ਫਗਵਾੜਾ, 19 ਨਵੰਬਰ (ਹਰਜੋਤ ਸਿੰਘ ਚਾਨਾ)-ਬੀਤੀ ਸ਼ਾਮ ਇੱਥੋਂ ਦੇ ਗਊਸ਼ਾਲਾ ਰੋਡ ਵਿਖੇ ਹਿੰਦੂ ਸ਼ਿਵ ਸੈਨਾ ਪੰਜਾਬ ਦੇ ਰਾਜ ਉਪ ਪ੍ਰਧਾਨ ਤੇ ਉਸ ਦੇ ਪੁੱਤਰ 'ਤੇ ਕਾਤਲਾਨਾ ਹਮਲੇ ਦੇ ਰੋਸ ਵਜੋਂ ਅੱਜ ਸ਼ਹਿਰ ਦੇ ਪ੍ਰਮੁੱਖ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਹੇ | ਸਵੇਰ ਤੋਂ ਹਿੰਦੂ ਜਥੇਬੰਦੀਆਂ ਦੇ ਆਗੂ ਤੇ ਸ਼ਹਿਰ ਵਾਸੀ ਗਊਸ਼ਾਲਾ ਰੋਡ ਵਿਖੇ ਇਕੱਤਰ ਹੋਣੇ ਸ਼ੁਰੂ ਹੋਏ | ਜਿੱਥੇ ਉਨ੍ਹਾਂ ਵਲੋਂ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਤੇ ਦੋਸ਼ੀਆਂ ਨੂੰ ਤੁਰੰਤ ਗਿ੍ਫ਼ਤਾਰ ਕਰਨ ਦੀ ਮੰਗ ਕੀਤੀ | ਧਰਨੇ ਨੂੰ ਸੰਬੋਧਨ ਕਰਦਿਆਂ ਰਾਜੀਵ ਟੰਡਨ ਰਾਸ਼ਟਰੀ ਚੇਅਰਮੈਨ ਸ਼ਿਵ ਸੈਨਾ, ਸੰਜੀਵ ਧਨੌਲੀ ਪ੍ਰਧਾਨ ਸ਼ਿਵ ਸੈਨਾ ਪੰਜਾਬ, ਅਮਿਤ ਅਰੋੜਾ ਸ਼ਿਵ ਸੈਨਾ ਅਲਾਇੰਨ, ਕਿਸ਼ਨ ਸ਼ਰਮਾ ਹਿੰਦੋਸਤਾਨ ਸ਼ਿਵ ਸੈਨਾ, ਸ਼ਿਵ ਸੈਨਾ ਉਪ ਪ੍ਰਧਾਨ ਰਾਜੇਸ਼ ਪਲਟਾ, ਗੁਰਦੀਪ ਸੈਣੀ ਸ਼ਿਵ ਸੈਨਾ (ਯੂਬੀਟੀ) ਉਪ ਪ੍ਰਧਾਨ ਨੇ ਇਸ ਘਟਨਾ ਦੀ ਨਿਖੇਧੀ ਕੀਤੀ ਤੇ ਕਿਹਾ ਕਿ ਪ੍ਰਸ਼ਾਸਨ ਨੂੰ ਪਤਾ ਹੋਣ ਦੇ ਬਾਵਜੂਦ ਇਸ ਮਾਮਲੇ 'ਚ ਪ੍ਰਸ਼ਾਸਨ ਨੇ ਗੰਭੀਰਤਾ ਨਹੀਂ ਦਿਖਾਈ | ਉਨ੍ਹਾਂ ਕਿਹਾ ਕਿ ਮੁੱਖ ਦੋਸ਼ੀ ਭਿੰਦਾ ਜੋ ਕਿ ਪਿਛਲੇ ਦਿਨੀਂ ਜੇਲ੍ਹ ਤੋਂ ਵਾਪਸ ਆਉਣ ਤੋਂ ਬਾਅਦ ਜਿੰਮੀ ਕਰਵਲ ਨੂੰ ਧਮਕਾ ਰਿਹਾ ਸੀ ਤੇ ਅਸਲ੍ਹਾ ਲੈ ਕੇ ਘੁੰਮ ਰਿਹਾ ਸੀ ਜਿਸ ਦੀ ਜਾਣਕਾਰੀ ਸੀਨੀਅਰ ਅਧਿਕਾਰੀਆਂ ਨੂੰ ਦੇਣ ਦੇ ਬਾਵਜੂਦ ਕਾਰਵਾਈ ਨਹੀਂ ਹੋਈ ਤੇ ਦੋਸ਼ੀ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ | ਉਨ੍ਹਾਂ ਇਸ ਨੂੰ ਪ੍ਰਸ਼ਾਸਨ ਦੀ ਢਿੱਲੀ ਕਾਰਵਾਈ ਦਾ ਨਤੀਜਾ ਦੱਸਿਆ | ਉਨ੍ਹਾਂ ਮੰਗ ਰੱਖੀ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਗਿ੍ਫ਼ਤਾਰ ਕੀਤਾ ਜਾਵੇ | ਮੌਕੇ 'ਤੇ ਡੀ.ਆਈ.ਜੀ. ਨਵੀਨ ਸਿੰਗਲਾ, ਐੱਸ.ਅੱੈਸ.ਪੀ. ਗੌਰਵ ਤੂਰਾ, ਐੱਸ.ਪੀ. ਮਾਧਵੀ ਸ਼ਰਮਾ ਤੇ ਹੋਰ ਪੁਲਿਸ ਅਧਿਕਾਰੀ ਗੱਲਬਾਤ ਕਰਨ ਲਈ ਪੁੱਜੇ ਤੇ ਉਨ੍ਹਾਂ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ | ਡੀ.ਆਈ.ਜੀ. ਨੇ ਦੱਸਿਆ ਕਿ ਪੁਲਿਸ ਵਲੋਂ ਇਸ ਮਾਮਲੇ 'ਚ ਐੱਸ.