ਸੁਲਤਾਨਪੁਰ ਲੋਧੀ, 19 ਨਵੰਬਰ (ਥਿੰਦ)-ਬੀਤੀ ਰਾਤ ਸੁਲਤਾਨਪੁਰ ਲੋਧੀ ਤੋਂ ਭਾਗੋਰਾਈਆਂ ਰੋਡ ਤੇ ਇੱਕ ਤੇਜ਼ ਰਫ਼ਤਾਰ ਕਾਰ ਦੇ ਦਰਖ਼ਤ ਨਾਲ ਜ਼ਬਰਦਸਤ ਟੱਕਰ ਹੋ ਗਈ | ਟੱਕਰ ਹੋਣ ਉਪਰੰਤ ਉਸ ਨੂੰ ਭਾਰੀ ਅੱਗ ਲੱਗ ਗਈ ਪ੍ਰੰਤੂ ਇਸ ਦੌਰਾਨ ਕਾਰ ਸਵਾਰ ਵਾਲ ਵਾਲ ਬਚ ਗਿਆ | ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸੁਲਤਾਨਪੁਰ ਲੋਧੀ ਦੇ ਇੰਸਪੈਕਟਰ ਸੋਨਮਦੀਪ ਕੌਰ ਨੇ ਦੱਸਿਆ ਕਿ ਬੀਤੀ ਰਾਤ ਕਰੀਬ 9:30 ਵਜੇ ਇੱਕ ਕਾਰ ਸਵਾਰ ਜੋ ਤੇਜ਼ ਰਫ਼ਤਾਰ ਨਾਲ ਸੁਲਤਾਨਪੁਰ ਲੋਧੀ ਵਾਲੇ ਪਾਸੇ ਤੋਂ ਪਿੰਡ ਸ਼ਾਹ ਵਾਲਾ ਵਿਖੇ ਕਿਸੇ ਸਮਾਗਮ ਚੋਂ ਜਾ ਰਿਹਾ ਸੀ ਜਿਸ ਦੀ ਕਾਰ ਇੰਡੀਗੋ ਦੀ ਦਰਖ਼ਤ ਨਾਲ ਭਿਆਨਕ ਟੱਕਰ ਹੋ ਗਈ | ਗੱਡੀ ਨੂੰ ਤੁਰੰਤ ਜ਼ਬਰਦਸਤ ਅੱਗ ਲੱਗ ਗਈ | ਇਸ ਤੋਂ ਬਾਅਦ ਅੱਗ ਨਾਲ ਕਾਰ ਸੜ ਕੇ ਸਵਾਹ ਹੋ ਗਈ ਪ੍ਰੰਤੂ ਕਾਰ ਚਾਲਕ ਕਿਸੇ ਤਰ੍ਹਾਂ ਵਾਲ ਵਾਲ ਬਚ ਗਿਆ | ਉਨ੍ਹਾਂ ਦੱਸਿਆ ਕਿ ਕਾਰ ਸਵਾਰ ਨੇ ਇਸ ਸਬੰਧੀ ਪੁਲਿਸ ਨੂੰ ਕੋਈ ਸੂਚਨਾ ਵੀ ਨਹੀਂ ਦਿੱਤੀ ਪੁਲਿਸ ਨੂੰ ਪਤਾ ਲੱਗਣ ਤੇ ਏਐਸਆਈ ਸ਼ੁਭੇਗ ਸਿੰਘ ਤੇ ਪੁਲਿਸ ਮੁਲਾਜ਼ਮ ਮੌਕੇ 'ਤੇ ਪਹੁੰਚੇ ਜਿਸਦੀ ਜਾਂਚ ਕਰਨ ਤੋਂ ਬਾਅਦ ਕਾਰ ਸਵਾਰ ਜੋ ਕਿ ਕਥਿਤ ਰੂਪ ਵਿਚ ਨਸ਼ੇ ਚੋਂ ਲੱਗਦਾ ਸੀ ਅਤੇ ਕਾਰ ਬਹੁਤ ਸਪੀਡ ਨਾਲ ਚਲਾ ਰਿਹਾ ਸੀ | ਉਨ੍ਹਾਂ ਦੱਸਿਆ ਕਾਰ ਸਵਾਰ ਤਰਸੇਮ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਪਰਮਜੀਤਪੁਰ ਤੇ ਤੇਜ਼ ਗਤੀ ਨੇ ਕਾਰ ਚਲਾਉਣ 'ਤੇ ਕੇਸ ਦਰਜ ਕਰ ਲਿਆ ਗਿਆ | ਪ੍ਰਤੱਖ ਦਰਸ਼ੀਆਂ ਅਨੁਸਾਰ ਟੱਕਰ ਇਨੀ ਜ਼ਬਰਦਸਤ ਸੀ ਕਿ ਇਸ ਦੀ ਆਵਾਜ਼ ਦੂਰ ਦੂਰ ਤੱਕ ਸੁਣਾਈ ਦਿੱਤੀ |