ਕਾਲਾ ਸੰਘਿਆਂ, 19 ਜੁਲਾਈ (ਬਲਜੀਤ ਸਿੰਘ ਸੰਘਾ)- ਸੱਤਾਧਾਰੀ ਸਰਕਾਰ ਦੇ ਮੰਤਰੀਆਂ ਅਤੇ ਖ਼ੁਦ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਈ ਵਾਰ ਸਟੇਜਾਂ ਤੋਂ ਤੇ ਮੀਡੀਆ ਸਾਹਮਣੇ ਇਹ ਕਹਿੰਦੇ ਸੁਣਿਆ ਕਿ ਸਾਡੀ ਸਰਕਾਰ ਪੰਜਾਬ ਦੇ ਵਾਤਾਵਰਨ, ਪਾਣੀ ਤੇ ਧਰਤੀ ਨੂੰ ਸੰਭਾਲਣ ਲਈ ਸੰਜੀਦਾ ਹੈ ਪਰ ਜ਼ਮੀਨੀ ਪੱਧਰ 'ਤੇ ਹਾਲੇ ਤੱਕ ਅਜਿਹਾ ਵੇਖਣ ਨੂੰ ਨਹੀਂ ਮਿਲ ਰਿਹਾ ਕਿਉਂਕਿ ਕਾਲ਼ਾ ਸੰਘਿਆਂ ਇਲਾਕੇ ਦੇ ਲੋਕਾਂ ਵੱਲੋਂ ਜਿੱਥੇ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਵੰਡਦੀ ਕਾਲਾ ਸੰਘਿਆਂ ਡਰੇਨ ਨੂੰ ਬੰਦ ਕਰਵਾਉਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ ਉੱਥੇ ਹੀ ਸਮਾਜ ਸੇਵੀ ਸੰਸਥਾਵਾਂ ਤੇ ਸਰਕਾਰ ਵੱਲੋਂ ਵਾਤਾਵਰਨ ਦੀ ਸ਼ੁੱਧਤਾ ਲਈ ਸੂਬੇ ਵਿਚ ਵਿੱਢੀ ਬੂਟੇ ਲਗਾਉਣ ਦੀ ਮੁਹਿੰਮ ਨੂੰ ਗੁਜ਼ਰਾਂ ਦੇ ਸੜਕਾਂ ਕਿਨਾਰੇ ਖੁੱਲ੍ਹੇ ਘੁੰਮਦੇ ਪਸ਼ੂ ਬੂਰੀ ਤਰ੍ਹਾਂ ਮਲੀਆ ਮੇਟ ਕਰ ਰਹੇ ਹਨ ਪਰ ਜ਼ਿਲ੍ਹਾ ਪ੍ਰਸ਼ਾਸਨ ਦਾ ਇਸ ਪਾਸੇ ਵੱਲ ਕੋਈ ਧਿਆਨ ਤੱਕ ਨਹੀਂ | ਸਰਕਾਰ ਦੀ ਬੂਟੇ ਲਗਾਉਣ ਦੀ ਮੁਹਿੰਮ ਨੂੰ ਢਾਹ ਲੱਗਦੀ ਵੇਖ ਪਿਛਲੇ ਦਿਨੀਂ ਇਲਾਕੇ ਦੇ ਲੋਕਾਂ ਵੱਲੋਂ ਗੁਜ਼ਾਰਾਂ ਦੇ ਪਸ਼ੂਆਂ ਨੂੰ ਖੁਲ੍ਹੇਆਮ ਚਾਰਨ ਨੂੰ ਬੰਦ ਕਰਵਾਉਣ ਲਈ ਜ਼ਿਲ੍ਹਾ ਸਿਵਲ ਪ੍ਰਸ਼ਾਸਨ ਨੂੰ ਲਿਖਤੀ ਰੂਪ ਵਿਚ ਮੰਗ ਪੱਤਰ ਵੀ ਦਿੱਤਾ ਗਿਆ ਪਰ ਪ੍ਰਸ਼ਾਸਨ ਦੇ ਕੰਨ ਤੇ ਜੂੰ ਤੱਕ ਨਹੀਂ ਸਰਕੀ ਤੇ ਰੱਜ ਕੇ ਢਿੱਲ ਵਿਖਾਈ ਗਈ ਹੈ | ਇਹ ਪਸ਼ੂ ਸੜਕਾਂ ਕਿਨਾਰੇ ਲੱਗੇ ਬੂਟਿਆਂ ਅਤੇ ਛੋਟੇ ਛੋਟੇ ਰੁੱਖਾਂ ਦਾ ਉਜਾੜਾ ਕਰਦੇ ਹਨ ਤੇ ਇਹਨਾਂ ਖੁੱਲ੍ਹੇ ਪਸ਼ੂਆਂ ਨਾਲ ਮੇਨ ਸੜਕਾਂ ਜਾਂ ਬਾਜ਼ਾਰਾਂ ਵਿਚ ਲੰਮਾ ਸਮਾਂ ਟ੍ਰੈਫਿਕ ਵੀ ਜਾਮ ਹੁੰਦਾ ਹੈ ਅਤੇ ਕਈ ਵਾਰ ਤਾਂ ਇਹਨਾਂ ਪਸ਼ੂਆਂ ਕਾਰਨ ਭਿਆਨਕ ਸੜਕੀ ਹਾਦਸੇ ਵੀ ਵਾਪਰਦੇ ਹਨ | ਪਸ਼ੂਆਂ ਵੱਲੋਂ ਸੜਕਾਂ 'ਤੇ ਕੀਤਾ ਗੋਹਾ ਵਾਹਨਾਂ ਦੇ ਟਾਇਰਾਂ ਨਾਲ ਲੋਕਾਂ ਦੇ ਸਿਰਾਂ ਵਿਚ ਪੈਦਾ ਹੈ ਅਤੇ ਕਈ ਇਹ ਲੜਾਈਆਂ ਦਾ ਕਾਰਨ ਵੀ ਬਣਦਾ ਹੈ | ਇਲਾਕੇ ਦੇ ਲੋਕਾਂ ਨੇ ਪਹਿਲਾਂ ਇਸ ਸੰਬੰਧੀ ਕਈ ਵੇਰ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤਾ ਹੈ ਪਰ ਕਦੇ ਕੋਈ ਠੋਸ ਕਾਰਵਾਈ ਨਹੀਂ ਹੋਈ | ਉਨ੍ਹਾਂ ਕਿਹਾ ਬੂਟੇ ਲਗਾਉਣੇ ਤੇ ਪਾਲਣੇ ਬੜੇ ਔਖੇ ਹਨ ਜਿਸ ਲਈ ਸਭ ਨੂੰ ਬੂਟੇ ਸਾਂਭਣ ਲਈ ਰਲ-ਮਿਲ ਸਹਿਯੋਗ ਕਰਨਾ ਚਾਹੀਦਾ ਹੈ |