ਕਪੂਰਥਲਾ, 19 ਜੁਲਾਈ (ਅਮਨਜੋਤ ਸਿੰਘ ਵਾਲੀਆ)- ਸਨਿਚਰਵਾਰ ਸਵੇਰੇ ਧਾਰੀਵਾਲ ਦੋਨਾਂ ਦੇ ਸ਼ਮਸ਼ਾਨ ਘਾਟ ਵਿਚ ਭੇਦਭਰੀ ਹਾਲਤ ਵਿਚ ਇੱਕ ਵਿਅਕਤੀ ਦੀ ਲਟਕਦੀ ਲਾਸ਼ ਮਿਲਣ ਨਾਲ ਪਿੰਡ ਵਿਚ ਦਹਿਸ਼ਤ ਫੈਲ ਗਈ | ਮਿ੍ਤਕ ਨੌਜਵਾਨ ਦੀ ਪਹਿਚਾਣ ਅਜੇ ਕੁਮਾਰ ਪੁੱਤਰ ਸੁਰਜੀਤ ਰਾਮ ਵਾਸੀ ਧਾਰੀਵਾਲ ਦੋਨਾਂ ਵਜੋਂ ਹੋਈ ਹੈ | ਮਿ੍ਤਕ ਦੇ ਭਰਾ ਗੋਬਿੰਦ ਨੇ ਦੋਸ਼ ਲਗਾਇਆ ਕਿ ਉਸ ਦਾ ਭਰਾ ਦੁਬਈ ਵਿਚ ਕੰਮ ਕਰਦਾ ਸੀ ਤੇ ਸੱਤ ਅੱਠ ਮਹੀਨੇ ਪਹਿਲਾਂ ਹੀ ਉਹ ਵਾਪਸ ਆਇਆ ਸੀ ਪਰ ਉਸ ਦੀ ਪਤਨੀ ਕਿਸੇ ਨਾਲ ਕਥਿਤ ਤੌਰ 'ਤੇ ਭੱਜ ਗਈ ਤੇ ਇਸ ਦਾ ਸਾਰਾ ਗਹਿਣੇ ਤੇ ਰੁਪਏ ਲੈ ਕੇ ਵੀ ਫ਼ਰਾਰ ਹੋ ਗਈ | ਉਸ ਨੇ ਕਿਹਾ ਕਿ ਉਸ ਦੇ ਭਰਾ ਨੇ ਖ਼ੁਦਕੁਸ਼ੀ ਨਹੀਂ ਕੀਤੀ ਉਸ ਨੂੰ ਮਾਰ ਕੇ ਟੰਗਿਆ ਗਿਆ ਹੈ | ਪਿੰਡ ਦੇ ਸਰਪੰਚ ਸਰਦੂਲ ਸਿੰਘ ਨੇ ਦੱਸਿਆ ਕਿ ਇਹਨਾਂ ਦੀ ਆਪਸੀ ਲੜਾਈ ਚੱਲਦੀ ਪਈ ਸੀ ਜਿਸ ਕਰਕੇ ਅਜੇ ਕੁਮਾਰ ਕਾਫ਼ੀ ਪਰੇਸ਼ਾਨ ਸੀ | ਦੂਜੇ ਪਾਸੇ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੇ ਸਾਇੰਸ ਸਿਟੀ ਚੌਕੀ ਦੇ ਇੰਚਾਰਜ ਪੂਰਨ ਚੰਦ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਦੇ ਵਿਅਕਤੀ ਨੇ ਸ਼ਮਸ਼ਾਨ ਘਾਟ ਵਿਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ ਜਿਸ 'ਤੇ ਉਹ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਤਾਂ ਮਿ੍ਤਕ ਵਿਅਕਤੀ ਨੂੰ ਪਹਿਲਾਂ ਹੀ ਹੇਠਾਂ ਉਤਾਰ ਲਿਆ ਗਿਆ ਸੀ, ਜਿਸ 'ਤੇ ਉਨ੍ਹਾਂ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮੁਰਦਾ ਘਰ ਵਿਚ ਰਖਵਾ ਦਿੱਤਾ ਹੈ | ਉਨ੍ਹਾਂ ਕਿਹਾ ਕਿ ਪਰਿਵਾਰ ਵੱਲੋਂ ਜੋ ਵੀ ਬਿਆਨ ਦਿੱਤੇ ਜਾਣਗੇ, ਉਸ ਦੇ ਆਧਾਰ 'ਤੇ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ | ਜ਼ਿਕਰਯੋਗ ਹੈ ਕਿ ਮਿ੍ਤਕ ਵਿਅਕਤੀ ਦੇ ਦੋ ਬੱਚੇ ਵੀ ਹਨ |