ਐਚ.ਓ. ਸਿਟੀ ਊਸ਼ਾ ਰਾਣੀ ਦੇ ਬਿਆਨਾਂ 'ਤੇ ਚਾਰ ਨੌਜਵਾਨਾਂ ਖ਼ਿਲਾਫ਼ ਧਾਰਾ 109, 126(2), 190, 191(3) ਤੇ 25 ਆਰਮਜ਼ ਐਕਟ ਤਹਿਤ ਤਾਨਿਸ਼ ਉਰਫ਼ ਭਿੰਦਾ ਪੁੱਤਰ ਚਰਨਜੀਤ ਕੁਮਾਰ ਉਰਫ਼ ਲਾਡੀ ਵਾਸੀ ਮੁਹੱਲਾ ਬਾਲਮੀਕਿ ਬਾਂਸਾ ਬਾਜ਼ਾਰ, ਸੁਨੀਲ ਸਲਹੋਤਰਾ ਪੁੱਤਰ ਗੋਹਨੀ ਵਾਸੀ ਸੁਭਾਸ਼ ਨਗਰ
ਤੇ ਤਿੰਨ ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਜਿਸ 'ਚ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਗਊਸ਼ਾਲਾ ਬਾਜ਼ਾਰ ਨਜ਼ਦੀਕ ਤਾਨਿਸ਼, ਸੁਨੀਲ ਸਲਹੋਤਰਾ ਤੇ ਦੋ ਅਣਪਛਾਤੇ ਵਿਅਕਤੀਆਂ ਨੇ ਇੰਦਰਜੀਤ ਕਰਵਲ ਤੇ ਉਸ ਦੇ ਲੜਕੇ ਜਿੰਮੀ ਕਰਵਲ ਨੂੰ ਘੇਰ ਕੇ ਕੁੱਟਮਾਰ ਕੀਤੀ ਹੈ ਤੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਗੋਲੀਆਂ ਚਲਾਈਆਂ ਹਨ ਤੇ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਹਨ ਜਿਸ ਸੰਬੰਧ 'ਚ ਪੁਲਿਸ ਨੇ ਕੇਸ ਦਰਜ ਕੀਤਾ ਹੈ | ਡੀ.ਆਈ.ਜੀ ਨੇ ਭਰੋਸਾ ਦਿੱਤਾ ਕਿ ਦੋ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਹੈ ਤੇ ਬਾਕੀਆਂ ਦੀ ਗਿ੍ਫ਼ਤਾਰੀ ਲਈ ਟੀਮਾਂ ਬਣਾ ਦਿੱਤੀਆਂ ਗਈਆਂ ਹਨ ਤੇ ਜਲਦ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ | ਬਾਅਦ 'ਚ ਹਿੰਦੂ ਸੰਗਠਨਾਂ ਦੇ ਆਗੂਆਂ ਵਲੋਂ ਮੀਟਿੰਗ ਕਰਕੇ ਫ਼ੈਸਲਾ ਕੀਤਾ ਗਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਤਾਬਦੀ ਸੰਬੰਧੀ ਸਨਿਚਰਵਾਰ ਨੂੰ ਫਗਵਾੜਾ 'ਚੋਂ ਨਗਰ ਕੀਰਤਨ ਗੁਜ਼ਰਨਾ ਹੈ ਜਿਸ ਨੂੰ ਮੁੱਖ ਰੱਖਦਿਆਂ ਪ੍ਰਸ਼ਾਸਨ ਨੂੰ ਸਨਿਚਰਵਾਰ ਸ਼ਾਮ ਤੱਕ ਦਾ ਸਮਾਂ ਦਿੱਤਾ ਗਿਆ ਤੇ ਕਿਹਾ ਕਿ ਜੇਕਰ ਸਨਿਚਰਵਾਰ ਤੱਕ ਦੋਸ਼ੀ ਨਾ ਫੜੇ ਗਏ ਤਾਂ ਉਹ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ | ਜਿਸ ਮਗਰੋਂ ਧਰਨਾ ਸਮਾਪਤ ਹੋ ਗਿਆ ਤੇ ਹੌਲੀ-ਹੌਲੀ ਬਾਜ਼ਾਰ ਖੁੱਲ੍ਹਣੇ ਸ਼ੁਰੂ ਹੋ ਗਏ |
ਹਿੰਦੂ ਆਗੂ 'ਤੇ ਹੋਏ ਕਾਤਲਾਨਾ ਹਮਲੇ ਦੇ ਰੋਸ ਵਜੋਂ ਸ਼ਹਿਰ ਬੰਦ
ਨਾਅਰੇਬਾਜ਼ੀ ਕਰਦੇ ਹੋਏ ਹਿੰਦੂ ਜਥੇਬੰਦੀਆਂ ਦੇ ਆਗੂ | <br/>
20-11-2025