ਨਵੀਂ ਦਿੱਲੀ/ ਪ੍ਰਯਾਗਰਾਜ, 21 ਜਨਵਰੀ (ਪੀ.ਟੀ.ਆਈ.)-ਪ੍ਰਯਾਗਰਾਜ 'ਚ ਭਾਰਤੀ ਹਵਾਈ ਫ਼ੌਜ ਦਾ ਸਿਖਲਾਈ ਜਹਾਜ਼ ਹਾਦਸਾਗ੍ਰਸਤ ਹੋ ਗਿਆ | ਸਿਖਲਾਈ ਜਹਾਜ਼ ਨੇ ਹਵਾ 'ਚ ਉੱਡਦੇ-ਉੱਡਦੇ ਪਲਟੀਆਂ ਖਾਧੀਆਂ ਅਤੇ ਤਾਲਾਬ 'ਚ ਡਿੱਗ ਗਿਆ | 2 ਸੀਟਾਂ ਵਾਲੇ ਜਹਾਜ਼ 'ਚ ਸਵਾਰ ਦੋਵੇਂ ਪਾਇਲਟ ਸੁਰੱਖਿਅਤ ਹਨ | ਹਾਦਸੇ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ | ਜਿਸ ਵਿਚ ਪੈਰਾਸ਼ੂਟ ਦੇ ਨਾਲ ਜਹਾਜ਼ ਤਲਾਬ ਵਿਚ ਡਿਗਦਾ ਦਿਖਾਈ ਦੇ ਰਿਹਾ ਹੈ | ਹਾਦਸਾ ਅੱਜ ਦੁਪਹਿਰ 12 ਵਜੇ ਕੇ.ਪੀ. ਕਾਲਜ ਦੇ ਪਿੱਛੇ ਹੋਇਆ | ਇਹ ਸ਼ਹਿਰ ਦਾ ਵਿਚਕਾਰਲਾ ਇਲਾਕਾ ਹੈ | ਤਲਾਬ ਦੇ ਨਾਲ ਹੀ ਇਕ ਸਕੂਲ ਅਤੇ ਰਿਹਇਸ਼ੀ ਕਾਲੋਨੀਆਂ ਹਨ | ਜਿਸ ਥਾਂ 'ਤੇ ਜਹਾਜ਼ ਡਿਗਿਆ ਉਥੋਂ ਮਾਘ ਮੇਲੇ ਦੀ ਦੂਰੀ ਲਗਭਗ 3 ਕਿਲੋਮੀਟਰ ਹੈ | ਹਾਦਸੇ ਤੋਂ ਤੁਰੰਤ ਬਾਅਦ ਨੇੜਲੇ ਇਲਾਕਿਆਂ ਦੇ ਲੋਕ ਮੌਕੇ 'ਤੇ ਪਹੁੰਚ ਗਏ | ਚਸ਼ਮਦੀਦਾਂ ਨੇ ਦੱਸਿਆ ਕਿ ਜਹਾਜ਼ ਦੇ ਹਾਦਸਾਗ੍ਰਸਤ ਹੋਣ ਤੋਂ ਪਹਿਲਾਂ ਦੋਵੇਂ ਪਾਇਲਟ ਪੈਰਾਸ਼ੂਟ ਰਾਹੀਂ ਤਲਾਅ ਵਿਚ ਡਿੱਗ ਗਏ ਸਨ ਅਤੇ ਉਹ ਦਲਦਲ ਵਿਚ ਫਸ ਗਏ ਸਨ ਅਤੇ ਸਥਾਨਕ ਲੋਕਾਂ ਨੇ ਉਨ੍ਹਾਂ ਨੂੰ ਬਚਾਇਆ | ਥੋੜ੍ਹੀ ਦੇਰ ਬਾਅਦ ਫ਼ੌਜ ਦਾ ਇਕ ਹੈਲੀਕਾਪਟਰ ਪਹੁੰਚਿਆ | ਹਾਲਾਂਕਿ, ਜਿਸ ਤਲਾਅ 'ਤੇ ਜਹਾਜ਼ ਹਾਦਸਾਗ੍ਰਸਤ ਹੋਇਆ ਸੀ, ਉਸ ਦੇ ਪਾਣੀ ਵਿਚ ਜਲਕੁੰਭੀ ਉੱਗੀ ਹੋਈ ਸੀ | ਇਸ ਲਈ, ਕੋਈ ਵੀ ਟੀਮ ਜਹਾਜ਼ ਤੱਕ ਨਹੀਂ ਪਹੁੰਚ ਸਕੀ |