ਕਪੂਰਥਲਾ, 20 ਨਵੰਬਰ (ਅਮਰਜੀਤ ਕੋਮਲ)-ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਜਾਈ ਗਈ ਸ਼ਹੀਦੀ ਸ਼ਤਾਬਦੀ ਯਾਤਰਾ 21 ਨਵੰਬਰ ਨੂੰ ਗੋਇੰਦਵਾਲ ਸਾਹਿਬ ਦੇ ਪੁਲ ਤੋਂ ਕਪੂਰਥਲਾ ਜ਼ਿਲ੍ਹੇ 'ਚ ਬਾਅਦ ਦੁਪਹਿਰ ਦਾਖਲ ਹੋਵੇਗੀ | ਇਹ ਗੱਲ ਅਮਿਤ ਕੁਮਾਰ ਪੰਚਾਲ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਐੱਸ.ਐੱਸ.ਪੀ. ਗੌਰਵ ਤੂਰਾ ਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਤੇ 'ਆਪ' ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਤੇ ਹੋਰ ਅਧਿਕਾਰੀਆਂ ਨਾਲ ਸ਼ਹੀਦੀ ਯਾਤਰਾ ਦੇ ਰੂਟ ਦਾ ਜਾਇਜ਼ਾ ਲੈਣ ਤੋਂ ਬਾਅਦ ਕਹੀ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਯਾਤਰਾ ਦੇ ਸਵਾਗਤ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਤੇ ਮੁੰਡੀ ਮੋੜ ਵਿਚ ਪੁਲਿਸ ਦੀ ਟੁੱਕੜੀ ਵਲੋਂ ਯਾਤਰਾ ਨੂੰ ਗਾਰਡ ਆਫ਼ ਆਨਰ ਪੇਸ਼ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਇਹ ਯਾਤਰਾ ਮੁੰਡੀ ਮੋੜ ਤੋਂ ਪਿੰਡ ਉੱਚਾ, ਪ੍ਰਵੇਜ਼ ਨਗਰ, ਬੱਸ ਸਟੈਂਡ ਕਪੂਰਥਲਾ ਤੋਂ ਹੁੰਦੀ ਹੋਈ ਕਰਤਾਰਪੁਰ ਲਈ ਰਵਾਨਾ ਹੋਵੇਗੀ | ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਯਾਤਰਾ ਦੇ ਰੂਟ 'ਤੇ ਸੁਚਾਰੂ ਢੰਗ ਨਾਲ ਆਵਾਜਾਈ ਚਲਾਉਣ ਤੇ ਸਫ਼ਾਈ ਦਾ ਵਿਸ਼ੇਸ਼ ਧਿਆਨ ਦਿੱਤਾ ਜਾਵੇ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਯਾਤਰਾ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ | ਇਸ ਮੌਕੇ ਵਰਿੰਦਰਪਾਲ ਸਿੰਘ ਬਾਜਵਾ ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ, ਨਵਨੀਤ ਕੌਰ ਬੱਲ ਵਧੀਕ ਡਿਪਟੀ ਕਮਿਸ਼ਨਰ ਜਨਰਲ, ਗੁਰਪ੍ਰੀਤ ਸਿੰਘ ਗਿੱਲ ਐਸ.ਪੀ. ਹੈੱਡ ਕੁਆਰਟਰ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ |