ਕਪੂਰਥਲਾ, 17 ਅਕਤੂਬਰ (ਅਮਰਜੀਤ ਕੋਮਲ)-ਡਾ. ਜਗਜੀਤ ਸਿੰਘ ਨੇ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਕਪੂਰਥਲਾ ਦਾ ਵਾਧੂ ਚਾਰਜ ਸੰਭਾਲ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ | ਇੱਥੇ ਵਰਨਣਯੋਗ ਹੈ ਕਿ ਕੁੱਝ ਸਮਾਂ ਪਹਿਲਾਂ ਉਨ੍ਹਾਂ ਦਾ ਤਬਾਦਲਾ ਕਪੂਰਥਲਾ ਤੋਂ ਅੰਮਿ੍ਤਸਰ ਕਰ ਦਿੱਤਾ ਗਿਆ ਸੀ ਪਰ ਜ਼ਿਲ੍ਹੇ ਵਿਚ ਸਹਿਕਾਰੀ ਸਭਾਵਾਂ ਦਾ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਕਾਰਨ ਉਨ੍ਹਾਂ ਨੂੰ ਮੁੜ ਕਪੂਰਥਲਾ ਜ਼ਿਲ੍ਹੇ ਦੇ ਡਿਪਟੀ ਰਜਿਸਟਰਾਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ | ਵਾਧੂ ਚਾਰਜ ਸੰਭਾਲਣ ਤੋਂ ਬਾਅਦ ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਕਿਸੇ ਵੀ ਸਹਿਕਾਰੀ ਸਭਾ ਦੇ ਮੈਂਬਰਾਂ ਨੂੰ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਤੋਂ ਵਾਂਝੇ ਨਹੀਂ ਰੱਖਿਆ ਜਾਵੇਗਾ | ਡਾ. ਜਗਜੀਤ ਸਿੰਘ ਨੇ ਕਿਹਾ ਕਿ ਸਹਿਕਾਰੀ ਸਭਾਵਾਂ ਦੇ ਮੁਲਾਜ਼ਮ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾ ਰਹੇ ਹਨ | ਉਨ੍ਹਾਂ ਸਪੱਸ਼ਟ ਕੀਤਾ ਕਿ ਜ਼ਿਲ੍ਹੇ ਵਿਚ ਡੀ.ਏ.ਪੀ. ਖ਼ਾਦ ਦੀ ਕੋਈ ਕਮੀ ਨਹੀਂ ਕੇਵਲ ਸੰਜਮ ਰੱਖਣ ਦੀ ਲੋੜ ਹੈ ਤੇ ਕਿਸਾਨਾਂ ਨੂੰ ਆਪਣੀ ਲੋੜ ਅਨੁਸਾਰ ਹੀ ਡੀ.ਏ.ਪੀ. ਖਾਦ ਲੈਣੀ ਚਾਹੀਦੀ ਹੈ, ਕਿਸੇ ਨੂੰ ਸਟੋਰ ਨਹੀਂ ਕਰਨਾ ਚਾਹੀਦਾ | ਉਨ੍ਹਾਂ ਕਿਸਾਨਾਂ ਨੂੰ ਟੀ.ਐਸ.ਪੀ. ਖਾਦ ਵੀ ਨਿਰਸੰਕੋਚ ਹੋ ਕੇ ਵਰਤਣ ਦੀ ਸਲਾਹ ਦਿੱਤੀ ਤੇ ਕਿਹਾ ਕਿ ਟੀ.ਐਸ.ਪੀ. ਦੇ ਇਕ ਬੋਰੇ ਨਾਲ 18.20 ਕਿੱਲੋ ਯੂਰੀਆ ਪਾਉਣ ਨਾਲ ਇਹ ਪੂਰੀ ਤਰ੍ਹਾਂ ਡੀ.ਏ.ਪੀ. ਖ਼ਾਦ ਵਾਂਗ ਅਸਰ ਕਰਦੀ ਹੈ | ਇਸਤੋਂ ਪਹਿਲਾਂ ਸਹਾਇਕ ਰਜਿਸਟਰਾਰ ਕਪੂਰਥਲਾ ਗੁਰਯਾਦਵਿੰਦਰ ਸਿੰਘ, ਸੰਦੀਪ ਸਿੰਘ ਪੀ.ਏ, ਮਨਮੀਤ ਸਿੰਘ, ਇੰਦਰਬੀਰ ਸਿੰਘ, ਜੋਬਨਦੀਪ ਸਿੰਘ, ਅਮਨਪ੍ਰੀਤ ਸਿੰਘ (ਸਾਰੇ ਨਿਰੀਖਕ), ਬਿਕਰਮਜੀਤ ਸਿੰਘ ਮੈਨੇਜਰ, ਨਿਰਮਲਜੀਤ ਸਿੰਘ ਤਲਵੰਡੀ ਚੌਧਰੀਆਂ, ਕੁਲਬੀਰ ਸਿੰਘ ਵਲਨੀ, ਬਲਵਿੰਦਰ ਸਿੰਘ ਭਾਣੋਲੰਗਾ, ਭਰਤ ਭੂਸ਼ਣ ਸੀਨੀਅਰ ਸਹਾਇਕ ਤੇ ਹੋਰ ਮੁਲਾਜ਼ਮਾਂ ਨੇ ਡਾ. ਜਗਜੀਤ ਸਿੰਘ ਦੇ ਡਿਪਟੀ ਰਜਿਸਟਰਾਰ ਦਾ ਵਾਧੂ ਚਾਰਜ ਸੰਭਾਲਣ 'ਤੇ ਉਨ੍ਹਾਂ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਜੀ ਆਇਆਂ ਕਿਹਾ ਤੇ ਪਹਿਲਾਂ ਦੀ ਤਰ੍ਹਾਂ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ |