇਜਲਾਸ 'ਚ ਉਨ੍ਹਾਂ ਦੀ ਪਾਰਟੀ ਮਜ਼ਬੂਤੀ ਨਾਲ ਇਸ ਮੁੱਦੇ ਨੂੰ ਚੁੱਕੇਗੀ |

ਪਿਛਲੀ ਖ਼ਬਰ ਟਰੰਪ ਵਲੋਂ ਗਾਜ਼ਾ ਜੰਗ ਸੁਲਝਾਉਣ ਵਾਲੇ 'ਬੋਰਡ ਆਫ ਪੀਸ' ਦਾ ਗਠਨ ਅਗਲੀ ਖ਼ਬਰ ਕੇਜਰੀਵਾਲ ਸ਼ਰਾਬ ਨੀਤੀ ਨਾਲ ਜੁੜੇ ਈ.ਡੀ. ਦੇ 2 ਕੇਸਾਂ 'ਚੋਂ ਬਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।