ਨਡਾਲਾ, 17 ਅਕਤੂਬਰ (ਰਘਬਿੰਦਰ ਸਿੰਘ)-ਨਡਾਲਾ ਚੌਕ ਤੋਂ ਨਿਕਲਦੀਆਂ ਚਾਰੇ ਪ੍ਰਮੁੱਖ ਸੜਕਾਂ 'ਤੇ ਦੁਕਾਨਦਾਰਾਂ ਤੇ ਰੇਹੜੀ ਫੜੀ ਵਾਲਿਆਂ ਵਲੋਂ ਕੀਤੇ ਸੜਕਾਂ 'ਤੇ ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਪੁਲਿਸ ਤੇ ਸਿਵਲ ਪ੍ਰਸ਼ਾਸਨ ਨੇ ਅੱਜ ਸਖ਼ਤੀ ਵਰਤਦਿਆਂ ਇਕ ਮੁਹਿੰਮ ਚਲਾਈ ਤੇ ਦੁਕਾਨਦਾਰਾਂ ਤੇ ਰੇਹੜੀ ਫੜੀ ਵਾਲਿਆਂ ਵੱਲੋਂ ਸੜਕ ਕੰਢੇ ਕੀਤੇ ਨਜਾਇਜ਼ ਕਬਜ਼ਿਆਂ ਨੂੰ ਹਟਾਇਆ ਤੇ ਸਮਾਨ ਵੀ ਜ਼ਬਤ ਕੀਤਾ | ਇਸ ਮੌਕੇ ਉਕਤ ਦੁਕਾਨਦਾਰ, ਰੇਹੜੀ ਫੜੀ ਵਾਲਿਆਂ ਨੂੰ ਹਦਾਇਤ ਕੀਤੀ ਕਿ ਸੜਕਾਂ ਤੇ ਲੋਕਾਂ ਦੀ ਸਹੂਲਤ ਲਈ ਬਣਾਏ ਫੁੱਟਪਾਥਾਂ 'ਤੇ ਉਹ ਨਜਾਇਜ਼ ਕਬਜ਼ੇ ਛੱਡ ਦੇਣ ਨਹੀਂ ਤਾਂ ਪ੍ਰਸ਼ਾਸਨ ਬਣਦੀ ਕਾਰਵਾਈ ਕਰੇਗਾ | ਇਸ ਸਬੰਧੀ ਗੱਲਬਾਤ ਕਰਦਿਆਂ ਸੈਨੇਟਰੀ ਇੰਸਪੈਕਟਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਨਗਰ ਪੰਚਾਇਤ ਨਡਾਲਾ ਦੇ ਪ੍ਰਧਾਨ ਬਲਜੀਤ ਕੌਰ ਵਾਲੀਆ, ਈ.ਓ. ਬਲਜੀਤ ਸਿੰਘ ਦੇ ਦਿਸ਼ਾ ਨਿਰਦੇਸ਼ ਤੇ ਲੋਕਾਂ ਨੂੰ ਮੁੜ ਅਨਾਉਂਸਮੈਂਟ ਜ਼ਰੀਏ ਸੁਚੇਤ ਕੀਤਾ ਜਾਵੇਗਾ, ਜੇਕਰ ਫਿਰ ਵੀ ਦੁਕਾਨਦਾਰਾ ਵਲੋਂ ਸੜਕ ਕਿਨਾਰੇ ਤੇ ਗੁਰਦੁਆਰਾ ਬਾਉਲੀ ਸਾਹਿਬ ਰੋਡ 'ਤੇ ਕੀਤੇ ਕਬਜ਼ੇ ਨਾ ਛੱਡੇ ਤਾਂ ਦੁਕਾਨਦਾਰਾ ਵਲੋਂ ਹੱਦ ਤੋਂ ਬਾਹਰ ਰੱਖਿਆ ਸਮਾਨ ਜ਼ਬਤ ਕਰ ਲਿਆ ਜਾਵੇਗਾ ਤੇ ਚਲਾਨ ਵੀ ਕੀਤੇ ਜਾਣਗੇ | ਇੱਥੇ ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪ੍ਰਧਾਨ ਹਰਜਿੰਦਰ ਸਿੰਘ ਸਾਹੀ ਦੀ ਅਗਵਾਈ ਹੇਠ ਕਿਸਾਨਾਂ ਦਾ ਇੱਕ ਵਫ਼ਦ ਨਗਰ ਦੇ ਪ੍ਰਧਾਨ ਬਲਜੀਤ ਕੌਰ ਵਾਲੀਆ ਨੂੰ ਮਿਲਿਆ ਸੀ ਤੇ ਇਸ ਦੇ ਹੱਲ ਲਈ ਇਕ ਮੰਗ-ਪੱਤਰ ਵੀ ਦਿੱਤਾ ਗਿਆ, ਜਿਸ ਦੇ ਚੱਲਦਿਆਂ ਅੱਜ ਇਹ ਕਾਰਵਾਈ ਅਮਲ ਵਿਚ ਲਿਆਂਦੀ ਗਈ | ਇਸ ਮੌਕੇ ਚੌਂਕੀ ਇੰਚਾਰਜ ਨਡਾਲਾ ਬਲਜਿੰਦਰ ਸਿੰਘ, ਸੀ.ਐਫ ਮਨੋਜ ਕੁਮਾਰ, ਹਰਪ੍ਰੀਤ ਸਿੰਘ ਵਿਕਾਸ ਸ਼ਰਮਾ ਤੇ ਸਮੂਹ ਸਫ਼ਾਈ ਕਰਮਚਾਰੀ ਮੌਜੂਦ ਸਨ |