ਕਪੂਰਥਲਾ, 19 ਨਵੰਬਰ (ਸਡਾਨਾ)-ਥਾਣਾ ਸਦਰ ਪੁਲਿਸ ਨੇ ਜਾਅਲੀ ਕਾਗ਼ਜ਼ਾਤ ਅਤੇ ਪਹਿਚਾਣ ਪੱਤਰਾਂ ਦੇ ਸਹਾਰੇ ਜ਼ਿਲ੍ਹਾ ਕਚਹਿਰੀਆਂ ਵਿਚ ਵੱਖ-ਵੱਖ ਦੋਸ਼ੀਆਂ ਦੀਆਂ ਜ਼ਮਾਨਤਾਂ ਕਰਵਾਉਣ ਦੇ ਮਾਮਲੇ ਸਬੰਧੀ ਦੋ ਕਥਿਤ ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਹੈ ਤੇ ਇਨ੍ਹਾਂ ਦੇ ਕਬਜ਼ੇ ਵਿਚੋਂ ਜਾਅਲੀ ਫਰਦਾਂ, ਆਧਾਰ ਕਾਰਡ, ਮੋਬਾਈਲ ਫੋਨ ਤੇ ਹੋਰ ਸਮਾਨ ਬਰਾਮਦ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸਾਇੰਸ ਸਿਟੀ ਚੌਂਕੀ ਇੰਚਾਰਜ ਲਖਬੀਰ ਸਿੰਘ, ਏ.ਐਸ.ਆਈ. ਜਗਦੀਸ਼ ਕੁਮਾਰ ਨੂੰ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਕਥਿਤ ਦੋਸ਼ੀ ਗੁਰਪ੍ਰੀਤ ਸਿੰਘ ਵਾਸੀ ਮਾਨੋ ਚਾਹਲ ਹਾਲ ਵਾਸੀ ਅੰਮਿ੍ਤਸਰ ਤੇ ਵਿਕਟਰ ਮਸੀਹ ਵਾਸੀ ਮਜੀਠਾ ਵੱਖ-ਵੱਖ ਨਾਮ ਬਦਲ ਕੇ ਜ਼ਮੀਨ ਦੀਆਂ ਜਾਅਲੀ ਫਰਦਾਂ ਅਤੇ ਆਧਾਰ ਕਾਰਡ ਤਿਆਰ ਕਰਕੇ ਤੇ ਖ਼ੁਦ ਹੀ ਮੈਂਬਰ ਪੰਚਾਇਤ ਅਤੇ ਜਾਅਲੀ ਨੰਬਰਦਾਰ ਦੇ ਪਹਿਚਾਣ ਪੱਤਰ ਬਣਾ ਕੇ ਤੇ ਉਨ੍ਹਾਂ ਦੀਆਂ ਮੋਹਰਾਂ ਤਿਆਰ ਕਰਕੇ ਜੇਲ੍ਹਾਂ ਵਿਚ ਬੰਦ ਵਿਅਕਤੀਆਂ ਦੀਆਂ ਜਾਅਲੀ ਜ਼ਮਾਨਤਾਂ ਦੇ ਕੇ ਅਦਾਲਤਾਂ ਨੂੰ ਗੁੰਮਰਾਹ ਕਰਦੇ ਹਨ ਤੇ ਮੋਟੀ ਕਮਾਈ ਕਰ ਰਹੇ ਹਨ ਤੇ ਇਸ ਸਬੰਧੀ ਇਨ੍ਹਾਂ ਨੇ ਗਿਰੋਹ ਬਣਾਇਆ ਹੋਇਆ ਹੈ ਤੇ ਕਈ ਕੇਸਾਂ ਵਿਚ ਜਾਅਲੀ ਕਾਗ਼ਜ਼ਾਤ ਸਹਾਰੇ ਜ਼ਮਾਨਤਾਂ ਕਰਵਾ ਚੁੱਕੇ ਹਨ ਤੇ ਅੱਜ ਵੀ ਇਹ ਜਾਅਲੀ ਨਾਮ 'ਤੇ ਜ਼ਮਾਨਤ ਕਰਵਾਉਣ ਲਈ ਇੱਥੇ ਆਏ ਹੋਏ ਹਨ, ਜਿਸ 'ਤੇ ਪੁਲਿਸ ਨੇ ਮੁਖ਼ਬਰ ਵਲੋਂ ਦੱਸੀ ਜਗ੍ਹਾ 'ਤੇ ਜ਼ਿਲ੍ਹਾ ਕਚਹਿਰੀ ਨੇੜੇ ਨਾਕਾਬੰਦੀ ਕਰਕੇ ਕਾਰ ਸਵਾਰ ਦੋਵਾਂ ਕਥਿਤ ਦੋਸ਼ੀਆਂ ਨੂੰ ਗਿ੍ਫ਼ਤਾਰ ਕਰ ਲਿਆ ਤੇ ਇਨ੍ਹਾਂ ਦੇ ਕਬਜ਼ੇ ਵਿਚੋਂ ਪੁਲਿਸ ਨੇ ਵੱਖ-ਵੱਖ ਨਾਮਾਂ ਨਾਲ ਬਣਾਏ ਜਾਅਲੀ 7 ਆਧਾਰ ਕਾਰਡ, 2 ਜਾਅਲੀ ਸ਼ਨਾਖ਼ਤੀ ਕਾਰਡ, ਜਾਅਲੀ ਮੋਹਰਾਂ, ਫਰਦਾਂ, ਚਾਰ ਮੋਬਾਈਲ ਫੋਨ ਤੇ ਹੋਰ ਕਾਗ਼ਜ਼ਾਤ ਬਰਾਮਦ ਕੀਤੇ ਹਨ | ਪੁਲਿਸ ਵਲੋਂ ਇਨ੍ਹਾਂ ਵਿਅਕਤੀਆਂ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਪੁੱਛਗਿੱਛ ਦੌਰਾਨ ਹੋਰ ਵੀ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ |