ਫਗਵਾੜਾ, 21 ਜੁਲਾਈ (ਹਰਜੋਤ ਸਿੰਘ ਚਾਨਾ)- ਲਘੂ ਉਦਯੋਗ ਭਾਰਤੀ ਦੀ ਮੀਟਿੰਗ ਸੰਗਠਨ ਦੇ ਸ਼ਾਖਾ ਪ੍ਰਧਾਨ ਆਈ.ਪੀ. ਖੁਰਾਨਾ ਦੀ ਪ੍ਰਧਾਨਗੀ ਹੇਠ ਹੋਈ ਜਿਸ 'ਚ ਮਹਿਮਾਨਾਂ ਵਜੋਂ ਆਏ ਬੁਲਾਰਿਆਂ ਨੇ ਦੋ ਸੈਸ਼ਨਾਂ 'ਚ ਪਾਣੀ ਪ੍ਰਬੰਧਨ ਤੇ ਮੀਂਹ ਦੇ ਪਾਣੀ ਦੀ ਸੰਭਾਲ ਤੇ ਸਰਕਾਰ ਦੀ ਲੀਨ ਸਕੀਮ ਬਾਰੇ ਜਾਣਕਾਰੀ ਦਿੱਤੀ | ਪਾਣੀ ਪ੍ਰਬੰਧਨ ਤੇ ਮੀਂਹ ਦੇ ਪਾਣੀ ਦੀ ਸੰਭਾਲ 'ਤੇ ਭਾਸ਼ਣ ਦਿੰਦੇ ਹੋਏ ਖੇਤੀਬਾੜੀ ਢਾਂਚੇ ਤੇ ਵਾਤਾਵਰਣ ਪ੍ਰਬੰਧਨ 'ਚ ਪਲਾਸਟਿਕ ਇੰਜੀਨੀਅਰਿੰਗ 'ਤੇ ਆਲ ਇੰਡੀਆ ਕੋਆਰਡੀਨੇਟਰ ਰਿਸਰਚ ਪ੍ਰੋਜੈਕਟ ਦੇ ਕੋਆਰਡੀਨੇਟਰ ਡਾ. ਰਾਕੇਸ਼ ਸ਼ਾਰਦਾ ਨੇ ਦੱਸਿਆ ਕਿ ਮੀਂਹ ਦੇ ਪਾਣੀ ਨੂੰ ਸਟੋਰ ਕਰਕੇ ਕਿਵੇਂ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਵਧਾਇਆ ਤੇ ਪਾਣੀ ਦੇ ਸੰਕਟ ਨੂੰ ਘਟਾਇਆ ਜਾ ਸਕਦਾ ਹੈ | ਉਨ੍ਹਾਂ ਪਾਣੀ ਦੀ ਸੰਭਾਲ ਦੀ ਮਹੱਤਤਾ ਤੇ ਪਾਣੀ ਦੀ ਬਰਬਾਦੀ ਨੂੰ ਰੋਕਣ ਦੇ ਤਰੀਕਿਆਂ 'ਤੇ ਚਾਨਣਾ ਪਾਇਆ | ਇਸੇ ਤਰ੍ਹਾਂ ਐਮ.ਐਸ.ਐਮ.ਈ. ਪ੍ਰਤੀਯੋਗੀ ਲੀਨ ਸਕੀਮ ਅਧੀਨ ਵਿਸ਼ੇਸ਼ ਸੈਸ਼ਨ ਦੌਰਾਨ ਅਮਿਤ ਕੁਮਾਰ ਮਮਗਈ ਨੇ ਲੀਨ ਮੈਨੂਫੈਕਚਰਿੰਗ ਦੇ ਵੱਖ-ਵੱਖ ਪਹਿਲੂਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਤੇ ਦੱਸਿਆ ਕਿ ਇਸ ਲੀਨ ਪ੍ਰੋਜੈਕਟ ਲਈ ਸਰਕਾਰ ਵਲੋਂ 90 ਪ੍ਰਤੀਸ਼ਤ ਸਬਸਿਡੀ ਦਿੱਤੀ ਜਾ ਰਹੀ ਹੈ | ਪ੍ਰੋਜੈਕਟ ਦੀ ਕੁੱਲ ਲਾਗਤ 1 ਲੱਖ 20 ਹਜ਼ਾਰ ਰੁਪਏ ਹੈ ਜਿਸ ਵਿਚੋਂ ਸਿਰਫ਼ 12 ਹਜ਼ਾਰ ਰੁਪਏ (10 ਪ੍ਰਤੀਸ਼ਤ) ਦਾ ਭੁਗਤਾਨ ਕਰਨਾ ਪਵੇਗਾ | ਉਨ੍ਹਾਂ ਦੀ ਟੀਮ 18 ਮਹੀਨਿਆਂ ਲਈ ਫ਼ੈਕਟਰੀਆਂ ਦਾ ਦੌਰਾ ਕਰੇਗੀ ਤੇ ਸਟਾਫ਼, ਲੇਬਰ ਤੇ ਪ੍ਰਸ਼ਾਸਕੀ ਕਮੇਟੀਆਂ ਨੂੰ ਲੀਨ ਤਕਨਾਲੋਜੀ ਬਾਰੇ ਸਿਖਲਾਈ ਦੇਵੇਗੀ | ਇਸ ਨਾਲ ਕੰਮ 'ਚ ਸੁਧਾਰ ਤੇ ਕੁਸ਼ਲਤਾ ਵਧਾਉਣ 'ਚ ਮਦਦ ਮਿਲੇਗੀ | ਲਘੂ ਉਦਯੋਗ ਭਾਰਤੀ ਦੇ ਸਾਬਕਾ ਪ੍ਰਧਾਨ ਪੰਕਜ ਗੌਤਮ ਨੇ ਸਾਰੇ ਫ਼ੈਕਟਰੀ ਮਾਲਕਾਂ ਵੱਲੋਂ ਡਾ. ਸ਼ਾਰਦਾ ਤੇ ਮਮਗਈ ਦਾ ਧੰਨਵਾਦ ਕੀਤਾ | ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਅਸ਼ੋਕ ਸੇਠੀ, ਅਰਵਿੰਦ ਬੱਗਾ, ਚੰਦਰ ਗੁਪਤਾ, ਪਵਨ ਕਾਲੜਾ, ਪਰਮਿੰਦਰ ਸਿੰਘ ਕੁੰਦੀ, ਸੁਮਿਤ ਸ਼ਰਮਾ, ਰਜਿੰਦਰ ਸੋਂਧੀ, ਸੁਬੋਧ ਸੋਬਤੀ, ਗੌਰਵ ਹਾਂਡਾ, ਸ੍ਰੀਮਤੀ ਈਸ਼ੂ ਠਾਕੁਰ, ਡਿੰਪੀ ਚੋਪੜਾ, ਅਲੋਕ ਸੇਠੀ ਤੇ ਕਰਨ ਸੇਠੀ ਹਾਜ਼ਰ ਸਨ |