ਭੁਲੱਥ, 21 ਜੁਲਾਈ (ਮਨਜੀਤ ਸਿੰਘ ਰਤਨ)- ਅਕਾਲ ਅਕੈਡਮੀ ਰਾਏਪੁਰ ਪੀਰ ਬਖ਼ਸ਼ਵਾਲਾ ਵਿਚ ਬੂਟੇ ਲਗਾਉਣ ਮੁਹਿੰਮ ਚਲਾਈ ਗਈ | ਇਸ ਮੁਹਿੰਮ ਦਾ ਮਕਸਦ ਲੋਕਾਂ ਵਿਚ ਵਾਤਾਵਰਨ ਸੰਭਾਲ ਬਾਰੇ ਜਾਗਰੂਕਤਾ ਫੈਲਾਉਣਾ ਅਤੇ ਆਸਪਾਸ ਹਰਾ-ਭਰਾ ਵਾਤਾਵਰਨ ਬਣਾਉਣਾ ਸੀ | ਇਸ ਮੁਹਿੰਮ ਦੀ ਸ਼ੁਰੂਆਤ ਸਵੇਰੇ ਦੀ ਵਿਸ਼ੇਸ਼ ਅਸੈਂਬਲੀ ਨਾਲ ਕੀਤੀ ਗਈ | ਅਸੈਂਬਲੀ ਵਿਚ ਵਿਦਿਆਰਥੀਆਂ ਵੱਲੋਂ ਭਾਸ਼ਣ ਦਿੱਤੇ ਗਏ ਤੇ ਪ੍ਰੇਰਣਾਦਾਇਕ ਵਿਚਾਰ ਸਾਂਝੇ ਕੀਤੇ ਗਏ | ਇਸ ਮੌਕੇ ਪਿ੍ੰਸੀਪਲ ਵੱਲੋਂ ਰੁੱਖ ਲਗਾਉਣ ਦੀ ਲੋੜ ਅਤੇ ਖ਼ਾਸ ਕਰ ਕੇ ਵਾਤਾਵਰਨ ਦੇ ਬਦਲਾਅ ਤੇ ਪ੍ਰਦੂਸ਼ਣ ਦੇ ਸੰਦਰਭ 'ਚ ਚਾਨਣ ਪਾਇਆ ਗਿਆ | ਇਸ ਤੋਂ ਬਾਅਦ ਸਾਰੇ ਕਲਾਸਾਂ ਦੇ ਵਿਦਿਆਰਥੀਆਂ ਵਲੋਂ ਅਧਿਆਪਕਾਂ ਦੀ ਅਗਵਾਈ ਹੇਠ ਸਕੂਲ ਦੇ ਆਲੇ-ਦੁਆਲੇ ਨਰਸਰੀ ਤੇ ਨੀਮ, ਅੰਬ, ਗੁਲਮੋਹਰ ਤੇ ਅਸ਼ੋਕ ਵਰਗੇ ਵੱਖ-ਵੱਖ ਬੂਟੇ ਲਗਾਏ ਗਏ ਅਤੇ ਅਧਿਆਪਕਾਂ ਵਲੋਂ ਹਰ ਕਲਾਸ ਨੂੰ ਇੱਕ ਖ਼ਾਸ ਇਲਾਕਾ ਦਿੱਤਾ ਗਿਆ ਜਿਸ ਦੀ ਦੇਖਭਾਲ ਉਨ੍ਹਾਂ ਨੇ ਕਰਨੀ ਸੀ |